ਸ਼ੰਭੂ ਬਾਰਡਰ ਵਾਲੇ ਕਿਸਾਨਾਂ ‘ਤੇ ਜ਼ਬਰ ਖਿਲਾਫ ਭਾਕਿਯੂ ਏਕਤਾ ਡਕੌਂਦਾ ਨੇ ਫੂਕੇ ਹਰਿਆਣਾ ਅਤੇ ਕੇਂਦਰ ਸਰਕਾਰ ਦੇ ਪੁਤਲੇ
ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣਾ ਨੰਗੀ ਚਿੱਟੀ ਡਿਕਟੇਟਰਸ਼ਿਪ: ਮਨਜੀਤ ਧਨੇਰ
ਝੋਨੇ ਦੇ ਰੇਟ ਵਿੱਚ ਲੱਗੀ ਕਾਟ ਅਤੇ ਪਰਾਲੀ ਫੂਕਣ ਵਾਲੇ ਕਿਸਾਨਾਂ ਤੇ ਦਰਜ ਕੀਤੇ ਪਰਚਿਆਂ ਖਿਲਾਫ ਜਥੇਬੰਦੀ ਕਰੇਗੀ ਸੰਘਰਸ਼: ਹਰਨੇਕ ਮਹਿਮਾ/ ਗੁਰਦੀਪ ਰਾਮਪੁਰਾ
ਦਲਜੀਤ ਕੌਰ, ਚੰਡੀਗੜ੍ਹ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਸ਼ੰਭੂ ਅਤੇ ਖਨੌਰੀ ਬਾਰਡਰਾਂ ਤੇ ਮੋਰਚਾ ਲਾਈ ਬੈਠੇ ਅਤੇ ਹੁਣ ਦਿੱਲੀ ਜਾਣ ਦੀ ਕੋਸ਼ਿਸ਼ ਕਰਨ ਵਾਲੇ ਕਿਸਾਨਾਂ ਤੇ ਜਬਰ ਖਿਲਾਫ ਅੱਜ ਦਰਜਣਾਂ ਥਾਵਾਂ ਤੇ ਹਰਿਆਣਾ ਅਤੇ ਕੇਂਦਰ ਸਰਕਾਰ ਦੀਆਂ ਅਰਥੀਆਂ ਫੂਕ ਕੇ ਵਿਰੋਧ ਪ੍ਰਗਟ ਕੀਤਾ।
ਇਸ ਸਬੰਧੀ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ, ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਅਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਕਿਹਾ ਕਿ ਕਿਸਾਨ ਸ਼ਾਂਤਮਈ ਢੰਗ ਨਾਲ ਦਿੱਲੀ ਜਾਣਾ ਚਾਹੁੰਦੇ ਹਨ ਤਾਂ ਕੇਂਦਰ ਅਤੇ ਹਰਿਆਣਾ ਸਰਕਾਰ ਉਹਨਾਂ ਨੂੰ ਕਿਸ ਕਾਨੂੰਨ ਤਹਿਤ ਰੋਕ ਰਹੀ ਹੈ? ਨਿਹੱਥੇ ਕਿਸਾਨਾਂ ਤੇ ਅੱਥਰੂ ਗੈਸ, ਲਾਠੀਚਾਰਜ ਅਤੇ ਅੱਖਾਂ ਵਿੱਚ ਮਿਰਚਾਂ ਦੀ ਸਪਰੇਅ ਮਾਰ ਕੇ ਕਿਸਾਨਾਂ ਨੂੰ ਆਪਣੀ ਰਾਜਧਾਨੀ ਜਾਣ ਤੋਂ ਰੋਕਣਾ ਨੰਗੀ ਚਿੱਟੀ ਡਿਕਟੇਟਰਸ਼ਿਪ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਇਸ ਜ਼ੁਲਮ ਦੀ ਸਖਤ ਨਿਖੇਧੀ ਕਰਦੀ ਹੈ। ਇਸ ਜ਼ੁਲਮ ਦੇ ਖਿਲਾਫ ਅਤੇ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ ਵਿੱਚ ਅੱਜ ਫਿਰੋਜ਼ਪੁਰ, ਫਾਜ਼ਿਲਕਾ, ਮੁਕਤਸਰ ਸਾਹਿਬ, ਫਰੀਦਕੋਟ, ਬਠਿੰਡਾ, ਮੋਗਾ, ਲੁਧਿਆਣਾ, ਮਲੇਰਕੋਟਲਾ, ਸੰਗਰੂਰ, ਮਾਨਸਾ, ਬਰਨਾਲਾ ਅਤੇ ਕਪੂਰਥਲਾ ਜਿਲਿਆਂ ਵਿੱਚ ਦਰਜਨਾਂ ਥਾਵਾਂ ਤੇ ਹਰਿਆਣਾ ਅਤੇ ਕੇਂਦਰ ਸਰਕਾਰ ਦੀਆਂ ਅਰਥੀਆਂ ਫੂਕ ਕੇ ਵਿਰੋਧ ਦਰਜ ਕਰਵਾਇਆ।
ਵੱਖ ਵੱਖ ਥਾਵਾਂ ਤੇ ਇਹਨਾਂ ਅਰਥੀ ਫੂਕ ਪ੍ਰਦਰਸ਼ਨਾਂ ਦੀ ਅਗਵਾਈ ਕੁਲਵੰਤ ਸਿੰਘ ਕਿਸ਼ਨਗੜ, ਅਮਨਦੀਪ ਸਿੰਘ ਲਲਤੋਂ, ਹਰੀਸ਼ ਨੱਢਾ ਲਾਧੂਕਾ, ਮੱਖਣ ਸਿੰਘ ਭੈਣੀ ਬਾਘਾ, ਜਗਤਾਰ ਸਿੰਘ ਦੇਹੜਕਾ, ਇੰਦਰਜੀਤ ਸਿੰਘ ਧਾਲੀਵਾਲ, ਜਗੀਰ ਸਿੰਘ ਫਿਰੋਜ਼ਪੁਰ, ਜਸਕਰਨ ਸਿੰਘ ਮੋਰਾਂਵਾਲੀ, ਕੁਲਵੰਤ ਸਿੰਘ ਮਾਨ, ਗੁਰਨਾਮ ਸਿੰਘ ਮਹਿਰਾਜ, ਹਰਮੀਤ ਸਿੰਘ ਫਾਜ਼ਿਲਕਾ, ਜਗਤਾਰ ਸਿੰਘ ਦੁੱਗਾਂ, ਲਖਵੀਰ ਸਿੰਘ ਅਕਲੀਆ, ਗੁਰਦੀਪ ਸਿੰਘ ਖੁੱਡੀਆਂ, ਸੁਖਚੈਨ ਸਿੰਘ ਰਾਜੂ, ਹਰਵਿੰਦਰ ਸਿੰਘ ਕੋਟਲੀ, ਬੂਟਾ ਖਾਨ ਮਲੇਰ ਕੋਟਲਾ, ਰਾਣਾ ਹਰਜਿੰਦਰ ਸਿੰਘ ਸੈਦੋਵਾਲ, ਗੁਲਜਾਰ ਸਿੰਘ ਕਬਰਵੱਛਾ ਤੋ ਇਲਾਵਾ ਜ਼ਿਲਾ, ਬਲਾਕ ਅਤੇ ਪਿੰਡ ਪੱਧਰ ਦੇ ਆਗੂਆਂ ਨੇ ਕੀਤੀ।
ਆਗੂਆਂ ਨੇ ਕਿਹਾ ਕਿ ਇੱਕ ਪਾਸੇ ਸ਼ੰਭੂ ਬਾਰਡਰ ਤੇ ਕਿਸਾਨਾਂ ਨੂੰ ਕੁੱਟਿਆ ਜਾ ਰਿਹਾ ਹੈ ਦੂਜੇ ਪਾਸੇ ਨੋਇਡਾ ਵੱਲੋਂ ਵੀ ਕਿਸਾਨਾਂ ਨੂੰ ਦਿੱਲੀ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ। ਕੇਂਦਰ ਸਰਕਾਰ ਨੂੰ ਲੱਗਦਾ ਹੈ ਕਿ ਕਿਸਾਨ ਕਿਸੇ ਦੁਸ਼ਮਣ ਦੇਸ਼ ਦੀ ਫੌਜ ਹਨ।
ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਆਗੂ ਕਹਿੰਦੇ ਸਨ ਕਿ ਕਿਸਾਨ ਪੈਦਲ ਦਿੱਲੀ ਜਾਣ ਤਾਂ ਉਹਨਾਂ ਨੂੰ ਰੋਕਿਆ ਨਹੀਂ ਜਾਵੇਗਾ ਪਰ ਹੁਣ ਆਪਣੀ ਹੀ ਜ਼ੁਬਾਨ ਤੋਂ ਫਿਰ ਕੇ ਭਾਜਪਾ ਨੇ ਥੁੱਕਿਆ ਹੋਇਆ ਚਟਿਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਭਾਜਪਾ ਦੇ ਇਸ ਦੰਭ ਨੂੰ ਲੋਕਾਂ ਵਿੱਚ ਨੰਗਾ ਕਰਨ ਲਈ ਅੱਜ ਅਨੇਕਾਂ ਥਾਵਾਂ ਤੇ ਪੁਤਲੇ ਫੂਕ ਕੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਹੈ।
ਜਥੇਬੰਦੀ ਦੇ ਸੂਬਾ ਪ੍ਰੈੱਸ ਸਕੱਤਰ ਅੰਗਰੇਜ਼ ਸਿੰਘ ਭਦੌੜ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਖੇਤੀਬਾੜੀ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜਿੱਥੇ ਵੀ ਕਿਸਾਨਾਂ ਨੇ ਪਰਾਲੀ ਫੂਕਣ ਤੋਂ ਬਿਨਾਂ ਸੁਪਰ ਸੀਡਰ ਨਾਲ ਬਿਜਾਈ ਕੀਤੀ ਹੈ, ਉੱਥੇ ਹੀ ਕਣਕ ਤੇ ਸੁੰਡੀ ਦਾ ਹਮਲਾ ਹੋਇਆ ਹੈ ਅਤੇ ਅਨੇਕਾਂ ਥਾਵਾਂ ਤੇ ਕਿਸਾਨਾਂ ਨੂੰ ਕਣਕ ਵਾਹੁਣੀ ਪਈ ਹੈ। ਇਸ ਦਾ ਮੁਆਵਜ਼ਾ ਪੰਜਾਬ ਸਰਕਾਰ ਨੂੰ ਦੇਣਾ ਚਾਹੀਦਾ ਹੈ।
ਉਹਨਾਂ ਦੀ ਜਥੇਬੰਦੀ ਆਉਣ ਵਾਲੇ ਦਿਨਾਂ ਵਿੱਚ ਝੋਨੇ ਦੇ ਰੇਟ ਵਿੱਚ ਲੱਗੀ ਕਾਟ ਅਤੇ ਪਰਾਲੀ ਸਾੜਨ ਵਾਲੇ ਕਿਸਾਨਾਂ ਤੇ ਦਰਜ ਕੀਤੇ ਕੇਸਾਂ ਦੇ ਖਿਲਾਫ ਅਤੇ ਸੁੰਡੀ ਨਾਲ ਬਰਬਾਦ ਹੋਈ ਕਣਕ ਦਾ ਮੁਆਵਜ਼ਾ ਲੈਣ ਲਈ ਵੀ ਸੰਘਰਸ਼ ਦਾ ਪ੍ਰੋਗਰਾਮ ਦੇਵੇਗੀ।