All Latest News

ਕਿਸਾਨ ਯੂਨੀਅਨ ਡਕੌਂਦਾ ਨੇ 3 ਸੀਨੀਅਰ ਆਗੂਆਂ ਨੂੰ ਅਹੁਦਿਆਂ ਤੋਂ ਕੀਤਾ ਖ਼ਾਰਜ

 

ਕਿਸਾਨਾਂ ਦੀ ਮੰਡੀਆਂ ਵਿੱਚ ਹੁੰਦੀ ਲੁੱਟ ਦਾ ਗੰਭੀਰ ਨੋਟਿਸ, 15 ਨਵੰਬਰ ਤੋਂ ਆਗੂ ਟੀਮਾਂ ਖ੍ਰੀਦ ਵਿੱਚ ਅੜਿੱਕੇ ਡਾਹੁਣ ਵਾਲਿਆਂ ਦੇ ਘਿਰਾਓ

ਦਲਜੀਤ ਕੌਰ, ਬਰਨਾਲਾ

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜ਼ਿਲ੍ਹਾ ਬਰਨਾਲਾ ਦੀ ਮੀਟਿੰਗ ਕੁਲਵੰਤ ਸਿੰਘ ਭਦੌੜ ਦੀ ਪ੍ਰਧਾਨਗੀ ਹੇਠ ਤਰਕਸ਼ੀਲ ਭਵਨ ਬਰਨਾਲਾ ਵਿਖੇ ਹੋਈ। ਇਸ ਮੀਟਿੰਗ ਵਿੱਚ ਸੂਬਾ ਪ੍ਰਧਾਨ ਮਨਜੀਤ ਧਨੇਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਮੀਟਿੰਗ ਵਿੱਚ ਮੁੱਖ ਮੁੱਦਾ ਬਰਨਾਲਾ ਵਿਧਾਨ ਸਭਾ ਹਲਕੇ ਦੀਆਂ ਹੋ ਰਹੀਆਂ ਜ਼ਿਮਨੀ ਚੋਣਾਂ ਵਿੱਚ ਆਗੂਆਂ ਕੁਲਵਿੰਦਰ ਸਿੰਘ ਉੱਪਲੀ ਜ. ਸਕੱਤਰ ਬਲਾਕ ਬਰਨਾਲਾ, ਰਾਣਾ ਸਿੰਘ ਉੱਪਲੀ ਮੀਤ ਪ੍ਰਧਾਨ ਜ਼ਿਲ੍ਹਾ ਬਰਨਾਲਾ, ਸੁਖਮੰਦਰ ਸਿੰਘ ਉੱਪਲੀ ਵੱਲੋਂ ਜਥੇਬੰਦੀ ਦੇ ਸੰਵਿਧਾਨ ਦੀ ਉਲੰਘਣਾ ਕਰਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਹੱਕ ਵਿੱਚ ਹਮਾਇਤ ਕਰਨ ਦਾ ਵਿਚਾਰਿਆ ਗਿਆ।

ਲੰਬੀ ਵਿਚਾਰ ਚਰਚਾ ਕੀਤੀ ਗਈ ਕਿ ਜਥੇਬੰਦੀ ਦਾ ਸੰਵਿਧਾਨ ਬਲਾਕ/ਜ਼ਿਲ੍ਹਾ/ਸੂਬਾ ਆਗੂ ਨੂੰ ਪਾਰਲੀਮੈਂਟ ਚੋਣਾਂ ਵਿੱਚ ਭਾਗ ਲੈਣ,ਸਿੱਧੇ/ਅਸਿੱਧੇ ਢੰਗ ਨਾਲ ਭਾਗ ਲੈਣ ਅਤੇ ਹਿਮਾਇਤ ਕਰਨ ਦੀ ਇਜਾਜ਼ਤ ਨਹੀਂ ਦਿੰਦਾ। ਇਨ੍ਹਾਂ ਤਿੰਨੇ ਆਗੂਆਂ ਕੁਲਵਿੰਦਰ ਸਿੰਘ ਉੱਪਲੀ,ਰਾਣਾ ਸਿੰਘ ਉੱਪਲੀ ਅਤੇ ਸੁਖਮੰਦਰ ਸਿੰਘ ਉੱਪਲੀ ਨੇ ਜਥੇਬੰਦੀ ਦੇ ਸੰਵਿਧਾਨ ਦੀ ਉਲੰਘਣਾ ਕੀਤੀ ਹੈ। ਉਪਰੰਤ ਸਰਬਸੰਮਤੀ ਨਾਲ ਇਨ੍ਹਾਂ ਤਿੰਨੇ ਆਗੂਆਂ ਨੂੰ ਜਥੇਬੰਦੀ ਦੇ ਅਹੁਦਿਆਂ ਤੋਂ ਤੁਰੰਤ ਪ੍ਰਭਾਵ ਤੋਂ ਖ਼ਾਰਜ ਕਰ ਦਿੱਤਾ ਗਿਆ, ਸੂਬਾ ਕਮੇਟੀ ਨੂੰ ਮੈਂਬਰਸ਼ਿਪ ਖ਼ਾਰਜ ਕਰਨ ਦੀ ਸਿਫਾਰਿਸ਼ ਕੀਤੀ ਗਈ।

