Punjab News: ਕਾਮਰੇਡਾਂ ਵੱਲੋਂ “ਵਨ ਨੇਸ਼ਨ-ਵਨ ਇਲੈਕਸ਼ਨ” ਖ਼ਿਲਾਫ਼ ਲਾਮਬੰਦੀ ਦਾ ਐਲਾਨ
ਪੰਜਾਬ ਨੈੱਟਵਰਕ, ਚੰਡੀਗੜ੍ਹ
ਯੁੱਧ ਲਈ ਹਥਿਆਰ ਸਪਲਾਈ ਕਰਨਾ ਭਾਰਤ ਦੀ ਵਿਦੇਸ਼ ਨੀਤੀ ਨਹੀਂ ਹੈ, ਪਰ ਕੇਂਦਰ ਦੀ ਮੋਦੀ ਸਰਕਾਰ ਇਸ ਨੀਤੀ ਦੀ ਉਲੰਘਣਾ ਕਰ ਰਹੀ ਹੈ। ਇਹ ਦੋਸ਼ ਸੀ ਪੀ ਆਈ ਐੱਮ ਪੰਜਾਬ ਦੇ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਲਾਇਆ। ਉਹ ਇੱਥੇ ਜਿਲ੍ਹਾ ਕਮੇਟੀ ਦੀ ਮੀਟਿੰਗ ਤੋਂ ਪਹਿਲਾਂ ਕੁੱਝ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਕਾ: ਸੇਖੋਂ ਨੇ ਕਿਹਾ ਕਿ ਇਜ਼ਰਾਈਲ ਇਸ ਸਮੇਂ ਫਲਸਤੀਨ ਨੂੰ ਕੁਚਲ ਰਿਹਾ ਹੈ, ਜਦੋਂ ਕਿ ਦੁਨੀਆਂ ਦੇ ਇਨਸਾਫ਼ਪਸੰਦ ਦੇਸ ਉਸ ਦੀ ਆਜ਼ਾਦ ਫਿਜ਼ਾ ਲਈ ਆਵਾਜ਼ ਉਠਾ ਰਹੇ ਹਨ। ਇਜ਼ਰਾਈਲ ਵੱਲੋਂ ਫਲਸਤੀਨ ਤੇ ਕੀਤੇ ਹਮਲੇ ’ਚ ਵਰਤੇ ਭਾਰਤੀ ਡਰੋਨ ਫੜੇ ਗਏ ਹਨ, ਜੋ ਮਨੁੱਖੀ ਜਾਨਾਂ ਦਾ ਨੁਕਸਾਨ ਕਰਨ ਲਈ ਵਰਤੋਂ ਵਿੱਚ ਲਿਆਂਦੇ ਗਏ ਹਨ।
ਉਹਨਾਂ ਕਿਹਾ ਕਿ ਇਹ ਭਾਰਤ ਦੀ ਨੀਤੀ ਅਨੁਸਾਰ ਨਹੀਂ ਕੀਤਾ ਗਿਆ, ਕਿਉਂਕਿ ਯੁੱਧ ਲਈ ਹਥਿਆਰ ਸਪਲਾਈ ਕਰਨਾ ਸਾਡੇ ਦੇਸ਼ ਦੀ ਵਿਦੇਸ਼ ਨੀਤੀ ਨਹੀਂ ਹੈ। ਸੂਬਾ ਸਕੱਤਰ ਨੇ ਕੇਂਦਰ ਸਰਕਾਰ ਤੇ ਹਮਲਾ ਕਰਦਿਆਂ ਕਿ ਮੋਦੀ ਸਰਕਾਰ ਗੁੱਟ ਨਿਰਲੇਪ ਦੀ ਨੀਤੀ ਛੱਡ ਕੇ ਅਮਰੀਕਨ ਸਾਮਰਾਜ ਦੇ ਜੂਨੀਅਰ ਸਹਿਯੋਗੀ ਦੇ ਤੌਰ ਤੇ ਵਿਚਰ ਰਹੀ ਹੈ। ਉਹਨਾਂ ਕਿਹਾ ਕਿ ਇੱਥੇ ਹੀ ਬੱਸ ਨਹੀਂ ਦੇਸ਼ ਭਰ ਵਿੱਚ ਮਹਿੰਗਾਈ ਸਿਖ਼ਰਾਂ ਤੇ ਹੈ ਅਤੇ ਬੇਰੁਜਗਾਰੀ ਲਗਾਤਾਰ ਵਧ ਰਹੀ ਹੈ। ਸਰਕਾਰ ਵੱਲੋਂ ਪਬਲਿਕ ਸੈਕਟਰ ਜਾਂ ਪ੍ਰਾਈਵੇਟ ਸੈਕਟਰ ਵਿੱਚ ਨੌਕਰੀਆਂ ਦਾ ਕੋਈ ਪ੍ਰਬੰਧ ਨਹੀਂ ਕੀਤਾ ਜਾ ਰਿਹਾ। ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਫੇਲ੍ਹ ਕਰਾਰ ਦਿੰਦਿਆਂ ਕਾ: ਸੇਖੋਂ ਨੇ ਕਿਹਾ ਕਿ ਮੁਲਾਜਮਾਂ ਨੂੰ ਤਨਖਾਹਾਂ ਤੇ ਪੈਨਸ਼ਨਾਂ ਕਰਜ਼ਾ ਚੁੱਕ ਕੇ ਦਿੱਤੀਆਂ ਜਾ ਰਹੀਆਂ ਹਨ।
ਉਹਨਾਂ ਕਿਹਾ ਕਿ ਪੰਜਾਬ ਕੰਗਾਲੀ ਦੇ ਰਾਹ ਤੁਰਿਆ ਹੋਇਆ ਹੈ। ਇੱਕ ਸੁਆਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਝੋਨੇ ਦੇ ਭਾਅ ਅਤੇ ਲਿਫਟਿੰਗ ਨੇ ਕਿਸਾਨਾਂ ਨੂੰ ਨਿਰਾਸ਼ ਕੀਤਾ ਹੋਇਆ ਹੈ। ਕਿਸਾਨ ਪ੍ਰਤੀ ਕੁਇੰਟਲ ਕੱਟ ਲਵਾ ਕੇ ਝੋਨਾ ਵੇਚਣ ਲਈ ਮਜਬੂਰ ਹਨ। ਇਸ ਉਪਰੰਤ ਕਾ: ਗੁਰਦੇਵ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ ਜਿਲ੍ਹਾ ਕਮੇਟੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਾ: ਸੇਖੋਂ ਨੇ ਕਿਹਾ ਕਿ ਪਾਰਟੀ ਵੱਲੋਂ ‘ਇੱਕ ਦੇਸ਼ ਇੱਕ ਚੋਣ’ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਲੋਕਾਂ ਨੂੰ ਜਾਗਰਿਤ ਕਰਨ ਲਈ ਪੰਜਾਬ ਭਰ ਵਿੱਚ 14 ਨਵੰਬਰ ਤੱਕ ਹਫ਼ਤਾ ਭਰ ਪ੍ਰੋਗਰਾਮ ਕੀਤੇ ਜਾ ਰਹੇ ਹਨ। ਸੂਬਾ ਸਕੱਤਰੇਤ ਮੈਂਬਰ ਕਾ: ਜਤਿੰਦਰਪਾਲ ਸਿੰਘ ਨੇ ਇਸ ਹਫ਼ਤਾਵਾਰੀ ਪ੍ਰੋਗਰਾਮ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾ: ਸੁਖਮਿੰਦਰ ਸਿੰਘ ਬਾਠ ਜਿਲ੍ਹਾ ਸਕੱਤਰ, ਸੀਟੂ ਆਗੂ ਕਾ: ਬਲਕਾਰ ਸਿੰਘ, ਕਾ: ਜੀ ਐੱਸ ਭੁੱਲਰ, ਕਾ: ਅਮੀ ਲਾਲ, ਕਾ: ਜਸਵੀਰ ਸਿੰਘ ਆਕਲੀਆ, ਕਾ: ਬਨਵਾਰੀ ਲਾਲ ਆਦਿ ਹਾਜ਼ਰ ਸਨ।