ਪੰਜਾਬ ਸਕੂਲ ਬੋਰਡ ਨਵੇਂ ਵਿਵਾਦ ‘ਚ ਘਿਰਿਆ! ਸਟਾਫ਼ ਦੀ ਘਾਟ ਤਾਂ ਪੂਰੀ ਕੀਤੀ ਨਹੀਂ ਗਈ, ਉਲਟਾ ਯੋਗ ਸੈਸ਼ਨ ਚ ਹਿੱਸਾ ਲੈਣ ਲਈ ਕਿਹਾ
ਪੰਜਾਬ ਸਕੂਲ ਬੋਰਡ ਮੈਨੇਜਮੈਂਟ ਵੱਲੋਂ ਕਰਵਾਏ ਗਏ ਯੋਗਾ ਸੈਸ਼ਨ ਦਾ ਬੋਰਡ ਕਰਮਚਾਰੀ ਐਸੋਸੀਏਸ਼ਨ ਦੇ ਪ੍ਰਧਾਨ ਵੱਲੋਂ ਕੀਤੇ ਗਏ ਬਾਈਕਾਟ ਦਾ ਮੁਲਾਜ਼ਮਾਂ ਨੇ ਕੀਤਾ ਸਮਰਥਨ
ਪੰਜਾਬ ਨੈੱਟਵਰਕ, ਮੋਹਾਲੀ
ਪੰਜਾਬ ਸਕੂਲ ਸਿੱਖਿਆ ਬੋਰਡ ਮੈਨੇਜਮੈਂਟ ਵੱਲੋਂ ਅੱਜ ਕਰਵਾਏ ਗਏ ਯੋਗ ਸੈਸ਼ਨ ਦਾ ਕਰਮਚਾਰੀ ਐਸੋਸੀਏਸ਼ਨ ਦੇ ਪ੍ਰਧਾਨ ਵੱਲੋਂ ਬਾਈਕਾਟ ਦਾ ਸੱਦਾ ਦਿੰਦਿਆਂ ਯੋਗ ਸੈਸ਼ਨ ਵਿੱਚ ਸ਼ਾਮਲ ਨਾ ਹੋਣ ਦੀ ਅਪੀਲ ਕੀਤੀ ਗਈ, ਜਿਸ ਦੇ ਸਹਿਯੋਗ ਵਜੋਂ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਵੱਲੋਂ ਯੋਗ ਸੈਸ਼ਨ ਵਿੱਚ ਜਾਣ ਦੀ ਥਾਂ ਆਪਣੀਆਂ-ਆਪਣੀਆਂ ਸੀਟਾਂ ਤੇ ਆਮ ਦਿਨਾਂ ਵਾਂਗ ਕੰਮ ਵਿੱਚ ਮਸ਼ਰੂਫ ਰਹੇ।
ਬਾਈਕਾਟ ਦੀ ਖ਼ਬਰ ਸੁਣਦਿਆਂ ਮੈਨੇਜਮੈਂਟ ਵੱਲੋਂ ਆਡੀਟੋਰੀਅਮ ਵਿੱਚ ਇਕੱਠ ਦਿਖਾਉਣ ਲਈ ਬੋਰਡ ਵਿੱਚ ਪ੍ਰਾਈਵੇਟ ਠੇਕੇਦਾਰ ਰਾਹੀਂ ਆਊਟਸੋਰਸਡ ਲਗਭਗ 50 ਸਫਾਈ ਕਰਮਚਾਰੀਆਂ ਅਤੇ ਪੈਸਕੋ ਦੇ ਬੋਰਡ ਵਿੱਚ ਕੰਮ ਕਰਦੇ 40 ਦੇ ਕਰੀਬ ਸਕਿਊਰਟੀ ਗਾਰਡ ਨੂੰ ਯੋਗ ਸੈਸ਼ਨ ਵਿੱਚ ਸ਼ਾਮਲ ਕਰਵਾ ਕੇ ਬੁਤਾ ਸਾਰਿਆ।
