ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਰਿਹਾਇਸ਼ ਅੱਗੇ ਸਾਂਝਾ ਅਧਿਆਪਕ ਮੋਰਚਾ ਵੱਲੋਂ ਸੂਬਾਈ ਰੈਲੀ ਕਰਨ ਦਾ ਐਲਾਨ
ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ 1 ਦਸੰਬਰ ਨੂੰ ਸਿੱਖਿਆ ਮੰਤਰੀ ਦੀ ਰਿਹਾਇਸ਼ ਸਾਹਮਣੇ ਸੂਬਾ ਪੱਧਰੀ ਰੋਸ ਰੈਲੀ ਕਰਨ ਦਾ ਐਲਾਨ
ਫਰੀਦਕੋਟ ਜ਼ਿਲ੍ਹੇ ਦੇ ਅਧਿਆਪਕਾਂ ਨੇ ਸ਼ਮੂਲੀਅਤ ਕਰਨ ਲਈ ਕੀਤੀ ਤਿਆਰੀ ਮੀਟਿੰਗ
ਪੰਜਾਬ ਨੈੱਟਵਰਕ, ਫਰੀਦਕੋਟ
ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ ਅਧਿਆਪਕਾਂ ਦੇ ਵੱਖ-ਵੱਖ ਵਰਗਾਂ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਹੱਕੀ ਅਤੇ ਜਾਇਜ਼ ਮੰਗਾਂ ਪ੍ਰਤੀ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੇ ਅਧਿਆਪਕ ਵਿਰੋਧੀ ਵਤੀਰੇ ਖਿਲਾਫ ਸਿੱਖਿਆ ਮੰਤਰੀ ਪੰਜਾਬ ਦੀ ਰਿਹਾਇਸ਼ ਸਾਹਮਣੇ 1 ਦਸੰਬਰ ਨੂੰ ਪਿੰਡ ਗੰਭੀਰਪੁਰ ਨੇੜੇ ਅਨੰਦਪੁਰ ਸਾਹਿਬ ਵਿਖੇ ਸੂਬਾ ਪੱਧਰੀ ਰੋਸ ਰੈਲੀ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਇਸ ਰੈਲੀ ਦੀ ਤਿਆਰੀ ਲਈ ਫਰੀਦਕੋਟ ਜ਼ਿਲ੍ਹੇ ਦੇ ਆਗੂਆਂ ਦੀ ਇੱਕ ਮੀਟਿੰਗ ਸੁਰਿੰਦਰ ਕੰਬੋਜ ਸੂਬਾਈ ਕਨਵੀਨਰ ਸਾਂਝਾ ਅਧਿਆਪਕ ਮੋਰਚਾ ਪੰਜਾਬ ਅਤੇ ਅਧਿਆਪਕ ਆਗੂ ਪ੍ਰੇਮ ਚਾਵਲਾ ਦੀ ਪ੍ਰਧਾਨਗੀ ਹੇਠ ਸਥਾਨਕ ਸ਼ਹੀਦ ਭਗਤ ਸਿੰਘ ਪਾਰਕ ਵਿਖੇ ਹੋਈ।
ਮੀਟਿੰਗ ਦੌਰਾਨ ਸਾਂਝਾ ਅਧਿਆਪਕ ਮੋਰਚਾ ਦੇ ਆਗੂ ਸਰਬਜੀਤ ਸਿੰਘ ਬਰਾੜ, ਜੰਗ ਬਹਾਦਰ ਸਿੰਘ , ਕੁਲਦੀਪ ਸਿੰਘ ਸਹਿਦੇਵ, ਜਸਕੇਵਲ ਸਿੰਘ ਸਿੰਘ ਗੋਲੇਵਾਲੀਆ ਤੇ ਨਿਰਮਲ ਸਿੰਘ ਬਰਾੜ ਨੇ ਪੰਜਾਬ ਸਰਕਾਰ ਤੇ ਦੋਸ਼ ਲਾਇਆ ਗਿਆ ਕਿ ਸਿੱਖਿਆ ਵਿਭਾਗ ਪੰਜਾਬ ਦੇ ਪ੍ਰਾਇਮਰੀ ਅਤੇ ਸੈਕੰਡਰੀ ਵਿਭਾਗ ਦੇ ਵੱਖ ਵੱਖ ਵਰਗਾਂ ਦੀਆਂ ਬਣ ਗਈਆਂ ਤਰੱਕੀਆਂ ਨਹੀਂ ਕੀਤੀਆਂ ਜਾ ਰਹੀਆਂ, ਜਿਵੇਂ ਕਿ ਈ ਟੀ ਟੀ ਟੀਚਰ ਤੋਂ ਮਾਸਟਰ ਕਾਡਰ ਤੇ ਹੈਡ ਟੀਚਰ, ਹੈਡ ਟੀਚਰ ਤੋਂ ਸੈਂਟਰ ਹੈਡ ਟੀਚਰ, ਸੈਂਟਰ ਹੈਡ ਟੀਚਰ ਤੋਂ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ, ਮਾਸਟਰ ਕਾਡਰ ਤੋਂ ਲੈਕਚਰਾਰ ਤੇ ਮੁੱਖ ਅਧਿਆਪਕ, ਲੈਕਚਰਾਰ ਕਾਡਰ ਤੋਂ ਪ੍ਰਿੰਸੀਪਲ ਆਦਿ।