ਜ਼ਿਲ੍ਹਾ ਜਨਰਲ ਸਕੱਤਰ ਸਾਹਿਬ ਸਿੰਘ ਬਡਬਰ ਅਤੇ ਸੀਨੀਅਰ ਮੀਤ ਪ੍ਰਧਾਨਾਂ ਜਗਰਾਜ ਸਿੰਘ ਹਰਦਾਸਪੁਰਾ, ਹਰਮੰਡਲ ਸਿੰਘ ਜੋਧਪੁਰ, ਜ਼ਿਲ੍ਹਾ ਖ਼ਜ਼ਾਨਚੀ ਗੁਰਦੇਵ ਸਿੰਘ ਮਾਂਗੇਵਾਲ ਨੇ ਪੰਜਾਬ ਸਰਕਾਰ ਦੀ ਨਲਾਇਕੀ ਕਾਰਨ ਕਿਸਾਨ ਮੰਡੀਆਂ ਵਿੱਚ ਝੋਨਾ ਵੇਚਣ ਪੱਖੋਂ ਖੱਜਲ ਖੁਆਰ ਹੋ ਰਹੇ ਹਨ। ਬਹੁਤ ਸਾਰੀਆਂ ਮੰਡੀਆਂ ਵਿੱਚ ਸ਼ੈਲਰ ਮਾਲਕ ਕਿਸਾਨਾਂ ਕੋਲੋਂ ਜ਼ਬਰੀ 200-300 ਰੁਪਏ ਪ੍ਰਤੀ ਗੱਟਾ ਕਾਟ ਲਾਕੇ ਲੁੱਟ ਮਚਾ ਰਹੇ ਹਨ। ਆਗੂਆਂ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਇਸ ਧੱਕੇਸ਼ਾਹੀ ਨੂੰ ਕਦਾਚਿੱਤ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕਣਕ ਦੀ ਬਿਜਾਈ ਲਈ ਡੀਏਪੀ ਖਾਦ ਦੀ ਘਾਟ ਕਾਰਨ ਕਿਸਾਨਾਂ ਨੂੰ ਕਾਫ਼ੀ ਸਮੱਸਿਆ ਆ ਰਹੀ ਹੈ।

ਸਰਕਾਰ ਗਰੀਨ ਟ੍ਰਿਬਿਊਨਲ ਦੀਆਂ ਸਿਫਾਰਸ਼ਾਂ ਨੂੰ ਦਰਕਿਨਾਰ ਕਰਕੇ ਉਲਟਾ ਪਰਾਲੀ ਸਾੜ੍ਹਨ ਲਈ ਮਜ਼ਬੂਰ ਹੋਏ ਕਿਸਾਨਾਂ ਖਿਲਾਫ਼ ਪਰਚੇ ਦਰਜ ਕਰਨ, ਜ਼ੁਰਮਾਨੇ ਪਾਉਣ, ਰੈੱਡ ਐਂਟਰੀਆਂ ਕਰਨ ‘ਤੇ ਉਤਾਰੂ ਹੋਈ ਹੈ। ਇਸ ਲਈ 15 ਨਵੰਬਰ ਤੋਂ ਮਹਿਲਕਲਾਂ, ਸਹਿਣਾ ਅਤੇ ਬਰਨਾਲਾ ਬਲਾਕਾਂ ਦੀਆਂ ਆਗੂ ਟੀਮਾਂ ਹਰ ਪਿੰਡ ਦੀ ਦਾਣਾ ਮੰਡੀ ਵਿੱਚ ਜਾਣਗੀਆਂ, ਖ੍ਰੀਦ ਵਿੱਚ ਬੇਲੋੜੇ ਅੜਿੱਕੇ ਡਾਹੁਣ ਵਾਲੇ ਖ੍ਰੀਦ ਏਜੰਸੀਆਂ ਦੇ ਅਧਿਕਾਰੀਆਂ, ਸ਼ੈਲਰ ਮਾਲਕ/ਆੜਤੀਆਂ ਖਿਲਾਫ਼ ਤਿੱਖੇ ਐਕਸ਼ਨ ਪ੍ਰੋਗਰਾਮ ਕੀਤੇ ਜਾਣਗੇ। ਕਿਸਾਨਾਂ ਦੀ ਫ਼ਸਲ ਦਾ ਦਾਣਾ ਦਾਣਾ ਚੁਕਵਾਉਣ ਤੱਕ ਜਥੇਬੰਦੀ ਟਿਕਕੇ ਨਹੀਂ ਬੈਠੇਗੀ।

