ਭਾਕਿਯੂ ਏਕਤਾ ਡਕੌਂਦਾ ਜਥੇਬੰਦੀ ‘ਚ ਵਾਧਾ, ਵੱਖ-ਵੱਖ ਜਥੇਬੰਦੀਆਂ ਨੂੰ ਛੱਡ ਕੇ ਵੱਡੀ ਗਿਣਤੀ ਕਿਸਾਨ ਹੋਏ ਸ਼ਾਮਿਲ
ਮੰਡੀਆਂ ਵਿੱਚ ਕਿਸਾਨਾਂ ਤੇ ਮਜ਼ਦੂਰਾਂ ਦੀ ਖੱਜਲ ਖੁਆਰੀ ਬੰਦ ਕਰੋ: ਨਾਨਕ ਸਿੰਘ ਅਮਲਾ ਸਿੰਘ ਵਾਲਾ
26 ਨਵੰਬਰ ਸੰਯੁਕਤ ਕਿਸਾਨ ਮੋਰਚਾ ਦੇ ਸਾਂਝੇ ਸੰਘਰਸ਼ ਦੇ ਚਾਰ ਸਾਲ ਪੂਰੇ ਹੋਣ ਸਮੇਂ ਵੱਡਾ ਇਕੱਠ ਕੀਤਾ ਜਾਵੇਗਾ: ਗੁਰਦੇਵ ਸਿੰਘ ਮਾਂਗੇਵਾਲ
ਦਲਜੀਤ ਕੌਰ, ਮਹਿਲ ਕਲਾਂ:
ਮਨਜੀਤ ਸਿੰਘ ਧਨੇਰ ਦੀ ਅਗਵਾਈ ਵਾਲੀ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੂੰ ਉਸ ਸਮੇਂ ਭਾਰੀ ਬਲ ਮਿਲਿਆ ਜਦੋਂ ਰਾਮ ਸਿੰਘ ਸੋਹੀ ਇਕਾਈ ਪ੍ਰਧਾਨ ਠੁੱਲੀਵਾਲ ਅਤੇ ਜਗਤਾਰ ਸਿੰਘ ਖਜ਼ਾਨਚੀ ਦੀ ਪ੍ਰੇਰਨਾ ਸਦਕਾ ਵੱਡੀ ਗਿਣਤੀ ਵਿੱਚ ਕਿਸਾਨ ਵੱਖ-ਵੱਖ ਜਥੇਬੰਦੀਆਂ ਨੂੰ ਛੱਡ ਕੇ ਭਾਕਿਯੂ ਏਕਤਾ ਡਕੌਂਦਾ ਵਿੱਚ ਸ਼ਾਮਲ ਹੋਏ।
ਇਸ ਸਮੇਂ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਆਗੂ ਗੁਰਦੇਵ ਸਿੰਘ ਮਾਂਗੇਵਾਲ ਅਤੇ ਬਲਾਕ ਆਗੂ ਸੁਖਦੇਵ ਸਿੰਘ ਕੁਰੜ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਅਤੇ ਫੈਡਰੇਸ਼ਨਾਂ ਦੇ ਸਾਂਝੇ ਸੱਦੇ ਨੂੰ ਸਫ਼ਲ ਬਣਾਉਣ ਲਈ ਚਾਰ ਸਾਲ ਪਹਿਲਾਂ 26 ਨਵੰਬਰ 2020 ਨੂੰ ਚਾਰ ਸਾਲ ਪਹਿਲਾਂ ਇਤਹਾਸਕ ਦਿਨ ‘ਤੇ ਲੋਕ ਵਿਰੋਧੀ ਕਾਲੇ ਕਾਨੂੰਨ ਰੱਦ ਕਰਾਉਣ ਲਈ ਦਿੱਲੀ ਵੱਲ ਕੂਚ ਕੀਤਾ ਸੀ। ਉਸ ਸਮੇਂ ਲੋਕ ਸੰਘਰਸ਼ ਦੇ ਦਬਾਅ ਕਰਕੇ ਕੇਂਦਰ ਦੀ ਮੋਦੀ ਹਕੂਮਤ ਨੂੰ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਲਈ ਕੌੜਾ ਅੱਕ ਚੱਬਣ ਲਈ ਮਜ਼ਬੂਰ ਹੋਣਾ ਪਿਆ, ਹੁਣ ਫ਼ੇਰ ਕੇਂਦਰ ਸਰਕਾਰ ਚੋਰ ਮੋਰੀਆਂ ਰਾਹੀਂ ਉਨ੍ਹਾ ਕਾਲੇ ਕਾਨੂੰਨਾਂ ਨੂੰ ਲਾਗੂ ਕਰਨ ਲਈ ਪੱਬਾਂ ਭਾਰ ਹੈ।
