ਪੈਲੀਆਂ ‘ਤੇ ਕਬਜ਼ਾ! ਬੇਇਨਸਾਫ਼ੀ ਵਿਰੁੱਧ ਪ੍ਰਦਰਸ਼ਨ ਕਰਦੇ ਕਿਸਾਨਾਂ ਤੇ ਅੱਥਰੂ ਗੈਸ ਦੇ ਛੱਡੇ ਗੋਲੇ, ਪਾਣੀ ਦੀਆਂ ਬੁਛਾੜਾਂ ਤੇ ਲਾਠੀਚਾਰਜ਼
ਦਲਜੀਤ ਕੌਰ, ਬਠਿੰਡਾ
ਕੱਲ੍ਹ ਪੰਜਾਬ ਸਰਕਾਰ ਵੱਲੋਂ ਪੁਲਿਸ ਦੇ ਧੱਕੇ ਦੇ ਜ਼ੋਰ ਤਿੰਨ ਪਿੰਡਾਂ ਦੁੱਨੇਆਣਾ, ਭਗਵਾਨਗੜ ਅਤੇ ਸ਼ੇਰਗੜ੍ਹ ਦੀ ਭਾਰਤ ਮਾਲਾ ਸੜਕ ਅਧੀਨ ਅਕਵਾਇਰ ਕੀਤੀ ਜ਼ਮੀਨ ਨਿਗੂਣਾ ਮੁਆਵਜ਼ਾ ਦੇ ਕੇ ਉਹ ਵੀ ਸਾਂਝੇ ਖਾਤੇ ਵਿੱਚ ਹੀ ਕਾਬਜ਼ ਕਿਸਾਨਾਂ ਨੂੰ ਨਹੀਂ, ਕਬਜ਼ਾ ਕਰ ਲਿਆ ਸੀ। ਜਿੱਥੇ ਸਿਰਫ 48 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾ ਰਿਹਾ ਹੈ ਜਦੋਂ ਕਿ ਇਸ ਦੇ ਆਸੇ ਪਾਸੇ ਪਿੰਡਾਂ ਵਿੱਚ 82 ਤੋਂ 92 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਜ਼ਮੀਨ ਦਾ ਮੁਆਵਜ਼ਾ ਦਿੱਤਾ ਗਿਆ ਹੈ।
ਇਸ ਬੇਇਨਸਾਫ਼ੀ ਦੇ ਵਿਰੁੱਧ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੀ ਸੂਬਾ ਕਮੇਟੀ ਦੇ ਸੱਦੇ ਤਹਿਤ ਅੱਜ ਪੁਲਿਸ ਦੀਆਂ ਰੋਕਾਂ ਤੋੜਦੇ ਹੋਏ ਵੱਡੀ ਪੱਧਰ ‘ਤੇ ਕਿਸਾਨ ਸਮੇਤ ਔਰਤਾਂ ਜਬਰੀ ਕੀਤੇ ਕਬਜ਼ੇ ਵਾਲੀ ਜ਼ਮੀਨ ‘ਤੇ ਕਿਸਾਨਾਂ ਦਾ ਕਬਜ਼ਾ ਕਰਵਾਉਣ ਲਈ ਅੱਗੇ ਵਧੇ ਤਾਂ ਭਾਰੀ ਪੁਲਿਸ ਫੋਰਸ ਵੱਲੋਂ ਕਿਸਾਨਾਂ ਉੱਪਰ ਅਥਰੂ ਗੈਸ ਦੇ ਗੋਲੇ ਦਾਗੇ ਗਏ, ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ ਤੇ ਲਾਠੀ ਚਾਰਜ ਕੀਤਾ ਗਿਆ। ਜਿਸ ਦੌਰਾਨ ਵੱਡੀ ਗਿਣਤੀ ਵਿੱਚ ਕਿਸਾਨ ਜ਼ਖਮੀ ਹੋ ਗਏ। ਇਸ ਦੇ ਬਾਵਜੂਦ ਵੀ ਕੁੱਝ ਔਰਤਾਂ ਜਬਰੀ ਕਬਜ਼ਾ ਕੀਤੀ ਜ਼ਮੀਨ ‘ਤੇ ਪਹੁੰਚ ਗਈਆਂ।
ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਭਾਰਤੀ ਹਕੂਮਤ ਦੇਸ਼ ਦੇ ਮਾਲ ਖਜ਼ਾਨੇ ਅਤੇ ਜ਼ਮੀਨਾਂ ‘ਤੇ ਸਾਮਰਾਜੀ ਕੌਮੀ ਬਹੁ ਕੌਮੀ ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਕਰਵਾਉਣ ਲਈ ਪੁਲਿਸ ਅਤੇ ਫੌਜ ਦੀਆਂ ਧਾੜਾਂ ਚਾੜ੍ਹ ਕੇ ਲੋਕਾਂ ‘ਤੇ ਜਬਰ ਕਰ ਰਹੀ ਹੈ।
ਉਹਨਾਂ ਦਾ ਨਿਰਵਿਘਨ ਵਪਾਰ ਚਲਾਉਣ ਲਈ ਕਿਸਾਨਾਂ ਦੀਆਂ ਜ਼ਮੀਨਾਂ ਰੋਕ ਕੇ ਵੱਡੀਆਂ ਵੱਡੀਆਂ ਸੜਕਾਂ ਕੱਢੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਇਸੇ ਨੀਤੀ ‘ਤੇ ਚਲਦਿਆਂ ਪਿੰਡਾਂ ਦੀਆਂ ਸੱਥਾਂ ‘ਚੋਂ ਚੱਲਣ ਵਾਲੀ ਭਗਵੰਤ ਮਾਨ ਦੀ ਸਰਕਾਰ ਦਾ ਚਿਹਰਾ ਵੀ ਨੰਗਾ ਹੋ ਗਿਆ ਹੈ। ਜਿਸ ਨੇ ਕਿਹਾ ਸੀ ਕਿ ਕਿਸਾਨਾਂ ਦੀ ਸਹਿਮਤੀ ਬਿਨਾਂ ਜ਼ਮੀਨ ਦਾ ਇੱਕ ਇੰਚ ਵੀ ਧੱਕੇ ਨਾਲ ਨਹੀਂ ਖੋਹਿਆ ਜਾਵੇਗਾ। ਪਰ ਅੱਜ ਤਿੰਨ ਪਿੰਡਾਂ ਦੀ ਜ਼ਮੀਨ ‘ਤੇ ਭਾਰੀ ਪੁਲਸ ਫੋਰਸ ਲਾ ਕੇ ਕਬਜ਼ਾ ਕਰ ਲਿਆ ਹੈ। ਅਤੇ ਵਿਰੋਧ ਕਰ ਰਹੇ ਕਿਸਾਨਾਂ ‘ਤੇ ਬੁਰੀ ਤਰ੍ਹਾਂ ਜਬਰ ਢਾਹਿਆ ਗਿਆ ਹੈ।
ਅੱਜ ਹੋਏ ਲਾਠੀਚਾਰਜ ਤੋਂ ਬਾਅਦ ਪ੍ਰਸ਼ਾਸਨ ਨੇ ਕਿਸਾਨ ਆਗੂਆਂ ਨਾਲ ਗੱਲਬਾਤ ਕਰਨ ਦੀ ਪੇਸ਼ਕਸ਼ ਕੀਤੀ ਤਾਂ ਕਿਸਾਨਾਂ ਨੇ ਕਿਹਾ ਕਿ ਪਹਿਲਾਂ ਉਹਨਾਂ ਦੀਆਂ ਜ਼ਬਤ ਕੀਤੀਆਂ ਗੱਡੀਆਂ ਅਤੇ ਗ੍ਰਿਫਤਾਰ ਕੀਤੇ ਕਿਸਾਨਾਂ ਨੂੰ ਰਿਹਾਅ ਕੀਤਾ ਜਾਵੇ ਜਿਸ ਤੋਂ ਬਾਅਦ ਗੱਡੀਆਂ ਤੇ ਕਿਸਾਨ ਤਾਂ ਛੱਡ ਦਿੱਤੇ ਗਏ। ਪਰ ਜਿੰਨਾ ਚਿਰ ਉਸ ਜ਼ਮੀਨ ‘ਤੇ ਕਿਸਾਨਾਂ ਦਾ ਮੁੜ ਕਬਜ਼ਾ ਨਹੀਂ ਹੁੰਦਾ ਉਨਾ ਚਿਰ ਗੱਲਬਾਤ ਨਹੀਂ ਕੀਤੀ ਜਾਵੇਗੀ। ਇਸ ਤੋਂ ਬਾਅਦ ਕਿਸਾਨਾਂ ਵੱਲੋਂ ਦੁੱਨੇਆਣਾ ਦੇ ਗੁਰਦੁਆਰਾ ਸਾਹਿਬ ਵਿਖੇ ਰਾਤ ਦਾ ਠਹਿਰਾਅ ਕਰ ਲਿਆ ਗਿਆ ਹੈ।