All Latest News

Punjab News: ਭਗਵੰਤ ਮਾਨ ਦੇ ਜ਼ਿਲ੍ਹੇ ‘ਚ ਖਰੀਦ ਦੇ ਮਾੜੇ ਪ੍ਰਬੰਧਾਂ ਖਿਲਾਫ ਕਿਰਤੀ ਕਿਸਾਨ ਯੂਨੀਅਨ ਵੱਲੋਂ ਚੱਕਾ ਜਾਮ

 

ਦਲਜੀਤ ਕੌਰ, ਮਸਤੂਆਣਾ ਸਾਹਿਬ

ਮੁੱਖ ਮੰਤਰੀ ਭਗਵੰਤ ਮਾਨ ਮੰਡੀਆਂ ਚੋਂ ਕਿਸਾਨਾਂ ਦੀ ਫਸਲ ਦਾ ਦਾਣਾ ਦਾਣਾ ਚੁੱਕਣ ਦੇ ਦਾਅਵੇ ਕਰਦੇ ਸਨ ਪਰ ਖੁਦ ਉਨ੍ਹਾਂ ਦੇ ਜ਼ਿਲ੍ਹੇ ਦੀਆਂ ਮੰਡੀਆਂ ਦਾ ਇਹ ਹਾਲ ਹੈ ਕਿ 15-15 ਦਿਨਾਂ ਤੋਂ ਕਿਸਾਨ ਮੰਡੀਆਂ ਵਿੱਚ ਬੈਠੇ ਹਨ ਪਰ ਉਹਨਾਂ ਦੀ ਫਸਲ ਦੀ ਖਰੀਦ ਨਹੀਂ ਹੋ ਰਹੀ। ਉੱਪਰੋਂ ਮੌਸਮ ਵਿੱਚ ਨਮੀਂ ਦੀ ਮਾਤਰਾ ਵਧਣ ਕਾਰਨ ਅਤੇ ਧੁੰਦ ਤੇ ਤ੍ਰੇਲ ਪੈਣ ਦੇ ਕਾਰਨ ਸਥਿਤੀ ਹੋਰ ਵੀ ਗੰਭੀਰ ਹੋ ਗਈ ਹੈ। ਮੰਡੀਆਂ ਵਿੱਚ ਹੋ ਰਹੀ ਲੁੱਟ ਤੋਂ ਤੰਗ ਆ ਕੇ ਅੱਜ ਵੱਡੀ ਗਿਣਤੀ ਕਿਸਾਨ ਇਕੱਠੇ ਹੋ ਕੇ ਬਹਾਦਰਪੁਰ ਵਿਖੇ ਸੰਗਰੂਰ ਬਰਨਾਲਾ ਰੋਡ ਤੇ 12.30 ਤੋਂ 1.30 ਵਜੇ ਤੱਕ ਚੱਕਾ ਜਾਮ ਕੀਤਾ।

ਮੌਕੇ ਤੇ ਮਾਰਕਫੈਡ ਦੇ ਜਿਲ੍ਹਾ ਮੈਨੇਜਰ ਨੇ ਆ ਕੇ ਜਿਲਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹਨਾਂ ਨੂੰ ਮੰਡੀਆਂ ਵਿੱਚ ਖੱਜਲ ਨਹੀਂ ਹੋਣਾ ਪਵੇਗਾ ਅਤੇ ਸੈਲਰ ਮਾਲਕਾਂ ਨਾਲ ਤਾਲਮੇਲ ਕਰਕੇ ਕਿਸਾਨਾਂ ਦੀ ਬਿਨਾਂ ਕੱਟ ਤੋਂ ਫਸਲ ਖਰੀਦੀ ਜਾਵੇਗੀ। ਉਹਨਾਂ ਦੇ ਭਰੋਸੇ ਤੇ ਜਾਮ ਖੋਲਿਆ ਗਿਆ ਅਤੇ ਤੁਰੰਤ ਮੰਡੀਆਂ ਵਿੱਚ ਖਰੀਦ ਸ਼ੁਰੂ ਕਰਵਾਈ ਗਈ। ਨਾਲ ਹੀ ਕਿਸਾਨਾਂ ਨੇ ਐਲਾਨ ਕੀਤਾ ਜੇਕਰ ਕੋਈ ਢਿੱਲ ਮੱਠ ਹੋਈ ਤਾਂ ਕੱਲ੍ਹ ਤੋਂ ਬਾਅਦ ਮੰਡੀਆਂ ਵਿੱਚ ਭਗਵੰਤ ਮਾਨ ਦੇ ਵੱਡ ਅਕਾਰੀ ਪੁਤਲੇ ਬਣਾ ਕੇ ਉਹਨਾਂ ਤੇ ਜੁੱਤੀਆਂ ਦੇ ਹਾਰ ਪਾਏ ਜਾਣਗੇ ਅਤੇ ਉਸ ਤੋਂ ਬਾਅਦ ਬਾਕੀ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਸੰਘਰਸ਼ ਉਲੀਕਿਆ ਜਾਵੇਗਾ।

