ਪੰਜਾਬ ਸਰਕਾਰ ਨੇ 242 ਆਮ ਆਦਮੀ ਕਲੀਨਿਕਾਂ ਦਾ ਨਾਮ ਬਦਲਿਆ, DCs ਨੂੰ ਜਾਰੀ ਕੀਤੇ ਹੁਕਮ
ਚੰਡੀਗੜ੍ਹ :
ਸਿਹਤ ਵਿਭਾਗ ਨੇ ਪੰਜਾਬ ਦੇ 2,403 ਹੈਲਥ ਐਂਡ ਵੈਲਨੈੱਸ ਸੈਂਟਰਾਂ (ਐੱਚਡਬਲਯੂਸੀ) ਤੇ 466 ਪ੍ਰਾਇਮਰੀ ਹੈਲਥ ਕੇਅਰ ਸੈਂਟਰਾਂ (ਪੀਐੱਚਸੀਐੱਸ) ਸਣੇ 242 ਆਮ ਆਦਮੀ ਕਲੀਨਿਕਾਂ ਦੇ ਨਾਂ ਬਦਲਣ ਸਬੰਧੀ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਹੁਣ ਇਨ੍ਹਾਂ ਕੇਂਦਰਾਂ ਨੂੰ ਆਯੁਸ਼ਮਾਨ ਅਰੋਗਿਆ ਕੇਂਦਰ ਦੇ ਨਾਂ ਨਾਲ ਜਾਣਿਆ ਜਾਵੇਗਾ।
ਜਾਗਰਣ ਦੀ ਖ਼ਬਰ ਮੁਤਾਬਿਕ, ਸਿਹਤ ਵਿਭਾਗ ਨੇ ਆਯੁਸ਼ਮਾਨ ਅਰੋਗਿਆ ਕੇਂਦਰ ਦੇ ਪ੍ਰਚਾਰ ਨੂੰ ਲੈ ਕੇ ਵੀ ਨਿਰਦੇਸ਼ ਜਾਰੀ ਕੀਤੇ ਹਨ। ਇਨ੍ਹਾਂ ਕੇਂਦਰਾਂ ਦੇ ਨਾਂ ਬਦਲਣ ਲਈ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵਿਚਾਲੇ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ, ਜਿਸ ਕਾਰਨ ਕੇਂਦਰ ਨੇ ਹੈਲਥ ਮਿਸ਼ਨ ਤਹਿਤ ਮਿਲਣ ਵਾਲੇ ਫੰਡ ਰੋਕ ਦਿੱਤੇ ਸਨ।
ਕਿਉਂਕਿ ਸੂਬਾ ਸਰਕਾਰ ਇਨ੍ਹਾਂ ਸੈਂਟਰਾਂ ਸਣੇ ਆਮ ਆਦਮੀ ਕਲੀਨਿਕ ਦੇ ਨਾਂ ਬਦਲਣ ਲਈ ਤਿਆਰ ਨਹੀਂ ਸੀ। ਸਿਹਤ ਵਿਭਾਗ ਦੇ ਡਾਇਰੈਕਟਰ ਹੈਲਥ ਸਰਵਿਸ ਵਲੋਂ ਜਾਰੀ ਨਿਰਦੇਸ਼ਾਂ ’ਚ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ 2,403 ਐੱਚਡਬਲਯੂਸੀ ਤੇ 466 ਪੀਐੱਚਸੀਐੱਸ ਸਣੇ 242 ਆਮ ਆਦਮੀ ਕਲੀਨਿਕਾਂ ਦੇ ਨਾਂ ਹੁਣ ਆਯੁਸ਼ਮਾਨ ਅਰੋਗਿਆ ਕੇਂਦਰ ਹੋਣਗੇ।
ਪੰਜਾਬ ਸਰਕਾਰ ਨੇ ਸੂਬੇ ’ਚ 872 ਆਮ ਆਦਮੀ ਕਲੀਨਿਕ ਖੋਲ੍ਹੇ ਹੋਏ ਹਨ, ਜਿਨ੍ਹਾਂ ’ਚ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਹੀ ਬਰਾਂਡਿੰਗ ਕਰਦੀ ਸੀ। ਇਸਨੂੰ ਲੈ ਕੇ ਕੇਂਦਰੀ ਸਿਹਤ ਮੰਤਰਾਲੇ ਨੇ ਇਤਰਾਜ਼ ਪ੍ਰਗਟਾਇਆ ਸੀ ਕਿਉਂਕਿ ਐੱਚਡਬਲਯੂਸੀ ਤੇ ਪੀਐੱਚਸੀਐੱਸ ਲਈ ਨੈਸ਼ਨਲ ਹੈਲਥ ਮਿਸ਼ਨ ਦੇ ਤਹਿਤ ਫੰਡ ਆਉਂਦਾ ਸੀ।
ਲੰਬੇ ਵਿਵਾਦ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਇਨ੍ਹਾਂ ਦੇ ਨਾਂ ਬਦਲਣ ਲਈ ਤਿਆਰ ਹੋ ਗਈ ਸੀ। 242 ਆਮ ਆਦਮੀ ਕਲੀਨਿਕ ਆਯੁਸ਼ਮਾਨ ਅਰੋਗਿਆ ਕੇਂਦਰ ’ਚ ਬਦਲੇ ਜਾਣ ਤੋਂ ਬਾਅਦ ਹੁਣ ਸੂਬੇ ’ਚ 630 ਆਮ ਆਦਮੀ ਕਲੀਨਿਕ ਰਹਿ ਜਾਣਗੇ, ਜਿੱਥੇ ਪੰਜਾਬ ਸਰਕਾਰ ਆਪਣੇ ਮੁਤਾਬਕ ਬਰਾਂਡਿੰਗ ਕਰ ਸਕਦੀ ਹੈ। ਖ਼ਬਰ ਸ੍ਰੋਤ- ਜਾਗਰਣ