ਚੰਦਭਾਨ ਪਿੰਡ ਦੇ ਮਜਦੂਰਾਂ ‘ਤੇ ਧਨਾਢ ਚੌਧਰੀਆਂ ਨਾਲ ਰਲ ਕੇ ਪੁਲਿਸ ਵੱਲੋਂ ਕੀਤੀ ਗੁੰਡਾਗਰਦੀ ਦੀ ਡੀ.ਟੀ.ਐਫ. ਵੱਲੋਂ ਨਿਖੇਧੀ
ਜਬਰ ਵਿਰੋਧੀ ਐਕਸ਼ਨ ਕਮੇਟੀ ਦੁਆਰਾ ਫਰੀਦਕੋਟ ਵਿਖੇ ਕੀਤੇ ਗਏ ਰੋਸ ਪ੍ਰਦਰਸ਼ਨ ਵਿੱਚ ਸ਼ਮੂਲੀਅਤ
ਪੰਜਾਬ ਨੈੱਟਵਰਕ, ਫਰੀਦਕੋਟ
ਪਿਛਲੇ ਦਿਨੀਂ ਫਰੀਦਕੋਟ ਦੇ ਪਿੰਡ ਚੰਦਭਾਨ ਵਿਖੇ ਪਿੰਡ ਦੇ ਧਨਾਢ ਚੌਧਰੀ ਗ਼ਮਦੂਰ ਸਿੰਘ ਅਤੇ ਮਜਦੂਰਾਂ ਵਿਚਕਾਰ ਇਕ ਗੰਦੇ ਪਾਣੀ ਦੀ ਨਾਲੀ ਕੱਢਣ ਨੂੰ ਲੈ ਕੇ ਭਖੇ ਵਿਵਾਦ ਵਿਚ ਪੁਲਿਸ ਵੱਲੋਂ ਐਮ ਐਲ ਏ ਅਮੋਲਕ ਸਿੰਘ ਦੀ ਸ਼ਹਿ ‘ਤੇ ਪੁਲਿਸ ਅਤੇ ਧਨਾਢ ਚੌਧਰੀਆਂ ਨੇ ਮਿਲ ਕੇ ਮਜਦੂਰਾਂ ‘ਤੇ ਅਣਮਨੁੱਖੀ ਤਸ਼ੱਦਦ ਕਰਦਿਆਂ ਸਿੱਧੀਆਂ ਗੋਲੀਆਂ ਚਲਾਈਆਂ ਗਈਆਂ ਤੇ ਬਹੁਤ ਸਾਰੇ ਮਜਦੂਰਾਂ ਨੂੰ ਜਖਮੀ ਕੀਤਾ ਗਿਆ ਹੈ। ਪਿੰਡ ਦੀ ਮੌਜੂਦਾ ਮਹਿਲਾ ਸਰਪੰਚ ਦੇ ਪਤੀ ਨਾਲ ਪੁਲਿਸ ਵੱਲੋਂ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ ਗਈ। ਤਿੰਨ ਦਰਜਨ ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕਰਕੇ ਪੁਲਿਸ ਥਾਣੇ ਵਿੱਚ ਉਹਨਾਂ ਦੇ ਬੱਚਿਆਂ ਸਾਹਮਣੇ ਜ਼ਲੀਲ ਕੀਤਾ ਗਿਆ। ਪੁਲਿਸ ਅਤੇ ਗੁੰਡਿਆਂ ਵੱਲੋਂ ਮਜਦੂਰਾਂ ਦੇ ਘਰ ਵਿਚ ਅੰਦਰ ਵੜ ਕੇ ਉਹਨਾਂ ਦੇ ਘਰਾਂ ਨੂੰ ਨੁਕਸਾਨ ਪਹੁੰਚਾਇਆ ਗਿਆ।
ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂ ਵਾਲੀ, ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ ਅਤੇ ਜਨਰਲ ਸਕੱਤਰ ਹਰਦੀਪ ਟੋਡਰਪੁਰ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੁਲਿਸ ਅਧਿਕਾਰੀਆਂ ਵੱਲੋਂ ਸਿਆਸੀ ਦਬਾਅ ਹੇਠ ਗੁੰਡਾ ਅਨਸਰਾਂ ਨੂੰ ਸ਼ਹਿ ਦਿੱਤੀ ਇਸੇ ਕਰਕੇ ਉਹਨਾਂ ਨੇ ਗੋਲੀਆਂ ਚਲਾਈਆਂ ਜੇਕਰ ਪੁਲਿਸ ਨੇ ਆਪਣਾ ਬਣਦਾ ਰੋਲ ਅਦਾ ਕੀਤਾ ਹੁੰਦਾ ਤਾਂ ਅਜਿਹੀ ਸਥਿਤੀ ਤੋਂ ਬਚਿਆ ਜਾ ਸਕਦਾ ਸੀ, ਪ੍ਰੰਤੂ ਪੁਲਿਸ ਜਗੀਰੂ ਲੋਕਾਂ ਦਾ ਪੱਖ ਪੂਰਦੀ ਹੋਈ ਗੋਲੀਆਂ ਚਲਾਉਣ ਵਾਲਿਆਂ ਦੇ ਬਜਾਏ ਮਜਦੂਰਾਂ ‘ਤੇ ਕਾਰਵਾਈ ਕਰ ਰਹੀ ਹੈ ਅਤੇ ਗੋਲੀਆਂ ਚਲਾਉਣ ਵਾਲਿਆਂ ਨੂੰ ਬਚਾਉਣ ਲੱਗੀ ਹੋਈ ਹੈ।
ਆਗੂਆਂ ਨੇ ਮੰਗ ਕੀਤੀ ਕਿ ਮਜਦੂਰਾਂ ਉੱਪਰ ਗੋਲੀਆਂ ਚਲਾਉਣ ਵਾਲੇ ਗੁੰਡਾ ਅਨਸਰਾਂ ਉੱਪਰ ਇਰਾਦਾ ਕਤਲ ਦਾ ਪਰਚਾ ਦਰਜ ਕੀਤਾ ਜਾਵੇ ਅਤੇ ਐਸ ਸੀ, ਐਸ ਟੀ ਐਕਟ ਤਹਿਤ ਪਰਚੇ ਦਰਜ ਕਰਕੇ ਤੁਰੰਤ ਗ੍ਰਿਫਤਾਰ ਕੀਤੇ ਜਾਣ। ਮਜਦੂਰਾਂ ਉੱਪਰ ਦਰਜ ਪਰਚੇ ਬਿਨਾਂ ਸ਼ਰਤ ਰੱਦ ਕਰਕੇ ਉਹਨਾਂ ਨੂੰ ਤਰੰਤ ਰਿਹਾ ਕੀਤਾ ਜਾਵੇ। ਜਿਹਨਾਂ ਮਜਦੂਰਾਂ ਦੇ ਘਰਾਂ ਵਿਚ ਪੁਲਿਸ ਵੱਲੋਂ ਨੁਕਸਾਨ ਕੀਤਾ ਗਿਆ ਹੈ ਉਸ ਦਾ ਬਣਦਾ ਮੁਆਵਜਾ ਦਿੱਤਾ ਜਾਵੇ।
ਅੱਜ ਫਰੀਦਕੋਟ ਵਿਖੇ ਪੀੜਿਤ ਮਜਦੂਰਾਂ ਨੂੰ ਇਨਸਾਫ਼ ਦਵਾਉਣ ਲਈ ਜਬਰ ਵਿਰੋਧੀ ਐਕਸ਼ਨ ਕਮੇਟੀ ਦੇ ਬੈਨਰ ਹੇਠ ਕੀਤੇ ਗਏ ਐਕਸ਼ਨ ਵਿੱਚ ਪਵਨ ਕੁਮਾਰ ਮੁਕਤਸਰ ਦੀ ਅਗਵਾਈ ਹੇਠ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਨੇ ਸ਼ਮੂਲੀਅਤ ਕੀਤੀ ਗਈ।