ਇਸ ਮੌਕੇ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ, ਜ਼ਿਲ੍ਹਾ ਸਕੱਤਰ ਦਰਸ਼ਨ ਸਿੰਘ ਕੁੰਨਰਾਂ ਤੇ ਸੀਨੀਅਰ ਮੀਤ ਪ੍ਰਧਾਨ ਭਜਨ ਸਿੰਘ ਢੱਡਰੀਆਂ ਨੇ ਕਿਹਾ ਕਿ ਪੰਜਾਬ ਦੇ ਲੋਕ ਆਪਣੇ ਆਪ ਨੂੰ ਲਾਵਾਰਸ ਮਹਿਸੂਸ ਕਰ ਰਹੇ ਹਨ ਕਿਉਂਕਿ ਸਰਕਾਰ ਪੰਜਾਬ ਵਿੱਚੋਂ ਗਾਇਬ ਹੈ ਮੰਡੀਆਂ ਵਿੱਚ ਕਿਸਾਨਾਂ ਦੀ ਸ਼ਰੇਆਮ ਲੁੱਟ ਹੋ ਰਹੀ ਹੈ ਤੇ ਕਿਸਾਨਾਂ ਦੀ ਬਾਂਹ ਫੜਨ ਵਾਲਾ ਕੋਈ ਨਹੀਂ ਹੈ। ਮੁੱਖ ਮੰਤਰੀ ਵੋਟਾਂ ਮੰਗਣ ਵਿੱਚ ਮਸਰੂਫ ਹੈ। ਜਦੋਂ ਤੋਂ ਝੋਨਾ ਪੰਜਾਬ ਵਿੱਚ ਲੱਗਣਾ ਸ਼ੁਰੂ ਹੋਇਆ ਉਦੋਂ ਤੋਂ ਇਹ ਪਹਿਲੀ ਵਾਰ ਹੈ ਕਿ ਇਸ ਤਰ੍ਹਾਂ ਮੰਡੀਆਂ ਵਿੱਚ ਕਿਸਾਨਾਂ ਨੂੰ ਲੁੱਟਿਆ ਜਾ ਰਿਹਾ ਹੈ।

