All Latest NewsNews FlashPunjab News

ਡੀ.ਟੀ.ਐੱਫ ਸੰਗਰੂਰ ਦੀ 35ਵੀਂ ਵਜ਼ੀਫ਼ਾ ਪ੍ਰੀਖਿਆ ਸਫਲਤਾ ਪੂਰਵਕ ਹੋਈ ਸੰਪੰਨ

 

ਵਿਦਿਆਰਥੀਆਂ ਵਿੱਚ ਦੇਖਣ ਨੂੰ ਮਿਲਿਆ ਭਾਰੀ ਉਤਸ਼ਾਹ

ਪੰਜਾਬ ਨੈੱਟਵਰਕ, ਸੰਗਰੂਰ –

ਡੀ.ਟੀ.ਐੱਫ. ਸੰਗਰੂਰ ਦੀ 35ਵੀਂ ਵਜ਼ੀਫ਼ਾ ਪ੍ਰੀਖਿਆ ਅੱਜ ਜ਼ਿਲ੍ਹੇ ਦੇ ਵੱਖ-ਵੱਖ ਪ੍ਰੀਖਿਆ ਕੇਂਦਰਾਂ ਵਿੱਚ ਸਫਲਤਾ ਪੂਰਵਕ ਸੰਪੰਨ ਹੋਈ। ਡੀ.ਟੀ.ਐੱਫ. ਵੱਲੋਂ ਪਿਛਲੇ 35 ਸਾਲਾਂ ਤੋਂ ਲਗਾਤਾਰ ਇਸ ਪ੍ਰੀਖਿਆ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਪ੍ਰੀਖਿਆ ਕਿਸੇ ਮਹਾਨ ਸ਼ਖਸ਼ੀਅਤ ਜਾਂ ਕਿਸੇ ਅਹਿਮ ਵਰਤਾਰੇ ਨੂੰ ਸਮਰਪਿਤ ਹੁੰਦੀ ਹੈ ਤਾਂ ਕਿ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨੂੰ ਉਸ ਸ਼ਖਸ਼ੀਅਤ ਜਾਂ ਵਰਤਾਰੇ ਬਾਰੇ ਜਾਣੂੰ ਕਰਵਾਇਆ ਜਾ ਸਕੇ। ਇਸ ਸਾਲ ਇਹ ਪ੍ਰੀਖਿਆ ਸਾਮਰਾਜੀ ਜੰਗ ਦਾ ਸ਼ਿਕਾਰ ਫ਼ਲਸਤੀਨੀ ਬੱਚਿਆਂ ਨੂੰ ਸਮਰਪਿਤ ਰਹੀ।

ਇਸ ਸਮੇਂ ਵਧੇਰੇ ਜਾਣਕਾਰੀ ਦਿੰਦਿਆ ਡੀ.ਟੀ.ਐੱਫ. ਦੇ ਸੂਬਾ ਜਨਰਲ ਸਕੱਤਰ ਬਲਬੀਰ ਲੌਂਗੋਵਾਲ,ਜ਼ਿਲ੍ਹਾ ਪ੍ਰਧਾਨ ਦਾਤਾ ਸਿੰਘ ਨਮੋਲ ਅਤੇ ਜ਼ਿਲ੍ਹਾ ਸਕੱਤਰ ਹਰਭਗਵਾਨ ਗੁਰਨੇ ਨੇ ਦੱਸਿਆ ਕਿ ਪ੍ਰੀਖਿਆ ਵਿੱਚ ਇਸ ਸਾਲ ਵੀ ਹਰ ਸਾਲ ਦੀ ਤਰ੍ਹਾਂ ਵਿਦਿਆਰਥੀਆਂ ਨੇ ਭਾਰੀ ਉਤਸ਼ਾਹ ਨਾਲ ਭਾਗ ਲਿਆ। ਪੰਜਵੀਂ, ਅੱਠਵੀਂ,ਦਸਵੀਂ ਤੇ ਬਾਰ੍ਹਵੀਂ ਜਮਾਤ ਦੇ ਕੁੱਲ 3539 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ। ਜਥੇਬੰਦੀ ਦੇ ਵੱਖ ਵੱਖ ਜ਼ਿਲ੍ਹਾ ਅਤੇ ਬਲਾਕ ਆਗੂ ਤੇ ਕਾਰਕੁਨ ਅਧਿਆਪਕਾਂ ਨੇ ਪੂਰੀ ਤਨਦੇਹੀ ਨਾਲ ਮਿਹਨਤ ਕਰਕੇ ਇਸ ਕਾਰਜ ਨੂੰ ਨੇਪਰੇ ਚਾੜ੍ਹਿਆ। ਆਗੂਆਂ ਨੇ ਦੱਸਿਆ ਕਿ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਟਿਆਲਾ ਜ਼ਿਲ੍ਹੇ ਦੇ ਵਿਦਿਆਰਥੀਆਂ ਦੀ ਮੰਗ ‘ਤੇ ਜ਼ਿਲ੍ਹਾ ਕਮੇਟੀ ਨੇ ਇੱਥੋਂ ਦੇ ਵਿਦਿਆਰਥੀਆਂ ਲਈ ਪ੍ਰੀਖਿਆ ਦਾ ਇੰਤਜ਼ਾਮ ਕੀਤਾ। ਪਟਿਆਲਾ ਜ਼ਿਲ੍ਹੇ ਦੇ ਕੁੱਲ 1300 ਵਿਦਿਆਰਥੀਆਂ ਨੇ ਪ੍ਰੀਖਿਆ ਵਿੱਚ ਭਾਗ ਲਿਆ।