ਇਸ ਤੋਂ ਇਲਾਵਾ ਬੋਰਡ ਦੇ ਉੱਚ ਅਧਿਕਾਰੀਆਂ ਅਤੇ ਉਨ੍ਹਾਂ ਦੇ ਨਿੱਜੀ ਸਟਾਫ ਨੂੰ ਸ਼ਾਮਲ ਹੋਣ ਲਈ ਜ਼ੁਬਾਨੀ ਆਦੇਸ਼ ਕੀਤੇ ਗਏ। ਅਧਿਕਾਰੀਆਂ ਰਾਹੀਂ ਮੁਲਾਜ਼ਮਾਂ ਨੂੰ ਵੀ ਜ਼ੁਬਾਨੀ ਦਬਾਅ ਪਾ ਕੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਪਰੰਤੂ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਨੇ ਪ੍ਰਧਾਨ ਵੱਲੋਂ ਕੀਤੀ ਬਾਈਕਾਟ ਦੀ ਅਪੀਲ ਨੂੰ ਮੰਨਦਿਆਂ ਸਮਾਗਮ ਵਿੱਚ ਸ਼ਮੂਲੀਅਤ ਨਹੀਂ ਕੀਤੀ ਗਈ।
ਯੋਗ ਸੈਸ਼ਨ ਦੇ ਬਾਈਕਾਟ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ ਐਸੋਸੀਏਸ਼ਨ ਦੇ ਪ੍ਰਧਾਨ ਪਰਵਿੰਦਰ ਸਿੰਘ ਖੰਗੂੜਾ ਨੇ ਦੱਸਿਆ ਕਿ ਬੋਰਡ ਮੈਨੇਜਮੈਂਟ ਵੱਲੋਂ ਅੱਜ ਮਾਨਸਿਕ ਸਥਿਤੀ ਨੂੰ ਲੈ ਕੇ ਕਰਵਾਏ ਗਏ ਯੋਗ ਸੈਸ਼ਨ ਕਰਵਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਬੋਰਡ ਦਫ਼ਤਰ ਦੀਆਂ ਲੱਗਭਗ ਸਾਰੀਆਂ ਬਰਾਂਚਾਂ ਵਿੱਚ ਮੁਲਾਜ਼ਮਾਂ ਦੀ ਬਹੁਤ ਵੱਡੀ ਘਾਟ ਚੱਲ ਰਹੀ ਹੈ, ਜਿਸ ਕਾਰਨ ਮੁਲਾਜ਼ਮਾਂ ਵਿੱਚ ਕੰਮ ਦਾ ਵਾਧੂ ਬੋਝ ਪੈਣ ਕਾਰਨ ਮੁਲਾਜ਼ਮ ਤਣਾਅ ਦੇ ਸ਼ਿਕਾਰ ਹੋ ਚੁੱਕੇ ਹਨ। ਵੱਡੀ ਗਿਣਤੀ ਵਿੱਚ ਮੁਲਾਜ਼ਮ ਪ੍ਰੀ ਮਚਿਊਰ ਰਿਟਾਇਰਮੈਂਟ ਲੈ ਚੁੱਕੇ ਹਨ ਤੇ ਕਈ ਮੁਲਾਜ਼ਮ ਰਿਟਾਇਰਮੈਂਟ ਲੈਣ ਦੀ ਤਿਆਰੀ ਕਰ ਚੁੱਕੇ ਹਨ।
ਮੈਨੇਜਮੈਂਟ ਵੱਲੋਂ ਇਸ ਪਾਸੇ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਤਰਸ ਅਧਾਰ ਤੇ ਮਿਲਣ ਵਾਲੀਆਂ ਨੌਕਰੀਆਂ ਪਿਛਲੇ ਲੱਗਭਗ ਡੇਢ ਸਾਲ ਤੋਂ ਲਮਕ ਵਿੱਚ ਪਈਆਂ ਹਨ। ਬੋਰਡ ਦੇ ਖੇਤਰੀ ਦਫ਼ਤਰ ਅਤੇ ਆਦਰਸ਼ ਸਕੂਲਾਂ ਵਿੱਚ ਸਟਾਫ ਦੀ ਬਹੁਤ ਵੱਡੀ ਘਾਟ ਹੈ।
