ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਲਈ 4% DA ਬਾਰੇ ਸੋਸ਼ਲ ਮੀਡੀਆ ‘ਤੇ ਪੋਸਟਾਂ ਵਾਇਰਲ! ਜਾਣੋ ਕੀ ਹੈ ਸਚਾਈ
ਮੀਡੀਆ ਪੀਬੀਐਨ, ਚੰਡੀਗੜ੍ਹ
ਪੰਜਾਬ ਸਰਕਾਰ ਜਿੱਥੇ ਮੁਲਾਜ਼ਮ ਵਰਗ ਦੇ ਲਈ ਪਿਛਲੇ ਲੰਬੇ ਸਮੇਂ ਤੋਂ ਕੋਈ ਵੱਡਾ ਐਲਾਨ ਨਹੀਂ ਕਰ ਸਕੀ, ਉਥੇ ਹੀ ਦੂਜੇ ਪਾਸੇ ਸਰਕਾਰ ਦੇ ਕੁਝ “ਚਹੇਤਿਆਂ ਅਤੇ ਫੀਲਿਆਂ” ਦੇ ਵੱਲੋਂ ਤਿਆਰ ਕੀਤੇ ਹੋਏ ਜਾਅਲੀ WhatsApp ਅਤੇ ਟੈਲੀਗਰਾਮ ਚੈਨਲਾਂ ਰਾਹੀਂ ਗੁਮਰਾਹਕੁੰਨ ਪ੍ਰਚਾਰ ਕੀਤਾ ਜਾ ਰਿਹਾ ਹੈ।
ਤਾਜਾ ਜਾਣਕਾਰੀ ਦੇ ਮੁਤਾਬਿਕ, ਪੰਜਾਬ ਦਾ ਮੁਲਾਜ਼ਮ ਵਰਗ ਇਸ ਵੇਲੇ ਦਿਵਾਲੀ ਬੋਨਸ ਅਤੇ ਡੀਏ ਵਿੱਚ ਵਾਧੇ ਦੀ ਮੰਗ ਨੂੰ ਲੈ ਕੇ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਿਹਾ ਹੈ, ਪਰ ਸਰਕਾਰ ਮੁਲਾਜ਼ਮ ਵਰਗ ਦੀ ਇਹ ਮੰਗ ਮੰਨਣ ਨੂੰ ਤਿਆਰ ਨਹੀਂ ਜਾਪ ਰਹੀ।
ਦੱਸ ਦਈਏ ਕਿ 31 ਅਕਤੂਬਰ ਨੂੰ ਪੰਜਾਬ ਵਿੱਚ ਦਿਵਾਲੀ ਦਾ ਤਿਉਹਾਰ ਮਨਾਇਆ ਜਾਣਾ ਹੈ, ਉਸ ਤੋਂ ਠੀਕ ਇੱਕ ਦਿਨ ਪਹਿਲਾਂ ਯਾਨੀ ਕਿ ਅੱਜ 30 ਅਕਤੂਬਰ ਨੂੰ ਸੋਸ਼ਲ ਮੀਡੀਆ ਤੇ ਸਰਕਾਰ ਦੇ “ਫੀਲਿਆਂ ਅਤੇ ਚਹੇਤਿਆਂ” ਵੱਲੋਂ ਗੁਮਰਾਹਕੁਨ ਮੈਸੇਜ ਵਾਇਰਲ ਕੀਤਾ ਜਾ ਰਿਹਾ ਹੈ, ਜਿਸ ਵਿੱਚ ਲਿਖਿਆ ਗਿਆ ਹੈ ਕਿ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 4% ਡੀਏ ਦੀ ਮਨਜ਼ੂਰੀ ਵਿੱਤ ਵਿਭਾਗ ਅਤੇ ਚੀਫ ਸੈਕਟਰੀ ਵੱਲੋਂ ਦੇ ਦਿੱਤੀ ਗਈ ਹੈ, ਮੁੱਖ ਮੰਤਰੀ ਦੇ ਹਸਤਾਖਰਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।
ਹਾਲਾਂਕਿ ਉਕਤ ਜਾਣਕਾਰੀ ਸਰਕਾਰ ਦੇ ਇਹਨਾਂ ਫੀਲਿਆਂ ਅਤੇ ਚਹੇਤਿਆਂ ਕੋਲ ਜਾਂ ਫਿਰ WhatsApp ਅਤੇ ਟੈਲੀਗਰਾਮ ‘ਤੇ ਵਾਇਰਲ ਕਰਨ ਵਾਲਿਆਂ ਨੂੰ ਕਿੱਥੋਂ ਪ੍ਰਾਪਤ ਹੋਈ, ਇਸ ਦਾ ਕੋਈ ਵੀ ਪੱਕਾ ਸੋਰਸ ਨਹੀਂ ਦਿੱਤਾ ਜਾ ਰਿਹਾ। ਸੂਤਰ ਕੌਣ ਹਨ, ਇਸ ਬਾਰੇ ਉਕਤ ਚਹੇਤੇ ਅਤੇ ਫੀਲੇ ਦੱਸਣ ਵਿੱਚ ਨਕਾਮ ਸਾਬਤ ਹੋ ਰਹੇ ਹਨ।
