ਕਾਤਲਾਂ ਦੀ ਪਿੱਠ ਠੋਕਣ ਵਾਲਾ ਮੁੱਖ ਮੰਤਰੀ ਹਰਿਆਣਾ ਦਾ ਗੈਰ ਜਿੰਮੇਵਾਰਾਨਾ ਬਿਆਨ: ਪਾਸਲਾ
ਆਰਐਸਐਸ- ਭਾਜਪਾ ਦੀ ਫਿਰਕੂ ਵੰਡ ਤਿੱਖੀ ਕਰਨ ਰਾਹੀਂ ਸੂਬਾਈ ਚੋਣਾਂ ਜਿੱਤਣ ਦੀ ਸਾਜ਼ਿਸ਼ ਬੇਨਕਾਬ: ਆਰ.ਐਮ.ਪੀ.ਆਈ
ਦਲਜੀਤ ਕੌਰ, ਚੰਡੀਗੜ੍ਹ/ਜਲੰਧਰ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਗੁਆਂਢੀ ਸੂਬੇ ਹਰਿਆਣਾ ਦੇ ਚਰਖੀ ਦਾਦਰੀ ਨੇੜਲੇ ਪਿੰਡ ਬਧਰਾ ਵਿਖੇ ਅਖੌਤੀ ਗਊ ਰੱਖਿਅਕਾਂ ਵਲੋਂ ਸਬੀਰ ਮਲਿਕ ਨਾਂ ਦੇ ਇਕ ਅੰਤਰ ਰਾਜੀ ਮਜ਼ਦੂਰ ਦੀ ਬੇਰਹਿਮੀ ਨਾਲ ਹੱਤਿਆ ਕੀਤੇ ਜਾਣ ਸਬੰਧੀ ਸੂਬੇ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸੈਣੀ ਵਲੋਂ ਦਿੱਤੇ ਗਏ ਭੜਕਾਊ, ਗੈਰ ਜਿੰਮੇਵਾਰਾਨਾ ਬਿਆਨ ਦੀ ਕਰੜੀ ਨਿਖੇਧੀ ਕੀਤੀ ਹੈ।
ਅਭਿਸ਼ੇਕ ਉਰਫ ਸ਼ਾਕਾ, ਰਵਿੰਦਰ ਉਰਫ ਕਾਲੀਆ, ਸਾਹਿਲ ਉਰਫ ਪੱਪੀ, ਕਮਲਜੀਤ ਅਤੇ ਮੋਹਿਤ ਅਤੇ ਨਾਬਾਲਗ ਦੱਸੇ ਜਾ ਰਹੇ ਦੋ ਹੋਰਾਂ ਨੇ ਲੰਘੀ 27 ਅਗਸਤ ਨੂੰ ਪੱਛਮੀ ਬੰਗਾਲ ਤੋਂ ਆ ਕੇ ਪਿੰਡ ਦੇ ਲਾਗੇ ਝੁੱਗੀ-ਝੌਂਪੜੀ ‘ਚ ਰਹਿ ਰਹੇ ਮੁਸਲਿਮ ਰੱਦੀ ਵਿਕ੍ਰੇਤਾ ਸਬੀਰ ਮਲਿਕ ਨੂੰ ਗਾਂ ਦਾ ਮਾਸ ਖਾਣ ਦੇ ਦੋਸ਼ ਅਧੀਨ ਕੁੱਟ-ਕੁੱਟ ਕੇ ਜਾਨੋਂ ਮਾਰ ਦਿੱਤਾ ਸੀ। ਇਸ ਹੌਲਨਾਕ ਵਾਰਦਾਤ ਸਬੰਧੀ ਜਦੋਂ ਅੱਜ ਖਬਰ ਏਜੰਸੀ ਏਐਨਆਈ ਦੇ ਨਾਮਾ ਨਿਗਾਰ ਨੇ ਸੂਬੇ ਦੇ ਮੁੱਖ ਮੰਤਰੀ ਦਾ ਪੱਖ ਜਾਣਨਾ ਚਾਹਿਆ ਤਾਂ ਉਨ੍ਹਾਂ ਬੜਾ ਅਟਪਟਾ ਜਵਾਬ ਦਿੱਤਾ। ਮੁੱਖ ਮੰਤਰੀ ਅਨੁਸਾਰ, “ਪਿੰਡਾਂ ਵਾਲੇ ਗਊ ਦਾ ਬਹੁਤ ਸਤਿਕਾਰ ਕਰਦੇ ਹਨ ਅਤੇ ਜੇਕਰ ਉਨ੍ਹਾਂ ਨੂੰ ਗਊ ਨਾਲ ਕਿਸੇ ਕਿਸਮ ਦੀ ਅਣਸੁਖਾਵੀਂ ਘਟਨਾ ਵਾਪਰਨ ਦੀ ਸੂਹ ਮਿਲ ਜਾਵੇ ਤਾਂ ਫਿਰ ਉਨ੍ਹਾਂ ਨੂੰ ਕੌਣ ਰੋਕ ਸਕਦਾ ਹੈ?”
