Punjab News: ਸਰਕਾਰੀ ਅਧਿਆਪਕ ਕੁਲਵਿੰਦਰ ਸਿੰਘ ਦੀ ਚੋਣ ਡਿਊਟੀ ਦੌਰਾਨ ਮੌਤ, ਡੀਟੀਐੱਫ਼ ਵੱਲੋਂ ਚੋਣ ਕਮਿਸ਼ਨ ਤੋਂ ਮੁਆਵਜੇ ਅਤੇ ਨੌਕਰੀ ਦੀ ਮੰਗ
Punjab News: ਬੀਐਲਓ ਡਿਊਟੀ ਦੌਰਾਨ ਜਿਆਦਾ ਗਰਮੀ ਕਾਰਨ ਹੋਈ ਹਾਰਟ ਦੀ ਸਮੱਸਿਆ ਬਣੀ ਮੌਤ ਦਾ ਕਾਰਨ
ਪੰਜਾਬ ਨੈੱਟਵਰਕ, ਬਠਿੰਡਾ
Punjab News: ਡੈਮੋਕਰੇਟਿਕ ਟੀਚਰ ਫਰੰਟ ਜਿਲਾ ਬਠਿੰਡਾ ਵੱਲੋਂ ਜ਼ਿਲਾ ਪ੍ਰਧਾਨ ਰੇਸ਼ਮ ਸਿੰਘ, ਸਕੱਤਰ ਜਸਵਿੰਦਰ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ ਦੀ ਅਗਵਾਈ ਵਿੱਚ ਇੱਕ ਵਫਦ ਡੀਸੀ ਬਠਿੰਡਾ ਨੂੰ ਮਿਲਿਆ। ਜਿਸ ਸਬੰਧੀ ਜਾਣਕਾਰੀ ਦਿੰਦਿਆਂ ਆਗੂਆਂ ਨੇ ਦੱਸਿਆ ਕਿ ਕੁਲਵਿੰਦਰ ਸਿੰਘ ਪੰਜਾਬੀ ਮਾਸਟਰ ਸਰਕਾਰੀ ਮਿਡਲ ਸਕੂਲ ਜਲਾਲ ਵਿਖੇ ਬਤੌਰ ਬੀਐਲਓ ਨਿਯੁਕਤ ਸੀ।
1 ਜੂਨ ਨੂੰ ਚੋਣਾਂ ਦੌਰਾਨ ਡਿਊਟੀ ਨਿਭਾਉਂਦੇ ਹੋਏ ਅੱਤ ਦੀ ਗਰਮੀ ਕਾਰਨ ਉਹਨਾਂ ਦੀ ਸਿਹਤ ਖਰਾਬ ਹੋ ਗਈ ਉਸ ਉਪਰੰਤ ਕੁਲਵਿੰਦਰ ਸਿੰਘ ਵੱਲੋਂ ਦਵਾਈ ਲੈ ਕੇ ਸ਼ਾਮ ਦੇ 8 ਵਜੇ ਤੱਕ ਚੋਣ ਡਿਊਟੀ ਨਿਭਾਈ। ਅਗਲੇ ਦਿਨ ਦੁਬਾਰਾ ਫਿਰ ਉਹਨਾਂ ਦੀ ਸਿਹਤ ਜਿਆਦਾ ਵਿਗੜ ਗਈ ਅਤੇ ਪਰਿਵਾਰਿਕ ਮੈਂਬਰਾਂ ਨੇ ਉਹਨਾਂ ਨੂੰ ਬਠਿੰਡਾ ਵਿਖੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ।
