Air Pollution: ਚੰਡੀਗੜ੍ਹ ‘ਚ ਮਾਸਕ ਪਾਉਣ ਦੀ ਸਲਾਹ, ਸਿਹਤ ਵਿਭਾਗ ਨੇ ਜਾਰੀ ਕੀਤੀ ਐਡਵਾਈਜ਼ਰੀ
Chandigarh Air Pollution :
ਉੱਤਰ ਭਾਰਤ ‘ਚ ਹਵਾ ਪ੍ਰਦੂਸ਼ਣ ਨੂੰ ਲੈ ਕੇ ਹਾਹਾਕਾਰੀ ਮੱਚੀ ਹੋਈ ਹੈ। ਦਿੱਲੀ ਸਮੇਤ ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਇਸ ਧੁੰਦ ਅਤੇ ਧੁੰਏ ਦੇ ਮਿਲਗੋਭੇ ‘ਸਮੋਘ’ ਦੀ ਚਾਦਰ ਨਾਲ ਲਿਪਟੇ ਹੋਏ ਹਨ, ਜਿਸ ਦੀ ਹਵਾ ਵਿੱਚ ਲੋਕਾਂ ਦਾ ਸਾਹ ਲੈਣਾ ਔਖਾ ਹੋ ਰਿਹਾ ਹੈ।
ਇਸ ਦੇ ਮੱਦੇਨਜ਼ਰ ਹੁਣ ਚੰਡੀਗੜ੍ਹ ‘ਚ ਮਾਸਕ ਪਾਉਣ ਦੀ ਸਲਾਹ ਹੈ। ਚੰਡੀਗੜ੍ਹ ਸਿਹਤ ਵਿਭਾਗ ਨੇ ਇੱਕ ਅਡਵਾਈਜ਼ਰੀ ਜਾਰੀ ਕਰਕੇ ਲੋਕਾਂ ਨੂੰ ਸ਼ਹਿਰ ਵਿੱਚ ਮਾਸਕ ਪਾਉਣਾ ਜ਼ਰੂਰੀ ਕੀਤਾ ਹੈ।
ਜ਼ਿਕਰ ਕਰਨਾ ਬਣਦਾ ਹੈ ਕਿ ਇਸ ਸਮੇਂ ਦੇਸ਼ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਵਿੱਚ ਚੰਡੀਗੜ੍ਹ ਦੂਜੇ ਨੰਬਰ ‘ਤੇ ਹੈ ਅਤੇ ਚੰਡੀਗੜ੍ਹ ਪਿਛਲੇ ਹਫ਼ਤੇ ਤੋਂ ਲਗਾਤਾਰ ਰੈਡ ਜ਼ੋਨ ਵਿੱਚ ਸ਼ਾਮਲ ਹੈ।
ਇਸਦੇ ਮੱਦੇਨਜ਼ਰ ਹੀ ਪ੍ਰਸ਼ਾਸਨ ਨੇ ਬੀਤੇ ਕੱਲ੍ਹ ਡੀਜ਼ਲ ਜਨਰੇਟਰ ਸੈੱਟ ਚਲਾਉਣ ‘ਤੇ ਪਾਬੰਦੀ ਲਗਾ ਦਿੱਤੀ ਸੀ। ਅਡਵਾਈਜ਼ਰੀ ਵਿੱਚ ਸਿਹਤ ਵਿਭਾਗ ਵੱਲੋਂ ਮਰੀਜ਼ਾਂ ਨੂੰ ਵੀ ਵਿਸ਼ੇਸ਼ ਸਾਵਧਾਨੀਆਂ ਵਰਤਣ ਲਈ ਕਿਹਾ ਗਿਆ ਹੈ।
ਵੇਖੋ ਅਡਵਾਈਜ਼ਰੀ ਦੀਆਂ ਹੋਰ ਗੱਲਾਂ :
- ਸਵੇਰੇ-ਸ਼ਾਮ ਦੌੜ ਜਾਂ ਕੋਈ ਹੋਰ ਸਰੀਰਕ ਕਸਰਤ ਨਾ ਕੀਤੀ ਜਾਵੇ।
- ਦੁਪਹਿਰ 12 ਵਜੇ ਤੋਂ ਪਹਿਲਾਂ ਅਤੇ ਸ਼ਾਮ 4 ਵਜੇ ਤੋਂ ਬਾਅਦ ਘਰਾਂ ਦੀਆਂ ਖਿੜਕੀਆਂ-ਦਰਵਾਜ਼ੇ ਬੰਦ ਰੱਖੇ ਜਾਣ।
- ਲੱਕੜ, ਕੋਲਾ, ਮਿੱਟੀ ਦਾ ਤੇਲ ਆਦਿ ਸਾੜਨ ਤੋਂ ਬਚਿਆ ਜਾਵੇ।
- ਫੇਫੜਿਆਂ ਜਾਂ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਲੋਕ ਵਿਸ਼ੇਸ਼ ਸਾਵਧਾਨੀਆਂ ਵਰਤਣ।
- ਬੀੜੀ ਅਤੇ ਸਿਗਰਟ ਪੀਣ ਤੋਂ ਬਚਣ ਦੀ ਅਪੀਲ।
- ਘਰਾਂ ‘ਚ ਰੂਮ ਫਰੈਸ਼ਨਰ, ਮੱਛਰ ਭਜਾਉਣ ਵਾਲੇ ਕੋਇਲਾਂ ਅਤੇ ਧੂਪ ਸਟਿੱਕਾਂ ਦੀ ਵਰਤੋਂ ਤੋਂ ਗੁਰੇਜ਼ ਕੀਤਾ ਜਾਵੇ।
- ਅੱਖਾਂ ਨੂੰ ਸਾਫ਼ ਪਾਣੀ ਨਾਲ ਧੋਇਆ ਜਾਵੇ। ਜਲਣ ਹੋਣ ਦੀ ਸੂਰਤ ਵਿੱਚ ਡਾਕਟਰ ਨਾਲ ਕੀਤਾ ਜਾਵੇ ਸੰਪਰਕ।
ਖ਼ਬਰ ਸ੍ਰੋਤ- ਪੀਟੀਸੀ