ਪੰਜਾਬ ਦੇ ਖਜ਼ਾਨਾ ਮੰਤਰੀ ਦਾ ਵਾਅਦਾ ਇੱਕ ਵਾਰ ਫਿਰ ਨਿਕਲ਼ਿਆ ‘ਫੂਕ ਪਟਾਕਾ’! 14 ਦਸੰਬਰ ਨੂੰ ਸੰਗਰੂਰ ਕੂਚ ਦੀ ਤਿਆਰੀ ‘ਚ ਜੁਟੇ ਕੰਪਿਊਟਰ ਅਧਿਆਪਕ
ਪੰਜਾਬ ਨੈੱਟਵਰਕ, ਚੰਡੀਗੜ੍ਹ
ਪਿਛਲੇ 19 ਸਾਲਾਂ ਤੋਂ ਆਪਣੇ ਜਾਇਜ ਹੱਕਾਂ ਦੇ ਲਈ ਜੂਝ ਰਹੇ ਸੂਬੇ ਭਰ ਦੇ ਕੰਪਿਊਟਰ ਅਧਿਆਪਕਾਂ ਨੂੰ ਸਾਲ 2022 ਵਿਚ ਬਣੀਂ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਆਸ ਸੀ ਕਿ 2 ਦਹਾਕੇ ਤੋਂ ਚੱਲ ਰਿਹਾ ਉਨ੍ਹਾਂ ਦਾ ਸੰਘਰਸ਼ ਹੁਣ ਸਮਾਪਤ ਹੋ ਜਾਵੇਗਾ, ਜਿਵੇਂ ਕਿ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦਰ ਕੇਜਰੀਵਾਲ ਦੇ ਨਾਲ ਨਾਲ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਧਾਨ ਸਭਾ ਚੋਣਾਂ ਤੇ ਪਹਿਲਾਂ ਸੂਬੇ ਭਰ ਦੇ ਕੰਪਿਊਟਰ ਅਧਿਆਪਕਾਂ ਦੇ ਨਾਲ ਵਾਅਦਾ ਕੀਤਾ ਸੀ।
ਪਰ ਤ੍ਰਾਸਦੀ ਦੀ ਗੱਲ ਇਹ ਰਹੀ ਕਿ ਇਹ ਵਾਅਦਾ ਵਫਾ ਨਹੀਂ ਹੋਏ, ਇਹ ਸਰਕਾਰ ਵੀ ਪਹਿਲੀਆਂ ਸਰਕਾਰ ਵਾਂਗ ਝੂਠੇ ਵਾਅਦਿਆਂ ਨਾਲ ਡੰਗ ਟਪਾਊ ਨੀਤੀ ਤੇ ਕੰਮ ਕਰ ਰਹੀ ਹੈ। ਜਿਸਦੇ ਚੱਲਦੇ ਕੰਪਿਊਟਰ ਅਧਿਆਪਕ ਪਿਛਲੇ 104 ਦਿਨਾਂ ਤੋਂ ਸੰਗਰੂਰ ਦੇ ਡੀਸੀ ਦਫਤਰ ਅੱਗੇ ਆਪਣੀਆਂ ਮੰਗਾਂ ਨੂੰ ਮਨਵਾਉਣ ਦੇ ਲਈ ਭੁੱਖ ਹੜਤਾਲ ਤੇ ਬੈਠੇ ਹਨ ਅਤੇ ਸਰਕਾਰ ਨੇ ਇੰਨਾ ਲੰਮਵਾ ਵਕਫਾ ਬੀਤ ਜਾਣ ਦੇ ਮਗਰੋਂ ਵੀ ਉਨ੍ਹਾਂ ਦੀ ਸੁਧ ਨਹੀਂ ਲਈ ਹੈ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇੱਥੇ ਇੱਕ ਪ੍ਰੈਸ ਨੋਟ ਜਾਰੀ ਕਰਦੇ ਹੋਏ ਕੰਪਿਊਟਰ ਅਧਿਆਪਕ ਭੁੱਖ ਹੜਤਾਲ ਸੰਘਰਸ਼ ਕਮੇਟੀ, ਪੰਜਾਬ ਦੇ ਆਗੂ ਪਰਮਵੀਰ ਸਿੰਘ ਪੰਮੀ, ਜੌਨੀ ਸਿੰਗਲਾ ਅਤੇ ਪ੍ਰਦੀਪ ਮਲੂਕਾ ਨੇ ਕੀਤਾ। ਆਗੂਆਂ ਨੇ ਦੱਸਿਆ ਕਿ ਉਹ ਪਿਛਲੇ 104 ਦਿਨਾਂ ਤੋਂ ਆਪਣੇ ਰੈਗੂਲਰ ਆਰਡਰਾਂ ਵਿਚ ਦਰਜ ਸਾਰੇ ਲਾਭ, 6ਵੇਂ ਪੇ-ਕਮੀਸ਼ਨ ਅਧੀਨ ਵਿੱਤੀ ਲਾਭ ਬਹਾਲ ਕਰਵਾਉਣ ਦੇ ਨਾਲ ਨਾਲ ਕੰਪਿਊਟਰ ਅਧਿਆਪਕਾਂ ਨੂੰ ਬਿਨਾ ਸ਼ਰਤ ਅਤੇ ਬਿਨਾ ਦੇਰੀ ਸਿੱਖਿਆ ਵਿਭਾਗ ਵਿਚ ਮਰਜ ਕਰਵਾਉਣ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ ਤੇ ਬੈਠੇ ਹਨ।
ਇਸ ਦੌਰਾਨ ਵਿਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਹੋਈਆਂ ਵੱਖ ਵੱਖ ਮੀਟਿੰਗਾਂ ਦੌਰਾਨ ਸਮੂਹ ਕੰਪਿਊਟਰ ਅਧਿਆਪਕਾਂ ਦਾ ਫ੍ਰੀਜ਼ ਕੀਤਾ ਮਹਿੰਗਾਈ ਭੱਤੇ (ਡੀਏ) ਬਹਾਲ ਕਰਨ ਤੇ ਸਹਿਮਤੀ ਬਣੀ ਸੀ ਅਤੇ ਸੰਗਰੂਰ ਪ੍ਰਸਾਸ਼ਨ ਦੇ ਅਧਿਕਾਰੀਆਂ ਵੱਲੋਂ ਅਧਿਕਾਕਤ ਤੌਰ ਤੇ 12 ਦਸੰਬਰ ਤੱਕ ਡੀਏ ਬਹਾਲ ਕਰਨ ਦਾ ਐਲਾਨ ਕੀਤਾ ਗਿਆ ਸੀ।
ਪਰ ਇਹ ਐਲ਼ਾਨ ਸਰਕਾਰ ਦੇ ਪਹਿਲੇ ਐਲਾਨਾਂ ਵਾਂਗ ‘ਫੂਕ ਪਟਾਕਾ’ ਹੀ ਨਿਕਲਿਆ ਜਿਸਦੇ ਚਲਦੇ ਹੁਣ ਕੰਪਿਊਟਰ ਅਧਿਆਪਕਾਂ ਨੇ 22 ਸਤੰਬਰ ਤੋਂ ਭੁੱਖ ਹੜਤਾਲ ਨੂੰ ਮਰਨ ਵਰਤ ਵਿਚ ਤਬਦੀਲ ਕਰਨ ਦਾ ਫੈਸਲਾ ਲਿਆ ਹੈ। ਇਸ ਤੋਂ ਪਹਿਲਾਂ 14 ਦਸੰਬਰ ਨੂੰ ਸੂਬੇ ਭਰ ਦੇ ਕੰਪਿਊਟਰ ਅਧਿਆਪਕਾਂ ਵੱਲੋਂ ਮੁੱਖ ਮੰਤਰੀ ਨਿਵਾਸ ਦੇ ਅੱਗੇ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਸ ਵਿਚ ਸੂਬੇ ਭਰ ਤੋਂ ਕੰਪਿਊਟਰ ਅਧਿਆਪਕ ਆਪਣੇ ਪਰਿਵਾਰਾਂ ਦੇ ਨਾਲ ਇਸ ਰੋਸ਼ ਪ੍ਰਦਰਸ਼ਨ ਵਿਚ ਸ਼ਮੂਲੀਅਤ ਕਰਨਗੇ।
ਇੰਨਾ ਹੀ ਨਹੀਂ ਵੱਖ ਵੱਖ ਕਿਸਾਨ ਜਥੇਬੰਦੀਆਂ ਅਤੇ ਅਧਿਆਪਕ ਜਥੇਬੰਦੀਆਂ ਵਿਚ ਇਸ ਸੂਬਾ ਪੱਧਰੀ ਰੋਸ਼ ਪ੍ਰਦਰਸ਼ਨ ਵਿਚ ਵੱਡੀ ਗਿਣਤੀ ਦੇ ਨਾਲ ਸ਼ਮੂਲੀਅਤ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਕੰਪਿਊਟਰ ਅਧਿਆਪਕਾਂ ਨੇ ਹੁਣ ਇਸ ਸੰਘਰਸ਼ ਨੂੰ ਇੱਕ ਨਿਰਣਾਇਕ ਲੜਾਈ ਵਿਚ ਬਦਲਣ ਦਾ ਫੈਸਲਾ ਕਰ ਰਿਹਾ ਹੈ।