ਭਗਵੰਤ ਮਾਨ ਸਰਕਾਰ ਖਿਲਾਫ਼ DTF ਨੇ ਕੀਤਾ ਵੱਡਾ ਐਲਾਨ, 16 ਨੂੰ ਚੱਬੇਵਾਲਾ ਅਤੇ 17 ਨਵੰਬਰ ਨੂੰ ਡੇਰਾ ਬਾਬਾ ਨਾਨਕ ਚ ਕਰਨਗੇ ਝੰਡਾ ਮਾਰਚ
ਡੈਮੋਕ੍ਰੇਟਿਕ ਟੀਚਰਜ਼ ਫਰੰਟ ਬਲਾਕ ਜੰਡਿਆਲਾ ਗੁਰੂ ਦੀ ਮੀਟਿੰਗ, 16 ਨਵੰਬਰ ਨੂੰ ਡੀ.ਟੀ.ਐਫ. ਵੱਲੋਂ ਚੱਬੇਵਾਲ ਦੇ ਰੋਸ ਮਾਰਚ ਅਤੇ 17 ਨਵੰਬਰ ਨੂੰ ਸਾਂਝੇ ਫਰੰਟ ਵੱਲੋਂ ਹਲਕਾ ਡੇਰਾ ਬਾਬਾ ਨਾਨਕ ਦੇ ਝੰਡਾ ਮਾਰਚ ਵਿੱਚ ਸ਼ਾਮਲ ਹੋਣ ਦਾ ਫੈਸਲਾ
ਪੰਜਾਬ ਨੈੱਟਵਰਕ, ਜੰਡਿਆਲਾ ਗੁਰੂ
ਡੈਮੋਕ੍ਰੇਟਿਕ ਟੀਚਰਜ਼ ਫਰੰਟ ਬਲਾਕ ਜੰਡਿਆਲਾ ਗੁਰੂ ਦੀ ਮੀਟਿੰਗ ਗਹਿਰੀ ਮੰਡੀ ਵਿਖੇ ਹਰਪ੍ਰੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਡੀ.ਟੀ.ਐੱਫ. ਵੱਲੋਂ 16 ਨਵੰਬਰ ਨੂੰ ਹਲਕਾ ਚੱਬੇਵਾਲ ਵਿਖੇ ਕੀਤੇ ਜਾ ਰਹੇ ਜ਼ੋਨਲ ਰੋਸ ਮੁਜ਼ਹਾਰੇ ਵਿੱਚ ਬਲਾਕ ‘ਚੋਂ ਵੱਡੀ ਗਿਣਤੀ ‘ਚ ਅਧਿਆਪਕਾਂ ਨੂੰ ਸ਼ਾਮਲ ਕਰਵਾਉਣ ਦਾ ਫੈਸਲਾ ਕੀਤਾ ਗਿਆ।
ਪੰਜਾਬ ਸਰਕਾਰ ਦੇ ‘ਸਿੱਖਿਆ ਕ੍ਰਾਂਤੀ’ ਅਤੇ ‘ਬਦਲਾਅ’ ਵਾਲੇ ਅਖੌਤੀ ਨਾਅਰਿਆਂ ਦੇ ਉਲਟ ਜਿੱਥੇ ਅਧਿਆਪਕਾਂ ਦੀਆਂ ਵਿਭਾਗੀ ਤੇ ਵਿੱਤੀ ਮੰਗਾਂ ਹੱਲ ਨਹੀਂ ਹੋਈਆਂ ਹਨ, ਉੱਥੇ ਨਵੀਂ ਸਿੱਖਿਆ ਨੀਤੀ-2020 ਲਾਗੂ ਕਰਕੇ ਅਤੇ ਅਧਿਆਪਕਾਂ ਨੂੰ ਗੈਰ ਵਿੱਦਿਅਕ ਕੰਮਾਂ ਵਿੱਚ ਉਲਝਾ ਕੇ ਸਿੱਖਿਆ ਦਾ ਉਜਾੜਾ ਕੀਤਾ ਜਾ ਰਿਹਾ ਹੈ।
ਇੱਕ ਦਹਾਕੇ ਤੋਂ ਬੇਇਨਸਾਫੀ ਦਾ ਸ਼ਿਕਾਰ ਡਾ. ਰਵਿੰਦਰ ਕੰਬੋਜ, ਨਰਿੰਦਰ ਭੰਡਾਰੀ, ਓ.ਡੀ.ਐੱਲ. ‘ਚੋਂ ਪੈਡਿੰਗ ਅਧਿਆਪਕਾਂ ਦੇ ਰੈਗੂਲਰ ਪੱਤਰ, 7654 ਭਰਤੀ ਦੇ 14 ਹਿੰਦੀ ਅਧਿਆਪਕਾਂ ਦੇ ਰੈਗਲੂਰ ਆਰਡਰ ਅਤੇ ਸਿਆਸੀ ਰੰਜਿਸ਼ ਦਾ ਸ਼ਿਕਾਰ ਮੁਖਤਿਆਰ ਸਿੰਘ ਦੀ ਬਦਲੀ ਰੱਦ ਕਰਨ ਸਬੰਧੀ ਸਿੱਖਿਆ ਮੰਤਰੀ ਵੱਲੋਂ ਤਿੰਨ ਮੀਟਿੰਗਾਂ ਵਿੱਚ ਸਹਿਮਤੀ ਦੇਣ ਦੇ ਬਾਵਜੂਦ ਮਸਲੇ ਹੱਲ ਨਹੀਂ ਕੀਤੇ ਗਏ।