ਆਗੂਆਂ ਭੋਲਾ ਸਿੰਘ ਛੰਨਾਂ, ਨਾਨਕ ਸਿੰਘ ਅਮਲਾ ਸਿੰਘ ਵਾਲਾ, ਬਾਬੂ ਸਿੰਘ ਖੁੱਡੀਕਲਾਂ ਨੇ ਕਿਹਾ ਆਪਣੀ ਜਥੇਬੰਦੀ ਦੇ ਜ਼ੋਰ ਕਿਸਾਨਾਂ-ਮਜ਼ਦੂਰਾਂ ਦੇ ਬੁਨਿਆਦੀ ਮਸਲੇ ਆਪਣੀ ਜਥੇਬੰਦਕ ਤਾਕਤ ਦੇ ਜ਼ੋਰ ਹੱਲ ਕਰਵਾਏ ਜਾ ਸਕਦੇ ਹਨ। ਆਗੂਆਂ ਕੁਲਵੰਤ ਸਿੰਘ ਹੰਡਿਆਇਆ, ਰਾਮ ਸਿੰਘ ਸ਼ਹਿਣਾ, ਸੰਦੀਪ ਸਿੰਘ ਚੀਮਾ, ਸਤਨਾਮ ਸਿੰਘ ਬਰਨਾਲਾ, ਮਨਜੀਤ ਸਿੰਘ ਗੋਰਾ ਰਾਏਸਰ, ਰਾਮ ਸਿੰਘ ਸਹਿਣਾ, ਗੋਪਾਲ ਕ੍ਰਿਸ਼ਨ, ਸੁਖਦੇਵ ਸਿੰਘ ਪੱਪੂ, ਸੁਖਚੈਨ ਸਿੰਘ , ਕਾਲਾ ਰਾਏਸਰ ਆਦਿ ਕਿਸਾਨ ਆਗੂਆਂ ਨੇ ਵੀ ਵਿਚਾਰ ਰੱਖਦਿਆਂ 18 ਨਵੰਬਰ ਨੂੰ ਬਰਨਾਲਾ ਵਿਧਾਨ ਸਭਾ ਹਲਕੇ ਵਿੱਚ ਆਮ ਆਦਮੀ ਪਾਰਟੀ ਦੀ ਕਿਸਾਨ ਵਿਰੋਧੀ ਨੀਤੀ ਅਤੇ ਕੁਲਰੀਆਂ ਜ਼ਮੀਨ ਮਾਲਕ ਕਿਸਾਨਾਂ ਕੋਲੋਂ ਜਮੀਨ ਖੋਹਣ ਵਾਲੇ, ਗੁੰਡਾਗਰਦੀ ਕਰਨ ਵਾਲੇ ਸਰਗਣੇ ਰਾਜਵੀਰ ਸਿੰਘ ਨੂੰ ਆਮ ਆਦਮੀ ਪਾਰਟੀ ਦੇ ਪ੍ਰਧਾਨ ਬੁੱਧ ਰਾਮ ਵੱਲੋਂ ਸਿਆਸੀ ਸ਼ਹਿ ਦੇਣ ਦਾ ਪਰਦਾਫਾਸ਼ ਕਰਨ ਲਈ ਕੀਤੇ ਜਾਣ ਵਾਲੇ ਮਾਰਚ ਵਿੱਚ ਕਾਫ਼ਲੇ ਬੰਨ ਕੇ ਪੁੱਜਣ ਦੀ ਅਪੀਲ ਕੀਤੀ।

 

Leave a Reply

Your email address will not be published. Required fields are marked *