ਅਕਾਲੀ ਦਲ ਨੂੰ ਫ਼ਿਰੋਜ਼ਪੁਰ ‘ਚ ਵੱਡਾ ਝਟਕਾ, ਸੀਨੀਅਰ ਲੀਡਰ ਤੇ SGPC ਮੈਂਬਰ ਨੇ ਦਿੱਤਾ ਅਸਤੀਫ਼ਾ
ਜਸਬੀਰ ਸਿੰਘ ਕੰਬੋਜ, ਫ਼ਿਰੋਜਪੁਰ
ਫ਼ਿਰੋਜਪੁਰ ‘ਚ ਅਕਾਲੀ ਦਲ (ਬਾਦਲ) ਨੂੰ ਅੱਜ ਉਸ ਵੇਲੇ ਗਹਿਰਾ ਝਟਕਾ ਲੱਗਾ ਜਦ ਸਰਗਰਮ ਆਗੂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਅਤੇ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਜਥੇਦਾਰ ਸੁਖਵੰਤ ਸਿੰਘ ਥੇਹ ਗੁੱਜਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ।
ਆਪਣੇ ਫੇਸ ਬੁੱਕ ਪੇਜ ਰਾਹੀਂ ਸੋਸ਼ਲ ਮੀਡੀਆ ਤੇ ਆਪਣੇ ਅਸਤੀਫ਼ੇ ਦੀ ਕਾਪੀ ਪਾ ਕੇ ਵਾਇਰਲ ਕੀਤੀ ਵੀਡੀਓ ਵਿੱਚ ਸੁਖਵੰਤ ਸਿੰਘ ਥੇਹ ਗੁੱਜਰ ਨੇ ਦੱਸਿਆ ਕਿ ਉਹ ਇਸ ਸਮੇਂ ਸ੍ਰੋਮਣੀ ਅਕਾਲੀ ਦਲ (ਬਾਦਲ) ਦੀ ਪੀ ਏ ਪੀ ਕਮੇਟੀ ਮੈਂਬਰ ਅਤੇ ਸਟੇਟ ਡੈਲੀਗੇਟ ਦੇ ਅਹੁਦੇ ਤੇ ਆਪਣੀਆਂ ਸੇਵਾਵਾਂ ਦੇ ਰਹੇ ਸਨ।
ਉਹ ਬੀਤੇ ਕਰੀਬ 27 ਸਾਲ ਤੋਂ ਵੱਧ ਸਮੇਂ ਤੋਂ ਅਕਾਲੀ ਦਲ ਦੀ ਬਿਨਾ ਕਿਸੇ ਨਿੱਜੀ ਫ਼ਾਇਦੇ ਦੇ ਸੇਵਾ ਕਰ ਰਹੇ ਸਨ। ਆਪਣੀ ਵੀਡੀਓ ਵਿੱਚ ਅਸਤੀਫ਼ਾ ਦੇਣ ਦਾ ਕਾਰਨ ਸਪਸ਼ਟ ਕਰਦੇ ਹੋਏ ਸੁਖਵੰਤ ਸਿੰਘ ਥੇਹ ਗੁੱਜਰ ਨੇ ਦੱਸਿਆ ਹੈ ਕਿ ਅਕਾਲੀ ਦਲ ਵਿੱਚ ਬਣਦਾ ਮਾਣ ਸਤਿਕਾਰ ਨਾ ਮਿਲਣ ਦੇ ਕਾਰਨ ਉਹ ਇਸ ਸਮੇਂ ਅਕਾਲੀ ਦਲ ਬਾਦਲ ਵਿੱਚ ਬਹੁਤ ਘੁੱਟਣ ਮਹਿਸੂਸ ਕਰ ਰਹੇ ਸਨ।
ਜਿਸ ਕਾਰਨ ਉਨ੍ਹਾਂ ਵੱਲੋਂ ਅੱਜ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦਿੱਤਾ ਜਾਂ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਆਪਣਾ ਅਸਤੀਫ਼ਾ ਮੇਲ ਰਾਹੀਂ ਸ੍ਰੋਮਣੀ ਅਕਾਲੀ ਦਲ (ਬਾਦਲ ) ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੂੰ ਭੇਜ ਦਿੱਤਾ ਗਿਆ ਹੈ।