ਮੀਟਿੰਗ ਵਿੱਚ ਸਿੱਖਿਆ ਮੰਤਰੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਸਾਰੇ ਵਰਗਾਂ ਦੀਆਂ ਬਣਦੀਆਂ ਤਰੱਕੀਆਂ ਦੇ ਹੁਕਮ ਤੁਰੰਤ ਜਾਰੀ ਕੀਤੇ ਜਾਣ, ਤਰੱਕੀਆਂ ਕਰਨ ਸਮੇਂ ਸਾਰੀਆਂ ਖਾਲੀ ਪੋਸਟਾਂ ਸ਼ੋਅ ਕੀਤੀਆਂ ਜਾਣ, ਪੀ ਐਮ ਸ਼੍ਰੀ ਦੇ ਨਾਂ ਤੇ ਸਕੂਲਾਂ ਦਾ ਨਾਂ ਬਦਲਣ ਦੇ ਫੈਸਲੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ।
ਇਹ ਮੰਗ ਵੀ ਕੀਤੀ ਗਈ ਕਿ ਪਿਕਟਸ ਅਧੀਨ ਸਰਕਾਰੀ ਸਕੂਲਾਂ ਵਿੱਚ ਕੰਮ ਕਰਦੇ ਕੰਪਿਊਟਰ ਅਧਿਆਪਕਾਂ ਨੂੰ ਤੁਰੰਤ ਸਿੱਖਿਆ ਵਿਭਾਗ ਵਿੱਚ ਮਰਜ ਕੀਤਾ ਜਾਵੇ ਤੇ ਪੰਜਾਬ ਦਾ ਛੇਵਾਂ ਕਮਿਸ਼ਨ ਲਾਗੂ ਕੀਤਾ ਜਾਵੇ, ਪਹਿਲਾਂ ਹੋਈ ਸਹਿਮਤੀ ਅਨੁਸਾਰ ਸਰਕਾਰੀ ਸਕੂਲਾਂ ਵਿੱਚ ਕੰਮ ਕਰਦੇ ਐਸ ਐਲ ਏ ਦਾ ਨਾਂ ਬਦਲਿਆ ਜਾਵੇ, ਨਿਜੀਕਰਨ ਅਤੇ ਕੇਂਦਰੀਕਰਨ ਪੱਖੀ ਕੌਮੀ ਸਿੱਖਿਆ ਨੀਤੀ 2020 ਨੂੰ ਪੰਜਾਬ ਵਿੱਚ ਲਾਗੂ ਕਰਨ ਤੇ ਤੁਰੰਤ ਰੋਕ ਲਗਾਈ ਜਾਵੇ।
ਕਿਉਂਕਿ ਇਸ ਨੀਤੀ ਤਹਿਤ ਪ੍ਰਾਇਮਰੀ ਦੇ ਦਾਖਲੇ ਸੀਨੀਅਰ ਸੈਕੰਡਰੀ ਵਿੱਚ ਕਰਨ ਅਤੇ ਕੰਪਲੈਕਸ ਸਕੂਲ ਰੂਪੀ ਸਿੱਖਿਆ ਦਾ ਕਾਰਪੋਰੇਟ ਮਾਡਲ ਖੜਾ ਕਰਨਾ ਤੁਰੰਤ ਬੰਦ ਕੀਤਾ ਜਾਵੇ। ਮੀਟਿੰਗ ਦੌਰਾਨ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਵੱਲੋਂ ਸੀ ਐਂਡ ਵੀ ਅਧਿਆਪਕਾਂ ਦੀਆਂ ਤਨਖਾਹਾਂ ਘਟਾਉਣ ਸਬੰਧੀ ਮਿਤੀ 8 ਨਵੰਬਰ 2024 ਨੂੰ ਜਾਰੀ ਕੀਤੇ ਗਏ ਪੱਤਰ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਅਤੇ ਤੁਰੰਤ ਇਸ ਪੱਤਰ ਨੂੰ ਵਾਪਸ ਲੈ ਕੇ ਸਵੈ ਸਪਸ਼ਟ ਪੱਤਰ ਜਾਰੀ ਕਰਨ ਦੀ ਮੰਗ ਕੀਤੀ ਗਈ।
ਇਸ ਮੀਟਿੰਗ ਵਿੱਚ ਵੱਖ ਵੱਖ ਜਥੇਬੰਦੀਆਂ ਦੇ ਆਗੂ ਸੁਖਪਾਲ ਸਿੰਘ, ਕਪਿਲ ਕਪੂਰ, ਜਸਕਰਨ ਸਿੰਘ, , ਗੁਰਿੰਦਰ ਸਿੰਘ ਮਨੀ ਸੋਹਣ ਸਿੰਘ ਪੱਖੀ, ਬੇਅੰਤ ਸਿੰਘ ਮੌੜ, ਮਨਪ੍ਰੀਤ ਸਿੰਘ , ਮੁਲਾਜ਼ਮ ਆਗੂ ਜਤਿੰਦਰ ਕੁਮਾਰ ਅਤੇ ਪੈਨਸ਼ਨਰ ਆਗੂ ਅਸ਼ੋਕ ਕੌਸ਼ਲ, ਕੁਲਵੰਤ ਸਿੰਘ ਚਾਨੀ ਤੇ ਗੁਰਚਰਨ ਸਿੰਘ ਮਾਨ ਆਦਿ ਸ਼ਾਮਲ ਹੋਏ । ਫੈਸਲਾ ਕੀਤਾ ਗਿਆ ਕਿ ਫਰੀਦਕੋਟ ਜ਼ਿਲ੍ਹੇ ਦੇ ਅਧਿਆਪਕ ਸਿੱਖਿਆ ਮੰਤਰੀ ਪੰਜਾਬ ਸਰਕਾਰ ਦੇ ਖਿਲਾਫ 1ਦਸੰਬਰ ਨੂੰ ਪਿੰਡ ਗੰਭੀਰਪੁਰ ਵਿਖੇ ਹੋ ਰਹੀ ਸੂਬਾਈ ਰੈਲੀ ਵਿੱਚ ਸ਼ਮੂਲੀਅਤ ਕਰਨਗੇ।