ਅਦਾਰਾ ਸੁਰਖ਼ ਲੀਹ ਦੇ ਮੁੱਖ ਪ੍ਰਬੰਧਕ ਕਾਮਰੇਡ ਜਗਮੋਹਣ ਸਿੰਘ ਨਹੀਂ ਰਹੇ!
ਅੰਤਿਮ ਵਿਦਾਇਗੀ ਸ਼ਾਮ 4 ਵਜੇ ਬਠਿੰਡਾ ਵਿਖੇ ਦਿੱਤੀ ਜਾਵੇਗੀ
ਪੰਜਾਬ ਨੈੱਟਵਰਕ, ਚੰਡੀਗੜ੍ਹ
ਇਨਕਲਾਬੀ ਤੇ ਲੋਕ ਪੱਖੀ ਹਲਕਿਆਂ ਲਈ ਦੁੱਖ ਭਰੀ ਖਬਰ ਹੈ ਕਿ ਅਦਾਰਾ ਸੁਰਖ ਲੀਹ ਦੇ ਮੁੱਖ ਪ੍ਰਬੰਧਕ ਸਾਥੀ ਡਾ. ਜਗਮੋਹਨ ਸਿੰਘ ਨਹੀਂ ਰਹੇ।
ਅੱਜ ਸਵੇਰੇ ਲਗਭਗ ਸਾਢੇ ਤਿੰਨ ਵਜੇ ਉਹਨਾਂ ਆਖਰੀ ਸਾਹ ਲਏ। ਉਹ ਕੁਝ ਮਹੀਨੇ ਪਹਿਲਾਂ ਕੈਂਸਰ ਦੀ ਬਿਮਾਰੀ ਦਾ ਸ਼ਿਕਾਰ ਹੋ ਗਏ ਸਨ ਅਤੇ ਹਸਪਤਾਲ ਵਿੱਚ ਇਲਾਜ ਅਧੀਨ ਸਨ।
ਸਾਥੀ ਜਗਮੋਹਨ ਸਿੰਘ ਦਹਾਕਿਆਂ ਤੋਂ ਇਨਕਲਾਬੀ ਲਹਿਰ ‘ਚ ਕੁਲਵਕਤੀ ਸਾਥੀ ਵਜੋਂ ਸਰਗਰਮ ਸਨ। ਆਪਣੀ ਡਾਕਟਰੀ ਦੀ ਪੜ੍ਹਾਈ ਮੁਕੰਮਲ ਕਰਨ ਮਗਰੋਂ ਉਹ ਮੈਡੀਕਲ ਪੇਸ਼ੇ ਦੀ ਥਾਂ ਇਨਕਲਾਬੀ ਲਹਿਰ ‘ਚ ਕੁਲ-ਵਕਤੀ ਵਜੋਂ ਸਰਗਰਮ ਹੋ ਗਏ ਸਨ ਤੇ ਲਗਭਗ ਪਿਛਲੇ ਸਾਢੇ ਚਾਰ ਦਹਾਕਿਆਂ ਤੋਂ ਇਨਕਲਾਬੀ ਲਹਿਰ ‘ਚ ਵੱਖ ਵੱਖ ਪੱਧਰਾਂ ‘ਤੇ ਜਿੰਮੇਵਾਰੀਆਂ ਨਿਭਾਉਂਦੇ ਆ ਰਹੇ ਸਨ।
ਉਹਨਾਂ ਦੇ ਇਲਾਜ ਲਈ ਅਦਾਰਾ ਸੁਰਖ ਲੀਹ, ਇਨਕਲਾਬੀ ਲਹਿਰ ਤੇ ਪਰਿਵਾਰ ਵੱਲੋਂ ਸਿਰ ਤੋੜ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਉਹਨਾਂ ਨੂੰ ਬਚਾਇਆ ਨਹੀਂ ਜਾ ਸਕਿਆ।
ਉਹਨਾਂ ਦੀ ਮ੍ਰਿਤਕ ਦੇਹ ਨੂੰ ਇਨਕਲਾਬੀ ਰਸਮਾਂ ਨਾਲ ਅੰਤਿਮ ਵਿਦਾਇਗੀ ਸ਼ਾਮ ਚਾਰ ਵਜੇ ਸ਼ਮਸ਼ਾਨ ਘਾਟ, ਨੇੜੇ ਡੀ ਏ ਵੀ ਕਾਲਜ ਬਠਿੰਡਾ ਵਿਖੇ ਦਿੱਤੀ ਜਾਵੇਗੀ।
ਵਰਗ ਚੇਤਨਾ ਮੰਚ ਪੰਜਾਬ ਵੱਲੋਂ ਸਾਥੀ ਜਗਮੋਹਨ ਸਿੰਘ ਦੇ ਦਿਹਾਂਤ ਤੇ ਦੁੱਖ ਦਾ ਪ੍ਰਗਟਾਵਾ
ਸਾਥੀ ਜਗਮੋਹਨ ਸਿੰਘ (ਜੋ ਕੁੱਝ ਸਮੇਂ ਤੋਂ ਕੈਂਸਰ ਰੋਗ ਤੋਂ ਪੀੜਤ ਸਨ ਤੇ ਜ਼ੇਰੇ-ਇਲਾਜ਼ ਸਨ)ਦੇ ਸਦੀਵੀ ਵਿਛੋੜੇ ‘ਤੇ ਵਰਗ ਚੇਤਨਾ ਮੰਚ ਪੰਜਾਬ ਵੱਲੋਂ ਪਰਿਵਾਰ ਦੇ ਦੁੱਖ ‘ਚ ਸ਼ਰੀਕ ਹੁੰਦਿਆਂ ਅਦਾਰਾ ‘ਸੁਰਖ਼ ਲੀਹ’ ਅਤੇ ਸਾਥੀ ਨਾਲ ਜੁੜੇ ਇਨਕਲਾਬੀ ਜ਼ਮਹੂਰੀ ਲਹਿਰ ਦੇ ਸਮੂਹ ਸੰਗੀ-ਸਾਥੀਆਂ ਨਾਲ ਡੂੰਘੀ ਸੰਵੇਦਨਾ ਜ਼ਾਹਿਰ ਕੀਤੀ ਜਾਂਦੀ ਹੈ।