Breaking: ਖੇਤੀ ਨੀਤੀ ਮੋਰਚੇ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ 34 ਸੈਕਟਰ ਦੇ ਦੁਸ਼ਹਿਰਾ ਗਰਾਊਂਡ ਦੀ ਦਿੱਤੀ ਮਨਜ਼ੂਰੀ
ਮੁੱਖ ਮੰਤਰੀ ਵੱਲੋਂ ਜਥੇਬੰਦੀਆਂ ਨਾਲ਼ ਤਹਿ ਮੀਟਿੰਗ ਰੱਦ ਕਰਨ ਨਾਲ ਸਰਕਾਰ ਦਾ ਮਜ਼ਦੂਰ ਕਿਸਾਨ ਵਿਰੋਧੀ ਚਿਹਰਾ ਹੋਇਆ ਨੰਗਾ
ਦਲਜੀਤ ਕੌਰ, ਚੰਡੀਗੜ੍ਹ
ਕਿਸਾਨ ਮਜ਼ਦੂਰ ਰੋਹ ਨੂੰ ਭਾਂਪਦਿਆਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ 1 ਸਤੰਬਰ ਤੋਂ ਚੰਡੀਗੜ੍ਹ ਵਿਖੇ ਲਾਏ ਜਾ ਰਹੇ ਖੇਤੀ ਨੀਤੀ ਮੋਰਚੇ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ 34 ਸੈਕਟਰ ਦੇ ਦੁਸਹਿਰਾ ਗਰਾਊਂਡ ‘ਚ ਮੋਰਚਾ ਲਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਇਹ ਜਾਣਕਾਰੀ ਬੀਕੇਯੂ (ਏਕਤਾ ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਝੰਡਾ ਸਿੰਘ ਜੇਠੂਕੇ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਜੋਰਾ ਸਿੰਘ ਨਸਰਾਲੀ ਤੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਵੱਲੋਂ ਜਾਰੀ ਕੀਤੇ ਗਏ ਸਾਂਝੇ ਪ੍ਰੈਸ ਬਿਆਨ ਰਾਹੀਂ ਦਿੱਤੀ ਗਈ ਹੈ।
ਉਹਨਾਂ ਇਹ ਵੀ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਉਨ੍ਹਾਂ ਨੂੰ ਇੱਕ ਸਤੰਬਰ ਨੂੰ ਇੱਕ ਵਜੇ ਦਿੱਤੀ ਗਈ ਮੀਟਿੰਗ ਤੋਂ ਹੁਣ ਸਰਕਾਰ ਭੱਜ ਗਈ ਹੈ, ਜਿਸ ਨਾਲ ਉਹਨਾਂ ਦਾ ਇਹ ਖਦਸ਼ਾ ਪੱਕਾ ਹੋ ਗਿਆ ਹੈ ਕਿ ਮੁੱਖ ਮੰਤਰੀ ਮੀਟਿੰਗ ਕਰਕੇ ਮਸਲੇ ਹੱਲ ਕਰਨ ਦੀ ਥਾਂ ਮੀਟਿੰਗ ਦਾ ਲੋਲੀਪੋਪ ਦੇ ਕੇ ਅਸਲ ਵਿੱਚ ਖੇਤੀ ਨੀਤੀ ਮੋਰਚਾ ਰੱਦ ਕਰਾਉਣਾ ਚਾਹੁੰਦੇ ਸਨ।
ਉਹਨਾਂ ਆਖਿਆ ਕਿ ਮੁੱਖ ਮੰਤਰੀ ਵੱਲੋਂ ਮੀਟਿੰਗ ਰੱਦ ਕਰਨ ਰਾਹੀਂ ਆਪ ਸਰਕਾਰ ਦਾ ਕਿਸਾਨ ਮਜ਼ਦੂਰ ਵਿਰੋਧੀ ਚਿਹਰਾ ਹੋਰ ਨੰਗਾ ਹੋ ਗਿਆ ਹੈ। ਉਹਨਾਂ ਐਲਾਨ ਕੀਤਾ ਕਿ ਉਹ ਮਜ਼ਦੂਰ ਕਿਸਾਨ ਤੇ ਵਾਤਾਵਰਨ ਪੱਖੀ ਖੇਤੀ ਨੀਤੀ ਬਨਾਉਣ ਲਈ ਮੋਰਚੇ ਨੂੰ ਜਿੱਤ ਤੱਕ ਪੁਚਾਉਣ ਲਈ ਜੱਦੋਜਹਿਦ ਜਾਰੀ ਰੱਖਣਗੇ।