ਸਾਥੀ ਪਾਸਲਾ ਨੇ ਕਿਹਾ ਹੈ ਕਿ ਸੈਣੀ ਦਾ ਉਕਤ ਬਿਆਨ ਨਾ ਕੇਵਲ ਕਾਤਲਾਂ ਦੇ ਅਮਾਨਵੀ ਕਾਰੇ ਨੂੰ ਹੱਕੀ ਠਹਿਰਾਉਣ ਬਲਕਿ ਅਗਾਂਹ ਨੂੰ ਹੋਰਾਂ ਨੂੰ ਵੀ ਅਜਿਹਾ ਹੀ ਕਰਨ ਲਈ ਉਕਸਾਉਣ ਵੱਲ ਸੇਧਤ ਹੈ। ਪਾਸਲਾ ਅਨੁਸਾਰ ਇਹ ਸੈਣੀ ਦਾ ਵਿਅਕਤੀਗਤ ਬੋਲ-ਵਿਗਾੜ ਨਹੀਂ ਬਲਕਿ ਲੋਕਾਂ ਅੰਦਰ ਕੱਖੋਂ ਹੌਲੀ ਹੋ ਚੁੱਕੀ ਹਰਿਆਣਾ ਸਰਕਾਰ ਨੂੰ ਨੇੜ ਭਵਿੱਖ ‘ਚ ਹੋਣ ਜਾ ਰਹੀਆਂ ਸੂਬਾਈ ਵਿਧਾਨ ਸਭਾ ਚੋਣਾਂ ਜਿਤਾਉਣ ਲਈ ਆਰ.ਐਸ.ਐਸ.-ਭਾਜਪਾ ਦੀ ਫਿਰਕੂ ਵੰਡ ਤਿੱਖੀ ਕਰਨ ਲਈ ਘੜੀ ਗਈ ਸੋਚੀ-ਸਮਝੀ ਰਣਨੀਤੀ ਦਾ ਕੋਝਾ ਪ੍ਰਗਟਾਵਾ ਹੈ।
ਪਾਸਲਾ ਨੇ ਸਮੂਹ ਹਰਿਆਣਾ ਵਾਸੀਆਂ, ਖਾਸ ਕਰਕੇ ਹਿੰਦੂ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਉਦਾਰਵਾਦੀ ਹਿੰਦੂ ਧਰਮ ਨੂੰ ਸੰਸਾਰ ਭਰ ‘ਚ ਬੱਦੂ ਕਰਨ ਵਾਲੀਆਂ ਸੰਘ ਪਰਿਵਾਰ ਦੀਆਂ ਅਤਿ ਨਿਮਨ ਦਰਜੇ ਦੀਆਂ ਕੁਚਾਲਾਂ ਫੇਲ੍ਹ ਕਰਨ ਲਈ ਅੱਗੇ ਆਉਣ। ਉਨ੍ਹਾਂ ਕਿਹਾ ਕਿ ਆਰ.ਐਸ.ਐਸ. ਤੇ ਹੋਰ ਸੰਘੀ ਸੰਗਠਨ ਪੂਰੇ ਦੇਸ਼ ਵਿਚ ਧਰਮ ਦੇ ਨਾਂ ‘ਤੇ ਵੰਡੀਆਂ ਪਾ ਕੇ ਦੇਸ਼ ਨੂੰ ਤੋੜਨ ਦੀ ਸਾਜ਼ਿਸ਼ ਅਧੀਨ ਗਰੀਬ ਹਿੰਦੂ ਪਰਿਵਾਰਾਂ ਦੇ ਮੁੰਡਿਆਂ ਨੂੰ ਕਾਤਲ ਤੇ ਗੁਨਾਹਗਾਰ ਬਨਾਉਣ ਲੱਗੀ ਹੋਈ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਦੇਸ਼ ਭਰ ਵਿਚ ਔਰਤਾਂ-ਬਾਲੜੀਆਂ, ਦਲਿਤਾਂ, ਆਦਿਵਾਸੀਆਂ, ਘੱਟ ਗਿਣਤੀ ਤੇ ਮੁਸਲਮਾਨਾਂ ਤੇ ਈਸਾਈਆਂ ਖਿਲਾਫ ਵੱਧ ਰਹੇ ਹੌਲਨਾਕ ਅਪਰਾਧ ਆਰ ਐਸ ਐਸ ਦੀ ਜ਼ਹਿਰੀਲੀ ਵਿਚਾਰਧਾਰਾ ਦੇ ਵੱਧਣ-ਫੁੱਲਣ ਦਾ ਲਾਜ਼ਮੀ ਨਤੀਜਾ ਹਨ।