ਇਲਾਜ ਦੌਰਾਨ ਪਤਾ ਲੱਗਿਆ ਕਿ ਕੁਲਵਿੰਦਰ ਸਿੰਘ ਨੂੰ ਦੋ ਵਾਰ ਹਾਰਟ ਅਟੈਕ ਆਇਆ ਹੋਇਆ ਹੈ ਜੋ ਉਹਨਾਂ ਦੀ ਮੌਤ ਦਾ ਕਾਰਨ ਬਣ ਗਿਆ। ਇਸ ਸਬੰਧੀ ਡੀਟੀਐਫ ਵੱਲੋਂ ਉਕਤ ਅਧਿਆਪਕ ਸਾਥੀ ਦੀ ਚੋਣ ਡਿਊਟੀ ਨਿਭਾਉਂਦੇ ਹੋਏ ਅੱਤ ਦੀ ਗਰਮੀ ਕਾਰਨ ਹੋਈ ਮੌਤ ਲਈ ਡੀਸੀ ਬਠਿੰਡਾ ਨੂੰ ਮਿਲ ਕੇ ਪਰਿਵਾਰ ਲਈ ਯੋਗ ਮੁਆਵਜ਼ਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ।
ਕਿਉਕਿ ਕੁਲਵਿੰਦਰ ਸਿੰਘ ਦੀ ਮੌਤ ਉਪਰੰਤ ਘਰ ਵਿੱਚ ਕਮਾਈ ਦਾ ਹੋਰ ਕੋਈ ਸਾਧਨ ਨਹੀਂ ਰਿਹਾ। ਕੁਲਵਿੰਦਰ ਸਿੰਘ ਦੀ ਪਤਨੀ ਤੋਂ ਇਲਾਵਾ ਦੋ ਬੱਚੇ ਬੇਟਾ ਅਤੇ ਬੇਟੀ ਹਨ ਜਿੰਨਾ ਦੀ ਰੋਜ਼ੀ ਦਾ ਹੁਣ ਕੋਈ ਵੀ ਸਹਾਰਾ ਨਹੀਂ ਰਿਹਾ। ਵਫਦ ਵੱਲੋ ਮੰਗ ਪੱਤਰ ਦੇ ਕੇ ਡੀ ਸੀ ਬਠਿੰਡਾ ਤੋਂ ਤੁਰੰਤ ਯੋਗ ਮੁਆਵਜ਼ੇ ਅਤੇ ਨੌਕਰੀ ਦੀ ਮੰਗ ਕੀਤੀ ਗਈ।
ਜਿਸ ਉਪਰੰਤ ਵਫਦ ਨੂੰ ਡੀਸੀ ਬਠਿੰਡਾ ਵੱਲੋਂ ਪੂਰਨ ਭਰੋਸਾ ਦਿੱਤਾ ਗਿਆ ਕਿ ਇਸ ਸਬੰਧੀ ਕਾਰਵਾਈ ਅੱਜ ਤੋਂ ਹੀ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਸਮੇਂ ਵਫਦ ਵਿੱਚ ਜਥੇਬੰਦਕ ਸਕੱਤਰ ਕੁਲਵਿੰਦਰ ਸਿੰਘ ਵਿਰਕ, ਜਿਲ੍ਹਾ ਆਗੂ ਰਣਦੀਪ ਕੌਰ ਖਾਲਸਾ,ਬਲਾਕ ਭਗਤਾ ਦੇ ਪ੍ਰਧਾਨ ਰਾਜਵਿੰਦਰ ਸਿੰਘ, ਬਲਾਕ ਬਠਿੰਡਾ ਦੇ ਪ੍ਰਧਾਨ ਭੁਪਿੰਦਰ ਸਿੰਘ ਮਾਈਸਰਖਾਨਾ, ਬਲਾਕ ਤਲਵੰਡੀ ਦੇ ਪ੍ਰਧਾਨ ਭੋਲਾ ਰਾਮ, ਵੱਖ ਵੱਖ ਬਲਾਕਾਂ ਦੇ ਆਗੂ ਜਿਨਾਂ ਵਿੱਚ ਕਰਮਜੀਤ ਸਿੰਘ, ਗੁਰਬਾਜ ਸਿੰਘ , ਜਸਵੀਰ ਸਿੰਘ ਕਲਿਆਣ,ਲਾਲ ਸਿੰਘ,ਕਰਮਜੀਤ ਕੌਰ ਆਦਿ ਆਗੂ ਸਾਮਿਲ ਹੋਏ।