ਦੱਸਣਾ ਬਣਦਾ ਹੈ ਕਿ, ਪਹਿਲਾਂ ਵੀ ਏਨਾਂ ਫੀਲਿਆਂ ਵੱਲੋਂ ਅਜਿਹੇ ਗੁਮਰਾਹਕੁਨ ਮੈਸੇਜ ਪ੍ਰਚਾਰਰੇ ਜਾਂਦੇ ਰਹੇ ਨੇ, ਪਰ ਇਹਨਾਂ ਦਾ ਅਸਰ ਬਾਅਦ ਵਿੱਚ ਮਾੜਾ ਹੀ ਨਿਕਲਦਾ ਹੈ, ਕਿਉਂਕਿ ਸਰਕਾਰ ਖੁਦ ਹੀ ਬਾਅਦ ਵਿੱਚ ਆ ਕੇ ਇਸ ਸਪਸ਼ਟ ਕਰ ਦਿੰਦੀ ਹੈ ਕਿ ਅਜਿਹਾ ਕੋਈ ਵੀ ਐਲਾਨ ਜਾਂ ਫਿਰ ਮੈਸੇਜ ਉਹਨਾਂ ਵੱਲੋਂ ਨਹੀਂ ਦਿੱਤਾ ਗਿਆ।
ਉਕਤ ਵਾਇਰਲ ਹੋ ਰਹੇ ਮੈਸੇਜ ਬਾਰੇ ਜਦੋਂ ਮੀਡੀਆ ਪੀਬੀਐਨ ਚੰਡੀਗੜ੍ਹ ਟੀਮ ਵੱਲੋਂ ਪੰਜਾਬ ਸਕੱਤਰੇਤ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਹਾਲ ਤੱਕ ਪੰਜਾਬ ਸਰਕਾਰ ਨੇ ਡੀਏ ਵਿੱਚ ਵਾਧੇ ਬਾਰੇ ਕੋਈ ਵੀ ਅਜਿਹਾ ਪੱਤਰ ਨਹੀਂ ਤਿਆਰ ਕੀਤਾ ਅਤੇ ਜੇਕਰ ਤਿਆਰ ਵੀ ਕੀਤਾ ਹੋਵੇ ਤਾਂ ਅਜਿਹੀ ਜਾਣਕਾਰੀ ਬਾਹਰ ਨਹੀਂ ਆਉਣ ਦਿੱਤੀ ਜਾਂਦੀ, ਕਿਉਂਕਿ ਅਜਿਹੇ ਮਾਮਲੇ ਬਹੁਤ ਹੀ ਸੀਕਰੇਟ ਰੱਖੇ ਜਾਂਦੇ ਹਨ ਅਤੇ ਅਜਿਹਾ ਮੈਸੇਜ ਵਾਇਰਲ ਕਰਨ ਤੋਂ ਪਹਿਲਾਂ ਕਈ ਵਾਰ ਸੋਚਿਆ ਜਾਂਦਾ ਹੈ।
ਸਕੱਤਰੇਤ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਵਾਇਰਲ ਹੋ ਰਿਹਾ ਮੈਸੇਜ ਬਿਲਕੁਲ ਫੇਕ ਹੈ, ਹਾਲੇ ਤੱਕ ਉਹਨਾਂ ਕੋਲ ਕੋਈ ਜਾਣਕਾਰੀ ਨਹੀਂ ਹੈ ਕਿ ਸਰਕਾਰ ਅਜਿਹਾ ਕੋਈ ਐਲਾਨ ਜਾਂ ਫਿਰ ਪੱਤਰ ਜਾਰੀ ਕਰ ਸਕਦੀ ਹੈ। ਉਹਨਾਂ ਕਿਹਾ ਕਿ ਜਦੋਂ ਤੱਕ ਖੁਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਾਂ ਫਿਰ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਕੋਈ ਜਾਣਕਾਰੀ ਜਾਂ ਫਿਰ ਆਪੋ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਕੋਈ ਪੋਸਟ ਨਹੀਂ ਪਾ ਦਿੰਦੇ, ਉਦੋਂ ਤੱਕ ਅਜਿਹੇ ਵਾਇਰਲ ਮੈਸੇਜ ਫੇਕ ਹੀ ਸਮਝੇ ਜਾਣ।