ਇਸੇ ਨੀਤੀ ਤੇ ਚਲਦਿਆਂ ਮੰਡੀਆਂ ਵਿੱਚ ਝੋਨੇ ਨੂੰ ਰੋਲਿਆ ਜਾ ਰਿਹਾ ਹੈ। ਝੋਨੇ ਵਿੱਚ ਨਮੀ ਦੀ ਮਾਤਰਾ 17 ਤੱਕ ਹੀ ਖਰੀਦਿਆ ਜਾ ਰਿਹਾ ਹੈ ਪਰ ਮੌਸਮ ਵਿੱਚ ਤਬਦੀਲੀ ਕਾਰਨ 17% ਨਮੀ ਕਿਸੇ ਵੀ ਹਾਲਤ ਵਿੱਚ ਨਹੀਂ ਆਉਂਦੀ ਇਸ ਲਈ ਨਮੀ ਨੂੰ 17% ਤੋਂ ਵਧਾਕੇ 22% ਕੀਤੀ ਜਾਵੇ ਅਤੇ ਜਲਦੀ ਤੋਂ ਜਲਦੀ ਮੰਡੀਆਂ ਵਿੱਚੋਂ ਕਿਸਾਨ ਨੂੰ ਫ਼ਾਰਗ ਕੀਤਾ ਜਾਵੇ ਤਾਂ ਜੋ ਕਿਸਾਨ ਕਣਕ ਬੀਜ ਸਕਣ।
ਕਣਕ ਦੀ ਬਿਜਾਈ ਦਾ 15 ਨਵੰਬਰ ਤੱਕ ਹੀ ਢੁਕਵਾਂ ਸਮਾਂ ਹੈ ਉਸ ਤੋਂ ਬਾਅਦ ਬੀਜੀ ਕਣਕ ਦੇ ਝਾੜ ਤੇ ਬੁਰਾ ਅਸਰ ਪੈਦਾ ਹੈ, ਪਰ ਅਜੇ ਤੱਕ ਵੀ ਪੰਜਾਬ ਸਰਕਾਰ ਨੇ ਡੀਏਪੀ ਖਾਦ ਦਾ ਪੂਰਾ ਪ੍ਰਬੰਧ ਨਹੀਂ ਕੀਤਾ ਜਿਸ ਤੋਂ ਕੇਂਦਰ ਤੇ ਪੰਜਾਬ ਸਰਕਾਰ ਦੀ ਨੀਤੀ ਸਪੱਸ਼ਟ ਹੁੰਦੀ ਹੈ ਕਿ ਸਰਕਾਰ ਕਿਸਾਨਾਂ ਨੂੰ ਜਮੀਨਾਂ ਵਿੱਚੋਂ ਹੱਥ ਖੜੇ ਕਰਕੇ ਬਾਹਰ ਹੋ ਜਾਣ ਅਤੇ ਜ਼ਮੀਨਾਂ ਕਾਰਪੋਰੇਟਾਂ ਦੇ ਹਵਾਲੇ ਕੀਤੀਆਂ ਜਾ ਸਕਣ।
ਇਸ ਸਮੇਂ ਪਿੰਡ ਠੁੱਲੀਵਾਲ ਦੇ ਇਕਾਈ ਪ੍ਧਾਨ ਰਾਮ ਸਿੰਘ ਸੋਹੀ ਅਤੇ ਜਗਤਾਰ ਸਿੰਘ ਖਜ਼ਾਨਚੀ ਦੀ ਪ੍ਰੇਰਨਾ ਸਦਕਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀਆਂ ਨੀਤੀਆਂ ਨੂੰ ਠੀਕ ਸਮਝਦੇ ਹੋਏ ਵੱਡੀ ਗਿਣਤੀ ਵਿੱਚ ਜਥੇਬੰਦੀ ਵਿੱਚ ਸ਼ਾਮਲ ਹੋਏ ਕਿਸਾਨਾਂ ਨੂੰ ਜੀ ਆਇਆਂ ਕਿਹਾ ਗਿਆ। ਆਗੂਆਂ ਨੇ ਜਥੇਬੰਦੀ ਦੇ ਸਿਰੋਪੇ ਪਾਕੇ ਸਨਮਾਨ ਕੀਤਾ ਅਤੇ ਸ਼ਾਮਲ ਹੋਏ ਸਾਥੀਆਂ ਨੇ ਕਿਹਾ ਕਿ ਅਸੀਂ ਜਥੇਬੰਦੀ ਦੇ ਵਧਾਰੇ ਪਸਾਰੇ ਲਈ ਇਮਾਨਦਾਰੀ ਨਾਲ ਕੰਮ ਕਰਾਂਗੇ। ਕੁਲਰੀਆਂ ਦੇ ਕਿਸਾਨਾਂ ਨੂੰ ਮਾਲਕੀ ਹੱਕ ਦਵਾਉਣ ਲਈ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਕਿਸਾਨ 60 ਸਾਲਾਂ ਤੋਂ ਉਸ ਜ਼ਮੀਨ ਤੇ ਕਾਸ਼ਤ ਕਰ ਰਹੇ ਹਨ। ਬੱਚਤ ਦੀ ਜ਼ਮੀਨ ਦੇ ਮਾਲ ਵਿਭਾਗ ਨੇ ਕਿਸਾਨਾਂ ਨੂੰ ਮਾਲਕ ਬਣਾ ਦਿੱਤਾ ਸੀ।
ਪਰੰਤੂ ਮਾਲ ਵਿਭਾਗ ਦੀ ਚਾਰ ਸਾਲੇ ਵਿੱਚ ਗ਼ਲਤੀ ਨਾਲ ਪੰਚਾਇਤ ਦੇ ਨਾਮ ਇੰਦਰਾਜ ਕਰ ਦਿੱਤਾ। ਪ੍ਰਸ਼ਾਸਨ ਦੀ ਉਸ ਗਲਤੀ ਦਾ ਖਮਿਆਜਾ ਕਿਸਾਨ ਭੁਗਤ ਰਹੇ ਹਨ। ਭੂ ਮਾਫੀਆ ਗੁੰਡਾ ਰਾਜੂ ਆਮ ਆਦਮੀ ਪਾਰਟੀ ਪੰਜਾਬ ਦੇ ਕਾਰਜਕਾਰੀ ਪ੍ਧਾਨ ਪਿ੍ੰਸੀਪਲ ਬੁੱਧ ਰਾਮ ਦੀ ਸਿਆਸੀ ਸ਼ਹਿ ‘ਤੇ ਕਬਜ਼ਾ ਕਰਨਾ ਚਾਹੁੰਦਾ ਹੈ। ਜਥੇਬੰਦੀ ਕਦਾਚਿਤ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਭਾਵੇਂ ਕਿੰਨੀਆਂ ਵੀ ਕੁਰਬਾਨੀਆਂ ਕਿਉਂ ਨਾ ਕਰਨੀਆਂ ਪੈਣ। ਹਰ ਹਾਲਤ ਕਿਸਾਨਾਂ ਨੂੰ ਮਾਲਕੀ ਹੱਕ ਲੈਕੇ ਦਿੱਤੇ ਜਾਣਗੇ।
ਅੱਜ ਮਨਜਿੰਦਰ ਸਿੰਘ, ਹਰਪ੍ਰੀਤ ਸਿੰਘ, ਜਗਤਾਰ ਸਿੰਘ, ਦਰਸ਼ਨ ਸਿੰਘ, ਗਗਨ ਦੀਪ ਸਿੰਘ, ਸੁਖਵਿੰਦਰ ਸਿੰਘ, ਗੁਰਕੀਰਤ ਸਿੰਘ, ਗੁਰਜੀਤ ਸਿੰਘ, ਜਗਦੀਪ ਸਿੰਘ, ਨਿਰਮਲ ਸਿੰਘ, ਹਾਕਮ ਸਿੰਘ, ਭੀਮ ਸਿੰਘ, ਕੁਲਦੀਪ ਸਿੰਘ, ਜਸਵਿੰਦਰ ਸਿੰਘ, ਗੁਰਦੀਪ ਸਿੰਘ, ਚਰਨਜੀਤ ਸਿੰਘ, ਜਸਵੀਰ ਸਿੰਘ, ਸੁਖਵਿੰਦਰ ਸਿੰਘ, ਪਰਮਿੰਦਰ ਸਿੰਘ, ਹਰਬੰਸ ਸਿੰਘ, ਮਲਕੀਤ ਸਿੰਘ, ਜਸਵੰਤ ਸਿੰਘ, ਜਗਜੀਤ ਸਿੰਘ, ਜੀਤ ਸਿੰਘ, ਰੁਪਿੰਦਰ ਸਿੰਘ ਅਤੇ ਨਿਰਭੈ ਸਿੰਘ ਆਦਿ ਕਿਸਾਨ ਸ਼ਾਮਿਲ ਹੋਏ।