ਸਰਕਾਰੀ ਆਈ.ਟੀ.ਆਈ ਫਾਜ਼ਿਲਕਾ ਦੀ ਜ਼ਮੀਨ ‘ਤੇ ਮੁੜ ਆਏ ਕਬਜ਼ਾਧਾਰੀ, ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਜ਼ੋਰਦਾਰ ਵਿਰੋਧ
ਕਬਜ਼ਾ ਕਰਨ ਲਈ ਆਈ.ਟੀ.ਆਈ ਅੱਗੇ ਸੁੱਟੀਆਂ ਇੱਟਾਂ
ਪਰਮਜੀਤ ਢਾਬਾਂ, ਫਾਜ਼ਿਲਕਾ
ਅੱਜ ਦੁਪਹਿਰ ਵੇਲੇ ਆਈ.ਟੀ.ਆਈ ਫਾਜ਼ਿਲਕਾ ਦੇ ਅੱਗੇ ਸੜਕ ਨਾਲ ਲੱਗਦੀ ਜ਼ਮੀਨ ਤੇ ਕਬਜ਼ਾ ਕਰਨ ਲਈ ਆਏ ਵਿਅਕਤੀਆਂ ਵੱਲੋਂ ਇੱਟਾਂ ਨਾਲ ਭਰੀ ਟਰਾਲੀ ਲਿਆ ਕੇ ਇੱਟਾਂ ਸੁਟਵਾਈਆਂ ਗਈਆਂ ਹਨ , ਜਿਸ ਦਾ ਮੌਕੇ ਤੇ ਪਹੁੰਚ ਕੇ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਵਿਰੋਧ ਕੀਤਾ ਗਿਆ ਅਤੇ ਨਾਲ ਹੀ ਇਸ ਵਿੱਦਿਅਕ ਸੰਸਥਾ ਤੇ ਭੂ ਮਾਫੀਆ ਵੱਲੋਂ ਕਬਜ਼ੇ ਖ਼ਿਲਾਫ਼ ਅੰਦੋਲਨ ਵਿੱਢਣ ਦਾ ਐਲਾਨ ਕੀਤਾ। ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਧੀਰਜ ਫਾਜ਼ਿਲਕਾ , ਮਮਤਾ ਲਾਧੂਕਾ ਨੇ ਦੱਸਿਆ ਕਿ ਫਾਜ਼ਿਲਕਾ ਸ਼ਹਿਰ ਦੀ ਇੱਕੋ ਇੱਕ ਸਰਕਾਰੀ ਆਈ.ਟੀ.ਆਈ ਜੋ ਕਿ ਫਾਜ਼ਿਲਕਾ – ਮਲੋਟ ਰੋਡ ਤੇ ਸਥਿਤ ਹੈ, ਜਿਸ ਵਿਚ ਗ਼ਰੀਬ ਘਰਾਂ ਦੇ ਵਿਦਿਆਰਥੀ ਬਹੁਤ ਹੀ ਘੱਟ ਪੈਸੇ ਵਿੱਚ ਕਿੱਤਾਮੁਖੀ ਸਿੱਖਿਆ ਲੈਂਦੇ ਹਨ।
ਪਰ ਇਲਾਕੇ ਦੇ ਕੁੱਝ ਭੂ ਮਾਫੀਆ ਦੀ ਆਈ.ਟੀ.ਆਈ ਦੇ ਅੱਗੇ ਸੜਕ ਨਾਲ ਲੱਗਦੀ ਜ਼ਮੀਨ ਤੇ ਬੁਰੀ ਨਜ਼ਰ ਹੈ। ਪਹਿਲਾਂ ਵੀ ਇੱਕ ਵਾਰ ਇਹਨਾਂ ਇਸ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਸ ਦੇ ਵਿਰੋਧ ਵਿੱਚ ਜਥੇਬੰਦੀਆਂ ਵੱਲੋਂ ਸੰਘਰਸ਼ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਪਿੱਛੇ ਹਟਣਾ ਪਿਆ ਸੀ। ਪਰ ਅੱਜ ਫਿਰ ਤੋਂ ਉਹਨਾਂ ਦੁਬਾਰਾ ਇੱਟਾਂ ਦੀ ਟਰਾਲੀ ਸੁੱਟ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਆਗੂਆਂ ਨੇ ਦੱਸਿਆ ਕਿ ਵਿਦਿਅਕ ਸੰਸਥਾਵਾਂ ਨੂੰ ਪ੍ਰਫੁੱਲਿਤ ਕਰਨ ਅਤੇ ਸਹੂਲਤਾਂ ਦੇਣ ਦੇ ਬਜਾਏ ਅੱਜ ਵਿਦਿਅਕ ਸੰਸਥਾਵਾਂ ਵਿੱਚ ਆਪਣੇ ਮੁਨਾਫੇ ਲਈ ਕਬਜ਼ੇ ਕਰਵਾਏ ਜਾ ਰਹੇ ਹਨ , ਜਿਸਦਾ ਪੰਜਾਬ ਸਟੂਡੈਂਟਸ ਯੂਨੀਅਨ ਪੁਰਜ਼ੋਰ ਵਿਰੋਧ ਕਰਦੀ ਹੈ।
ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਗੁਰਪ੍ਰੀਤ ਘੂਰੀ ਨੇ ਦੱਸਿਆ ਕਿ ਪੰਜਾਬ ਵਿੱਚ ਸਰਕਾਰੀ ਵਿਦਿਅਕ ਸੰਸਥਾਵਾਂ ਦੀ ਹਾਲਤ ਦਿਨ ਪ੍ਰਤੀ ਦਿਨ ਮਾੜੀ ਹੁੰਦੀ ਜਾ ਰਹੀ, ਸਿੱਖਿਆ ਦਾ ਮਿਆਰ ਘਟਦਾ ਜਾ ਰਿਹਾ ਹੈ, ਵਿਦਿਅਕ ਸੰਸਥਾਵਾਂ ਸਹੂਲਤਾਂ ਦੀ ਘਾਟ ਨਾਲ ਜੂਝ ਰਹੀਆਂ ਹਨ ਅਤੇ ਇਹਨਾਂ ਦੀ ਸਭ ਤੋਂ ਵੱਧ ਮਾਰ ਪੱਛੜੇ ਇਲਾਕਿਆਂ ਵਿੱਚ ਹੈ। ਪਰ ਇਹ ਸਭ ਕੁੱਝ ਠੀਕ ਕਰਨ ਦੀ ਬਜਾਏ ਵਿਦਿਅਕ ਸੰਸਥਾਵਾਂ ਵਿੱਚ ਇਸ ਤਰ੍ਹਾਂ ਲਗਾਤਾਰ ਕਬਜ਼ੇ ਦੀਆਂ ਕੋਸ਼ਿਸ਼ਾਂ ਕਰਨਾ ਬਹੁਤ ਮੰਦਭਾਗਾ।
ਪੰਜਾਬ ਸਟੂਡੈਂਟਸ ਯੂਨੀਅਨ ਇਹੋ ਜਿਹੇ ਮਨਸੂਬਿਆਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਵੇਗੀ ਅਤੇ ਇਹਨਾਂ ਭੂ ਮਾਫੀਆ ਖ਼ਿਲਾਫ਼ ਫਾਜ਼ਿਲਕਾ ਜ਼ਿਲ੍ਹੇ ਵਿਚ ਅੰਦੋਲਨ ਵਿੱਢਿਆ ਜਾਵੇਗਾ। ਪੰਜਾਬ ਸਟੂਡੈਂਟਸ ਯੂਨੀਅਨ ਮੰਗ ਕਰਦੀ ਹੈ ਕਿ ਉਕਤ ਕਬਜ਼ਾਧਾਰੀਆਂ ਤੇ ਪਰਚਾ ਦਰਜ਼ ਕਰਕੇ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ , ਆਈ.ਟੀ.ਆਈ ਦੀਆਂ ਸਹੂਲਤਾਂ ਅਤੇ ਗ੍ਰਾਂਟਾਂ ਵਿੱਚ ਵਾਧਾ ਕੀਤਾ ਜਾਵੇ ਅਤੇ ਭਵਿੱਖ ਵਿੱਚ ਇਹੋ ਜਿਹੀ ਕੋਈ ਘਟਨਾ ਨਾ ਹੋਵੇ ਇਹ ਯਕੀਨੀ ਬਣਾਇਆ ਜਾਵੇ। ਇਹਨਾਂ ਮੰਗਾਂ ਨੂੰ ਲੈ ਕੇ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ ਮੀਟਿੰਗ ਕਰਕੇ ਸੰਘਰਸ਼ ਦਾ ਐਲਾਨ ਕਰੇਗੀ।