ਸਿੱਖਿਆ ਵਿਭਾਗ ਵੱਲੋਂ ਪਹਿਲਾਂ ‘ਮਿਸ਼ਨ ਸਮਰੱਥ’ ਅਤੇ ਹੁਣ ਸੀ.ਈ.ਪੀ. ਦੇ ਨਾਂ ਹੇਠ ਸਮੁੱਚੇ ਵਿਦਿਅਕ ਸ਼ੈਸ਼ਨ ਦੌਰਾਨ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸਿਲੇਬਸ ਤੋਂ ਦੂਰ ਕੀਤਾ ਹੋਇਆ ਹੈ। ਪੰਜਾਬ ਵੱਲੋਂ ਆਪਣੀ ਸਿੱਖਿਆ ਨੀਤੀ ਘੜਣ ਦੀ ਥਾਂ ਕੇਦਰ ਸਰਕਾਰ ਦੀ ਸਿੱਖਿਆ ਨੀਤੀ-2020 ਨੂੰ ਲਾਗੂ ਕਰਨਾ ਸਿੱਖਿਆ ਕ੍ਰਾਂਤੀ’ ਨਹੀਂ ਸਗੋਂ ‘ਸਿੱਖਿਆ ਉਜਾੜੂ’ ਨੀਤੀ ਹੈ।
ਇਸੇ ਤਰ੍ਹਾਂ ਪੰਜਾਬ ਦੇ ਮੁਲਾਜ਼ਮਾਂ ਨੂੰ ਕੇਂਦਰ ਨਾਲੋਂ 11% ਡੀ.ਏ. ਘੱਟ ਦੇਣਾ, ਪੁਰਾਣੀ ਪੈਨਸ਼ਨ ਦਾ ਕਾਗਜ਼ੀ ਨੋਟੀਫਿਕੇਸ਼ਨ ਜਾਰੀ ਕਰਕੇ ਲਾਗੂ ਕਰਨ ਤੋਂ ਪੱਲਾ ਝਾੜਨਾ, ਛੇਵੇਂ ਪੇ-ਕਮਿਸ਼ਨ ਦੇ ਬਕਾਏ ਨਾ ਦੇਣਾ, ਪਰਖ ਸਮਾਂ ਐਕਟ-2015 ਰੱਦ ਨਾ ਕਰਨਾ, 17-07-2020 ਦਾ ਪੱਤਰ ਰੱਦ ਕਰਕੇ ਪੰਜਾਬ ਦੇ ਪੇ-ਸਕੇਲ ਬਹਾਲ ਨਾ ਕਰਨੇ, ਪੇਂਡੂ ਭੱਤੇ ਸਮੇਤ ਕੱਟੇ ਗਏ ਬਾਕੀ ਭੱਤੇ ਅਤੇ ਏ.ਸੀ.ਪੀ. ਬਹਾਲ ਨਾ ਕਰਨਾ ਕਿਹੋ ਜਿਹਾ ‘ਬਦਲਾਅ’ ਹੈ ?
ਸਿੱਖਿਆ ਵਿਭਾਗ ਵਿੱਚ ਮਰਜਿੰਗ ਦੀ ਮੰਗ ਕਰ ਰਹੇ ਕੰਪਿਊਟਰ ਅਧਿਆਪਕਾਂ ਨੂੰ ਅੱਖੋਂ ਪਰੋਖੇ ਕੀਤਾ ਹੋਇਆ ਹੈ। ਮਾਸਟਰ ਕੇਡਰ ਤੋਂ ਲੈਕਚਰਾਰ ਪ੍ਰਮੋਟ ਹੋਣ ਵਾਲੇ ਅਧਿਆਪਕਾਂ ਨੂੰ ਕੇਵਲ ਕੁਝ ਗਿਣਤੀ ਦੇ ਗਿਣੇ ਚੁਣੇ ਸਕੂਲਾਂ ਵਿੱਚ ਦੂਰ ਦੁਰਾਡੇ ਭੇਜ ਕੇ ਪ੍ਰਮੋਸ਼ਨਾਂ ਛੱਡਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ।
ਸਰਕਾਰੀ ਦਾਅਵਿਆਂ ਦੇ ਬਾਵਜ਼ੂਦ ਅਧਿਆਪਕਾਂ ‘ਤੇ ਬੀ.ਐੱਲ.ਓ. ਡਿਊਟੀਆਂ ਸਮੇਤ ਹੋਰ ਗੈਰ ਵਿੱਦਿਅਕ ਕੰਮਾਂ ਦੀ ਭਰਮਾਰ ਹੈ। ਪੰਚਾਇਤੀ ਚੋਣਾਂ ਦੌਰਾਨ ਅਧਿਆਪਕਾਂ ਨਾਲ ਹੋਈ ਗੁੰਡਾਗਰਦੀ, ਕੁੱਟਮਾਰ ਅਤੇ ਖੱਜਲ ਖੁਆਰੀ ਹਰ ਆਮ ਖਾਸ ਦੀ ਜੁਬਾਨ ‘ਤੇ ਹੈ, ਪ੍ਰੰਤੂ ਪੰਜਾਬ ਦੇ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਵੱਲੋਂ ਗਹਿਰੀ ਚੁੱਪ ਧਾਰਨਾ ਕੀ ਗੈਰ ਸੰਵੇਦਨਸ਼ੀਲਤਾ ਨਹੀਂ ਹੈ।