ਪ੍ਰਧਾਨ ਵੱਲੋਂ ਸਾਰੀਆਂ ਸਮੱਸਿਆਵਾਂ ਸਬੰਧੀ ਬਹੁਤ ਵਾਰ ਉੱਚ ਅਧਿਕਾਰੀਆਂ ਕੋਲ ਮਾਮਲਾ ਉਠਾਇਆ ਗਿਆ ਪਰੰਤੂ ਕੋਈ ਕਾਰਵਾਈ ਨਹੀਂ ਹੋ ਰਹੀ। ਮੁਲਾਜ਼ਮਾਂ ਦੀ ਘਾਟ ਹੋਣ ਕਾਰਨ ਪ੍ਰੀਖਿਆ ਫਾਰਮਾਂ ਦਾ ਕੋਟਾ ਵੱਡੀ ਗਿਣਤੀ ਵਿੱਚ ਵਧਾਇਆ ਜਾ ਰਿਹਾ ਹੈ, ਇਸ ਤੋਂ ਇਲਾਵਾ ਸਰਟੀਫਿਕੇਟ ਸ਼ਾਖਾ ਦੇ ਕੰਮ ਦਾ ਫੇਰਬਦਲ ਕਰਕੇ ਮੁਲਾਜ਼ਮਾਂ ਨੂੰ ਹੋਰ ਪ੍ਰੇਸ਼ਾਨ ਕਰਨ ਦੀ ਤਿਆਰ ਕੀਤੀ ਜਾ ਰਹੀ ਹੈ।
ਇਨ੍ਹਾਂ ਮੰਗਾਂ ਤੋਂ ਇਲਾਵਾ ਮੁਲਾਜ਼ਮਾਂ ਦੇ ਹੋਰ ਵੀ ਅਹਿਮ ਮਸਲੇ ਲਮਕ ਵਿੱਚ ਪਏ ਹਨ, ਜਿਨ੍ਹਾਂ ਬਾਰੇ ਆਉਣ ਵਾਲੇ ਸਮੇਂ ਵਿੱਚ ਜਾਣਕਾਰੀ ਸਾਂਝੀ ਕਰਾਂਗੇ। ਇਸ ਤੋਂ ਇਲਾਵਾ ਪ੍ਰਧਾਨ ਨੇ ਕਿਹਾ ਕਿ ਸਕੱਤਰ ਦਾ ਵਤੀਰਾ ਮੁਲਾਜ਼ਮਾਂ ਪ੍ਰਤੀ ਬਹੁਤ ਹੀ ਨਿੰਦਣਯੋਗ ਹੈ ਜਿਸ ਕਾਰਨ ਮੁਲਾਜ਼ਮ ਤਣਾਅ ਦਾ ਸ਼ਿਕਾਰ ਹੋ ਰਹੇ ਹਨ।
ਪ੍ਰਧਾਨ ਵੱਲੋਂ ਦਿੱਤੀ ਅਪੀਲ ਦਾ ਵੱਡੀ ਗਿਣਤੀ ਵਿੱਚ ਸਮਰਥਨ ਕਰਨ ਦਾ ਧੰਨਵਾਦ ਕੀਤਾ ਗਿਆ ਅਤੇ ਉਨ੍ਹਾਂ ਮੈਨੇਜਮੈਂਟ ਨੂੰ ਵੀ ਅਪੀਲ ਕੀਤੀ ਕਿ ਜੇਕਰ ਮੈਨੇਜਮੈਂਟ ਸੱਚਮੁੱਚ ਹੀ ਮੁਲਾਜ਼ਮਾਂ ਨੂੰ ਤਣਾਮੁਕਤ ਕਰਨਾ ਚਾਹੁੰਦੀ ਹੈ ਤਾਂ ਮੈਨੇਜਮੈਂਟ ਸਟਾਫ ਦੀ ਘਾਟ ਸਮੇਤ ਹੋਰ ਮੁਲਾਜ਼ਮ ਮਸਲਿਆਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇ।