Sonam Wangchuk arrested : ਲੱਦਾਖੀ ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਨੂੰ NSA ਤਹਿਤ ਗ੍ਰਿਫ਼ਤਾਰ! ਮੋਦੀ ਸਰਕਾਰ ਦੇ ਵਿਰੁੱਧ ਵਿੱਢਿਆ ਹੋਇਆ ਸੀ ਮੋਰਚਾ
Sonam Wangchuk arrested : ਲੇਹ ਹਿੰਸਾ ਤੋਂ ਬਾਅਦ ਲੱਦਾਖੀ ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਨੂੰ ਰਾਸ਼ਟਰੀ ਸੁਰੱਖਿਆ ਐਕਟ (NSA) ਤਹਿਤ ਗ੍ਰਿਫ਼ਤਾਰ ਕਰ ਲਿਆ ਗਿਆ।
ਵਾਂਗਚੁਕ ਨੂੰ ਜੇਲ੍ਹ ਤਬਦੀਲ ਕਰਨ ਜਾਂ ਹੋਰ ਪ੍ਰਬੰਧ ਕਰਨ ਬਾਰੇ ਫੈਸਲਾ ਲਿਆ ਜਾ ਰਿਹਾ ਹੈ। ਵਾਂਗਚੁਕ ‘ਤੇ ਕੇਂਦਰ ਸ਼ਾਸਤ ਪ੍ਰਦੇਸ਼ ਨੂੰ ਰਾਜ ਦਾ ਦਰਜਾ ਦੇਣ ਦੀ ਮੰਗ ਕਰ ਰਹੇ ਪ੍ਰਦਰਸ਼ਨਕਾਰੀਆਂ ਨੂੰ ਭੜਕਾਉਣ ਦਾ ਦੋਸ਼ (Ladakh GenZ Violence) ਹੈ।
ਗ੍ਰਹਿ ਮੰਤਰਾਲੇ ਨੇ ਹਿੰਸਾ ਨੂੰ ਭੜਕਾਉਣ ਦਾ ਲਾਇਆ ਇਲਜ਼ਾਮ
ਹਿੰਸਾ ਤੋਂ ਬਾਅਦ, ਗ੍ਰਹਿ ਮੰਤਰਾਲੇ ਨੇ ਸੋਨਮ ਵਾਂਗਚੁਕ ‘ਤੇ ਆਪਣੇ ਭੜਕਾਊ ਬਿਆਨਾਂ ਨਾਲ ਭੀੜ ਨੂੰ ਭੜਕਾਉਣ ਦਾ ਇਲਜ਼ਾਮ ਲਗਾਇਆ, ਜਿਸ ਕਾਰਨ ਵਿਰੋਧ ਪ੍ਰਦਰਸ਼ਨ ਹਿੰਸਕ ਹੋ ਗਏ।
ਮੰਤਰਾਲੇ ਦੇ ਅਨੁਸਾਰ, ਵਾਂਗਚੁਕ ਨੇ ਅਰਬ ਸਪਰਿੰਗ ਅਤੇ ਨੇਪਾਲ ਦੇ ਜਨਰਲ-ਜ਼ੈੱਡ ਅੰਦੋਲਨਾਂ ਦਾ ਹਵਾਲਾ ਦੇ ਕੇ ਨੌਜਵਾਨਾਂ ਨੂੰ ਭੜਕਾਇਆ, ਜਿਸ ਕਾਰਨ ਲੇਹ ਵਿੱਚ ਭਾਜਪਾ ਦਫਤਰ ਅਤੇ ਕੁਝ ਸਰਕਾਰੀ ਵਾਹਨਾਂ ਨੂੰ ਅੱਗ ਲਗਾ ਦਿੱਤੀ ਗਈ।
ਗ੍ਰਹਿ ਮੰਤਰਾਲੇ ਨੇ ਕਿਹਾ ਕਿ 24 ਸਤੰਬਰ ਨੂੰ ਸਵੇਰੇ 11:30 ਵਜੇ ਵਾਂਗਚੁਕ ਦੇ ਭਾਸ਼ਣ ਤੋਂ ਬਾਅਦ, ਭੀੜ ਨੇ ਉਨ੍ਹਾਂ ਦੀ ਭੁੱਖ ਹੜਤਾਲ ਵਾਲੀ ਥਾਂ ਛੱਡ ਦਿੱਤੀ ਅਤੇ ਲੇਹ ਵਿੱਚ ਭਾਜਪਾ ਦਫਤਰ ਅਤੇ ਸੀਈਸੀ ਦਫਤਰ ‘ਤੇ ਹਮਲਾ ਕਰ ਦਿੱਤਾ।
ਲੇਹ ‘ਚ ਮੋਬਾਈਲ ਇੰਟਰਨੈਟ ਸੇਵਾ ਬੰਦ
ਸੋਨਮ ਵਾਂਗਚੁਕ ਨੂੰ ਡੀਜੀਪੀ ਐਸਡੀ ਸਿੰਘ ਜਾਮਵਾਲ ਦੀ ਅਗਵਾਈ ਵਾਲੀ ਲੱਦਾਖ ਪੁਲਿਸ ਦੀ ਇੱਕ ਟੀਮ ਨੇ ਗ੍ਰਿਫ਼ਤਾਰ ਕੀਤਾ ਸੀ। ਵਾਂਗਚੁਕ ਦੀ ਗ੍ਰਿਫ਼ਤਾਰੀ ਤੋਂ ਬਾਅਦ, ਸਾਵਧਾਨੀ ਦੇ ਤੌਰ ‘ਤੇ ਲੇਹ ਵਿੱਚ ਮੋਬਾਈਲ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ, ਅਤੇ ਬ੍ਰਾਡਬੈਂਡ ਸਪੀਡ ਘਟਾ ਦਿੱਤੀ ਗਈ ਹੈ।
ਲੇਹ ਹਿੰਸਾ ‘ਚ 4 ਮੌਤਾਂ ਤੇ 90 ਜ਼ਖ਼ਮੀ ਹੋਏ
ਦੱਸ ਦਈਏ ਕਿ ਬੁੱਧਵਾਰ 24 ਸਤੰਬਰ ਨੂੰ ਲੇਹ ਵਿੱਚ ਇੱਕ ਹਿੰਸਕ ਝੜਪ ਹੋਈ, ਜਿਸ ਦੇ ਨਤੀਜੇ ਵਜੋਂ ਚਾਰ ਮੌਤਾਂ ਹੋਈਆਂ ਅਤੇ 90 ਜ਼ਖਮੀ ਹੋ ਗਏ। ਹਿੰਸਕ ਝੜਪਾਂ ਤੋਂ ਬਾਅਦ, ਲੇਹ ਵਿੱਚ ਕਰਫਿਊ ਲਗਾ ਦਿੱਤਾ ਗਿਆ। ਪੁਲਿਸ ਅਤੇ ਅਰਧ ਸੈਨਿਕ ਬਲਾਂ ਨੇ ਕਰਫਿਊ ਨੂੰ ਸਖ਼ਤੀ ਨਾਲ ਲਾਗੂ ਕੀਤਾ। ਹੁਣ ਤੱਕ 50 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਦੋ ਦਿਨ ਸਕੂਲ ਬੰਦ ਦੇ ਹੁਕਮ
ਲੇਹ ਜ਼ਿਲ੍ਹਾ ਮੈਜਿਸਟਰੇਟ ਨੇ ਸਾਰੇ ਸਰਕਾਰੀ ਅਤੇ ਨਿੱਜੀ ਸਕੂਲ, ਕਾਲਜ ਅਤੇ ਆਂਗਣਵਾੜੀ ਕੇਂਦਰ ਦੋ ਦਿਨਾਂ ਲਈ ਬੰਦ ਕਰਨ ਦੇ ਹੁਕਮ ਦਿੱਤੇ। ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਲੇਹ ਅਤੇ ਕਾਰਗਿਲ ਸਮੇਤ ਹੋਰ ਸ਼ਹਿਰਾਂ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ। ਉਪ ਰਾਜਪਾਲ ਕਵਿੰਦਰ ਗੁਪਤਾ ਨੇ ਇੱਕ ਉੱਚ ਪੱਧਰੀ ਸੁਰੱਖਿਆ ਮੀਟਿੰਗ ਕੀਤੀ ਅਤੇ ਹਿੰਸਾ ਦੀਆਂ ਘਟਨਾਵਾਂ ਨੂੰ ਸਾਜ਼ਿਸ਼ ਕਰਾਰ ਦਿੰਦੇ ਹੋਏ ਚੌਕਸੀ ਵਧਾਉਣ ਦੇ ਨਿਰਦੇਸ਼ ਦਿੱਤੇ।
ਭੁੱਖ ਹੜਤਾਲ ਅਤੇ ਮੰਗਾਂ
ਸੋਨਮ ਵਾਂਗਚੁਕ ਨੇ 10 ਸਤੰਬਰ ਨੂੰ ਸੰਵਿਧਾਨਕ ਗਰੰਟੀਆਂ, ਵਧੇਰੇ ਖੁਦਮੁਖਤਿਆਰੀ, ਰਾਜ ਦਾ ਦਰਜਾ ਅਤੇ ਲੱਦਾਖ ਲਈ ਛੇਵੀਂ ਅਨੁਸੂਚੀ ਦਾ ਦਰਜਾ ਮੰਗਦੇ ਹੋਏ ਆਪਣੀ ਭੁੱਖ ਹੜਤਾਲ ਸ਼ੁਰੂ ਕੀਤੀ। ਹਿੰਸਾ ਵਧਣ ਤੋਂ ਬਾਅਦ ਉਨ੍ਹਾਂ ਨੇ ਬੁੱਧਵਾਰ ਨੂੰ ਆਪਣਾ ਦੋ ਹਫ਼ਤਿਆਂ ਦਾ ਵਰਤ ਖਤਮ ਕਰ ਦਿੱਤਾ।