ਪ੍ਰਤੀ ਕੁਇੰਟਲ 5 ਤੋਂ 10 ਕਿਲੋ ਤੱਕ ਕਾਟ ਕਿਸਾਨਾਂ ਤੋਂ ਮੰਗੀ ਜਾ ਰਹੀ ਹੈ। ਖਰੀਦ ਏਜੰਸੀਆਂ ਦੇ ਅਧਿਕਾਰੀ ਸੁੱਕੀ ਫਸਲ ਦੀ ਵੀ ਬੋਲੀ ਨਹੀਂ ਲਾ ਰਹੇ।ਉੱਪਰੋਂ ਮੌਸਮ ਖ਼ਰਾਬ ਹੋਣ ਕਰਕੇ ਕਿਸਾਨਾਂ ਦੇ ਝੋਨੇ ਦੀ ਨਮੀਂ ਵਧ ਰਹੀ ਹੈ। ਕਿਸਾਨਾਂ ਕੋਲੇ ਨਵੀਂ ਨੂੰ ਘਟਾਉਣ ਦਾ ਲਈ ਕੋਈ ਯੰਤਰ ਨਹੀਂ ਹੈ। ਆਗੂਆਂ ਨੇ ਦੱਸਿਆ ਕਿ ਅੱਜ ਵਧੀਕ ਡਿਪਟੀ ਕਮਿਸ਼ਨਰ ਅਮਿਤ ਬੈਂਬੀ, ਮਾਰਕਫੈਡ ਦੇ ਜਿਲ੍ਹਾ ਮੈਨੇਜਰ ਅਤੇ ਜਿਲਾ ਖੁਰਾਕ ਸਪਲਾਈ ਕੰਟਰੋਲਰ ਨਾਲ ਹੋਈ ਮੀਟਿੰਗ ਵਿੱਚ ਉਨਾਂ ਭਰੋਸਾ ਦਿੱਤਾ ਹੈ ਕਿ ਕਿਸਾਨਾਂ ਦਾ ਦਾਣਾ ਦਾਣਾ ਖਰੀਦਿਆ ਜਾਵੇਗਾ ਤੇ ਅੱਜ ਹੀ ਇਸ ਸਬੰਧੀ ਸ਼ੈਲਰ ਮਾਲਕਾਂ ਤੇ ਖਰੀਦ ਏਜੰਸੀ ਦੇ ਅਧਿਕਾਰੀਆਂ ਨੂੰ ਹਦਾਇਤਾਂ ਕਰ ਦਿੱਤੀਆਂ ਹਨ ਕਿ ਉਹ ਮਾਮਲੇ ਦਾ ਕਿਸਾਨ ਪੱਖੀ ਹੱਲ ਕਰਨ ਅਤੇ ਸਹੀ ਖਰੀਦ ਯਕੀਨੀ ਬਣਾਉਣ।

ਅੱਜ ਦੇ ਧਰਨੇ ਨੂੰ ਬੀਕੇਯੂ ਡਕੌਂਦਾ ਧਨੇਰ ਵੱਲੋਂ ਵੀ ਹਮਾਇਤ ਦਿੱਤੀ ਗਈ ਅਤੇ ਜਿਲ੍ਹਾ ਸਕੱਤਰ ਜਗਤਾਰ ਸਿੰਘ ਦੁੱਗਾਂ, ਜ਼ਿਲ੍ਹਾ ਆਗੂ ਬਹਾਦਰ ਸਿੰਘ ਦੁੱਗਾਂ ਨੇ ਸਾਥੀਆਂ ਸਮੇਤ ਸਮੂਲੀਅਤ ਕੀਤੀ। ਇਸ ਸਮੇਂ ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਸੁਖਦੇਵ ਸਿੰਘ ਉਭਾਵਾਲ, ਕਰਮਜੀਤ ਸਿੰਘ ਸਤੀਪੁਰਾ, ਇਕਾਈ ਬਹਾਦਰਪੁਰ ਦੇ ਆਗੂ ਸਤਵਿੰਦਰ ਸਿੰਘ,ਸਕੱਤਰ ਧਰਮ ਸਿੰਘ, ਯੂਥ ਵਿੰਗ ਦੇ ਆਗੂ ਬਿੰਟਾ ਸਿੰਘ, ਅੰਮ੍ਰਿਤ ਸਿੰਘ, ਜੁਝਾਰ ਸਿੰਘ ਬਡਰੁੱਖਾਂ, ਬਲਜੀਤ ਸਿੰਘ ਦੁੱਗਾਂ, ਹਰਦੇਵ ਸਿੰਘ ਦੁੱਲਟ, ਭੋਲਾ ਸਿੰਘ ਪਨਾਂਚ ਸਮੇਤ ਕਿਸਾਨ ਆਗੂਆਂ ਨੇ ਸੰਬੋਧਨ ਕੀਤਾ।

Leave a Reply

Your email address will not be published. Required fields are marked *