ਬੀਕੇਯੂ ਡਕੌਂਦਾ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੀ 9 ਜਨਵਰੀ ਨੂੰ ਮੋਗਾ ਮਹਾਂਪੰਚਾਇਤ ‘ਚ ਹਜ਼ਾਰਾਂ ਕਿਸਾਨਾਂ ਦੀ ਸ਼ਮੂਲੀਅਤ ਕਰਵਾਉਣ ਲਈ ਵਿਉਂਤਬੰਦੀ ਬੈਠਕ
ਦਲਜੀਤ ਕੌਰ, ਪਟਿਆਲਾ
ਅੱਜ ਇਥੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਸੂਬਾ ਲੀਡਰਸ਼ਿਪ ਦੀ ਮੀਟਿੰਗ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਦੀ ਪ੍ਰਧਾਨਗੀ ਅਧੀਨ ਹੋਈ, ਜਿਸ ਵਿਚ ਸਰਵਸ੍ਰੀ ਗੁਰਮੀਤ ਸਿੰਘ ਭੱਟੀਵਾਲ ਸੀਨੀਅਰ ਮੀਤ ਪ੍ਰਧਾਨ ਪੰਜਾਬ, ਜਗਮੋਹਨ ਸਿੰਘ ਪਟਿਆਲਾ ਸੂਬਾ ਜਨਰਲ ਸਕੱਤਰ, ਰਾਮ ਸਿੰਘ ਮਟੋਰੜਾ ਸੂਬਾ ਖਜ਼ਾਨਚੀ ਅਤੇ ਦਲਵਿੰਦਰ ਸਿੰਘ ਸਹਾਇਕ ਸੂਬਾ ਖਜ਼ਾਨਚੀ ਅਤੇ ਪਟਿਆਲਾ ਦੇ ਜ਼ਿਲ੍ਹਾ ਆਗੂ ਵੀ ਸ਼ਾਮਲ ਸਨ। ਇਸ ਮੀਟਿੰਗ ਦਾ ਮੁੱਖ ਏਜੰਡਾ 9 ਜਨਵਰੀ ਨੂੰ ਸੰਯੁਕਤ ਮੋਰਚੇ ਦੀ ਮੋਗਾ ਵਿਖੇ ਹੋ ਰਹੀ ਮਹਾਂਪੰਚਾਇਤ ਵਿੱਚ ਕਿਸਾਨਾਂ ਦੀ ਵੱਡੀ ਪੱਧਰ ’ਤੇ ਸ਼ਮੂਲੀਅਤ ਕਰਵਾਉਣਾ ਸੀ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬੂਟਾ ਸਿੰਘ ਬੁਰਜਗਿੱਲ ਤੇ ਜਗਮੋਹਨ ਸਿੰਘ ਪਟਿਆਲਾ ਨੇ ਦੱਸਿਆ ਕਿ ਸ਼ਮੂਲੀਅਤ ਦੀਆਂ ਤਿਆਰੀਆਂ ਜ਼ੋਰਾਂ ’ਤੇ ਹਨ। ਅੱਜ ਦੀ ਵਿਚਾਰ ਚਰਚਾ ਤੋਂ ਅੰਦਾਜ਼ਾ ਹੈ ਕਿ ਸਿਰਫ਼ ਸਾਡੀ ਜਥੇਬੰਦੀ ਔਰਤਾਂ/ਮਰਦਾਂ ਸਮੇਤ 5000 ਤੋਂ ਵੱਧ ਸ਼ਮੂਲੀਅਤ ਹੋਵੇਗੀ। ਸਾਡੀ ਜਥੇਬੰਦੀ ਵਲੋਂ ਮੋਗਾ ਵਿਖੇ ਇੰਤਜਾਮਾਂ ਵਿਚ ਬਣਦਾ ਯੋਗਦਾਨ ਪਾਉਣ ਦੀ ਵਿਉਂਤਬੰਦੀ ਕੀਤੀ ਗਈ। ਸਾਰੇ ਸੂਬਾਈ ਆਗੂ ਇਕ ਮੱਤ ਸਨ ਕਿ ਸੰਯੁਕਤ ਕਿਸਾਨ ਮੋਰਚੇ ਦੀ 9 ਜਨਵਰੀ ਵਾਲੀ ਮਹਾਂਪੰਚਾਇਤ, ਕਿਸਾਨ ਘੋਲ ਦੇ ਇਤਿਹਾਸ ਵਿਚ ਮੀਲ-ਪੱਥਰ ਸਾਬਤ ਹੋਵੇਗੀ।