ਇੱਥੇ ਡੀ.ਟੀ.ਐੱਫ. ਦੇ ਸੀਨੀਅਰ ਆਗੂ ਤਰਸੇਮ ਲਾਲ ਧੂਰੀ ਦੇ ਪ੍ਰਬੰਧ ਹੇਠ ਇਹ ਪ੍ਰੀਖਿਆ ਹੋਈ। ਆਪਣੇ ਪੜ੍ਹਨ ਸਮੇਂ ਡੀ.ਟੀ.ਐੱਫ. ਦੀ ਵਜ਼ੀਫ਼ਾ ਪ੍ਰੀਖਿਆ ਦੇ ਇਨਾਮ ਜੇਤੂ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਇਸ ਪ੍ਰੀਖਿਆ ਵਿੱਚ ਭਾਗ ਦਿਵਾਉਂਦੇ ਹੋਏ ਮਾਣ ਮਹਿਸੂਸ ਕੀਤਾ। ਆਗੂਆਂ ਨੇ ਕਿਹਾ ਕਿ ਇਸ ਉੱਦਮ ਰਾਹੀਂ ਅਧਿਆਪਕਾਂ ਦੀ ਜਥੇਬੰਦੀ ਡੀ.ਟੀ.ਐੱਫ. ਵਿਦਿਆਰਥੀਆਂ ਨੂੰ ਰੱਟੇ ਅਤੇ ਨਕਲ ਦੀਆਂ ਬੁਰਾਈਆਂ ਤੋਂ ਰਹਿਤ,ਉੱਚੇ ਮਿਆਰ ਦੀ ਅਤੇ ਸਕਾਰਾਤਮਕ ਮੁਕਾਬਲੇ ਦੀ ਪ੍ਰੀਖਿਆ ਦਾ ਪ੍ਰਬੰਧ ਕਰਦੀ ਹੈ।

ਜਥੇਬੰਦੀ ਉਹਨਾਂ ਨੂੰ ਆਪਣੇ ਮਹਾਨ ਇਨਕਲਾਬੀ ਵਿਰਸੇ ਨਾਲ ਜੋੜਨ, ਉਹਨਾਂ ਵਿੱਚ ਅਗਾਂਹ-ਵਧੂ, ਧਰਮ-ਨਿਰਪੱਖ, ਵਿਗਿਆਨਕ ਤੇ ਸਮਾਜਿਕ ਬਰਾਬਰੀ ਦੀਆਂ ਕਦਰਾਂ-ਕੀਮਤਾਂ ਪੈਦਾ ਕਰਨ ਦਾ ਯਤਨ ਕਰਦੀ ਹੈ ਤਾਂ ਕਿ ਉਹ ਭਵਿੱਖ ਵਿੱਚ ਵਧੀਆ ਨਾਗਰਿਕ ਦੇ ਤੌਰ ‘ਤੇ ਵਿਕਸਿਤ ਹੋਣ। ਉਹਨਾਂ ਕਿਹਾ ਕਿ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਦੇ ਵਿਦਿਆਰਥੀਆਂ ਨੂੰ ਅਲੱਗ-ਅਲੱਗ ਕੈਟਾਗਰੀਆਂ ਵਿੱਚ ਰੱਖ ਕੇ ਹਰੇਕ ਕੈਟਾਗਰੀ ਦੇ ਜਮਾਤਵਾਰ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਨਕਦ ਰਾਸ਼ੀ ਦੇ ਰੂਪ ਵਿੱਚ ਵਜ਼ੀਫ਼ਾ ਅਤੇ ਹੋਰ ਇਨਾਮ ਦਿੱਤੇ ਜਾਣਗੇ।

ਇਸ ਤੋਂ ਇਲਾਵਾ ਹਰੇਕ ਕੈਟਾਗਰੀ ਦੇ ਜਮਾਤਵਾਰ ਅਗਲੀਆਂ ਦਸ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਹੌਂਸਲਾ-ਵਧਾਊ ਇਨਾਮ ਦਿੱਤੇ ਜਾਣਗੇ। ਪਟਿਆਲਾ ਜ਼ਿਲ੍ਹੇ ਦੇ ਵਿਦਿਆਰਥੀਆਂ ਦੀ ਅਲੱਗ ਮੈਰਿਟ ਸੂਚੀ ਬਣਾਈ ਜਾਵੇਗੀ ਅਤੇ ਉਸ ਅਨੁਸਾਰ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਹੌਂਸਲਾ-ਵਧਾਊ ਇਨਾਮ ਦਿੱਤੇ ਜਾਣਗੇ। ਅੰਤ ਵਿੱਚ ਸ੍ਰੀ ਨਮੋਲ ਨੇ ਪ੍ਰੀਖਿਆ ਨੂੰ ਸਿਰੇ ਚੜ੍ਹਾਉਣ ਲਈ ਤਨਦੇਹੀ ਨਾਲ ਯੋਗਦਾਨ ਦੇਣ ਵਾਲੇ ਸਾਰੇ ਅਧਿਆਪਕਾਂ ਦਾ ਧੰਨਵਾਦ ਕੀਤਾ।

 

Leave a Reply

Your email address will not be published. Required fields are marked *