ਕਿਸਾਨਾਂ ‘ਤੇ ਕੀਤੇ ਲਾਠੀਚਾਰਜ ਦੇ ਵਿਰੋਧ ‘ਚ ਕਿਸਾਨ ਮਜ਼ਦੂਰ ਜਥੇਬੰਦੀ ਨੇ ਭਗਵੰਤ ਮਾਨ ਸਰਕਾਰ ਦਾ ਪੁਤਲਾ ਸਾੜਿਆ
ਪੰਜਾਬ ਨੈੱਟਵਰਕ, ਫਿਰੋਜ਼ਪੁਰ-
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿਲਾ ਫਿਰੋਜਪੁਰ ਦੇ ਜੋਨ ਮੱਖੂ ਦੇ ਸੈਂਕੜੇ ਕਿਸਾਨਾਂ ਮਜ਼ਦੂਰਾਂ ਵੱਲੋਂ ਅੱਜ ਮੱਖੂ ਮੱਲਾਂਵਾਲਾ ਰੋਡ ਉੱਤੇ ਜੋਨ ਪ੍ਰਧਾਨ ਵੀਰ ਸਿੰਘ ਨਿਜਾਮਦੀਨ ਵਾਲਾ ਦੀ ਪ੍ਰਧਾਨਗੀ ਹੇਠ ਭਗਵੰਤ ਮਾਨ ਸਰਕਾਰ ਵੱਲੋਂ ਜਬਰੀ ਐਕਵਾਇਰ ਕਰਕੇ ਬਣਾਏ ਜਾ ਰਹੇ ਭਾਰਤ ਮਾਲਾ ਪ੍ਰੋਜੈਕਟ ਤਹਿਤ ਜ਼ਿਲ੍ਹਾ ਬਠਿੰਡਾ ਦੇ ਪਿੰਡ ਦੁਨੇ ਵਾਲਾ ਵਿਖੇ ਕਿਸਾਨਾਂ ਨੂੰ ਜ਼ਮੀਨਾਂ ਦੇ ਉਜਾੜੇ ਭੱਤੇ ਸਮੇਤ ਬਣਦੇ ਯੋਗ ਮੁਆਵਜ਼ੇ ਨਾਂ ਦੇ ਕੇ ਜਬਰੀ ਜ਼ਮੀਨਾਂ ਦੇ ਕਬਜ਼ੇ ਲਏ ਜਾ ਰਹੇ ਸਨ, ਜੋ ਕਿ ਉਥੇ ਕਿਸਾਨਾਂ ਮਜ਼ਦੂਰਾਂ ਵਲੋਂ ਸ਼ਾਂਤਮਈ ਤਰੀਕੇ ਨਾਲ ਆਪਣੇ ਹੱਕਾਂ ਲਈ ਪ੍ਰਦਰਸ਼ਨ ਕਰਨ ਤੇ ਆਪ ਸਰਕਾਰ ਵਲੋਂ ਜੋ ਜ਼ਬਰ ਢਾਹਿਆ ਗਿਆ ਤੇ ਕਿਸਾਨਾਂ ਮਜ਼ਦੂਰਾਂ ਤੇ ਅੱਥਰੂ ਗੈਸ ਦੇ ਗੋਲੇ, ਗੰਦੇ ਪਾਣੀ ਦੀਆਂ ਬੁਛਾੜਾਂ, ਲਾਠੀਚਾਰਜ ਕਰਕੇ ਪੁਲਿਸ ਵਲੋਂ ਜਮੀਨਾਂ ਤੋਂ ਕਿਸਾਨਾਂ ਨੂੰ ਖਦੇੜਨ ਲਈ ਜੋ ਅਤਿਆਚਾਰ ਕੀਤਾ ਹੈ ਬਹੁਤ ਹੀ ਨਿੰਦਣਯੋਗ ਹੈ।
ਉਸਦੇ ਵਿਰੋਧ ਵਿੱਚ ਭਗਵੰਤ ਮਾਨ ਸਰਕਾਰ ਦਾ ਪੁਤਲਾ ਫੂਕਿਆ ਗਿਆ ਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਸਬੰਧੀ ਲਿਖਤੀ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਆਗੂ ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ ਨੇ ਦੱਸਿਆ ਕਿ ਕਿਸੇ ਵੀ ਹਾਲਤ ਵਿੱਚ ਜਬਰੀ ਜਮੀਨਾਂ ਐਕਵਾਇਰ ਸਰਕਾਰ ਨੂੰ ਨਹੀਂ ਕਰਨ ਦਿੱਤੀਆਂ ਜਾਣਗੀਆਂ ਚਾਹੇ ਉਸ ਲਈ ਸਾਨੂੰ ਜਾਨਾਂ ਦੀ ਕੁਰਬਾਨੀ ਕਿਉਂ ਨਾਂਹ ਦੇਣੀਆਂ ਪੈਣ ਕਿਸਾਨ ਪਿੱਛੇ ਨਹੀਂ ਹੱਟਣਗੇ।
ਜੇਕਰ ਭਗਵੰਤ ਮਾਨ ਸਰਕਾਰ ਕਿਸਾਨਾਂ ਦੀ ਸਹਿਮਤੀ ਤੋਂ ਬਿਨਾਂ ਜ਼ਮੀਨਾਂ ਐਕਵਾਇਰ ਕਰਨ ਤੋਂ ਪਿਛੇ ਨਾਂਹ ਹਟੀ ਤਾਂ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੀਆਂ ਸਾਰੀਆਂ ਸੜਕਾਂ ਤੇ ਰੇਲ ਪਟੜੀਆਂ ਜਾਮ ਕੀਤੀਆਂ ਜਾਣਗੀਆਂ, ਜਿਸ ਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਮੌਕੇ ਕਮਲਜੀਤ ਸਿੰਘ ਮਰਹਾਣਾ, ਲਖਵਿੰਦਰ ਸਿੰਘ ਵਸਤੀ ਨਾਮਦੇਵ,ਜਸਵੰਤ ਸਿੰਘ, ਨਿਰਮਲ ਸਿੰਘ, ਗੁਰਿੰਦਰ ਸਿੰਘ, ਸਵਰਨ ਸਿੰਘ, ਗੁਰਮੀਤ ਸਿੰਘ ਠੇਕੇਦਾਰ, ਜੋਗਾ ਸਿੰਘ, ਜਗਰੂਪ ਸਿੰਘ, ਸਤਨਾਮ ਸਿੰਘ, ਦਰਸ਼ਨ ਸਿੰਘ, ਹਰਚਰਨ ਸਿੰਘ, ਦਲਜੀਤ ਸਿੰਘ, ਸਰਪੰਚ ਜੱਗੇਵਾਲਾ, ਬਲਕਾਰ ਸਿੰਘ, ਜੋਗਿੰਦਰ ਸਿੰਘ, ਕੁਲਦੀਪ ਸਿੰਘ, ਗੁਰਵਿੰਦਰ ਸਿੰਘ, ਦਲੀਪ ਸਿੰਘ , ਅਮਰਜੀਤ ਸਿੰਘ,ਦਿਆਲ, ਬੱਗਾ ਸਿੰਘ ਆਦਿ ਆਗੂ ਹਾਜਰ ਸਨ।