ਵੱਡੀ ਖ਼ਬਰ: ਕਿਸਾਨ ਅੰਦੋਲਨ ਦੇ ਆਗੂਆਂ ਵੱਲੋਂ ਮੁੜ ਦਿੱਲੀ ਕੂਚ ਕਰਨ ਦਾ ਐਲਾਨ
ਰਾਜਪੁਰਾ :
ਪੰਜਾਬ-ਹਰਿਆਣਾ ਦੇ ਸ਼ੰਭੂ ਬਾਰਡਰ ’ਤੇ ਪਿਛਲੇ ਇਕ ਸਾਲ ਤੋਂ ਚੱਲ ਰਹੇ ਕਿਸਾਨ ਅੰਦੋਲਨ ਦੇ ਆਗੂਆਂ ਨੇ ਮੁੜ ਦਿੱਲੀ ਕੂਚ ਕਰਨ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਐਲਾਨ ਕੀਤਾ ਕਿ ਜੇ 14 ਫਰਵਰੀ ਨੂੰ ਕੇਂਦਰੀ ਨੁਮਾਇੰਦਿਆਂ ਨਾਲ ਹੋਣ ਵਾਲੀ ਬੈਠਕ ਦੌਰਾਨ ਕਿਸਾਨੀ ਮੰਗਾਂ ਦਾ ਕੋਈ ਹੱਲ ਨਾ ਨਿਕਲਿਆ ਤਾਂ 25 ਫਰਵਰੀ ਨੂੰ ਸ਼ੰਭੂ ਬਾਰਡਰ ਮੋਰਚੇ ਤੋਂ ਜਥਾ ਦਿੱਲੀ ਨੂੰ ਪੈਦਲ ਕੂਚ ਕਰੇਗਾ।
ਸੋਮਵਾਰ ਨੂੰ ਸ਼ੰਭੂ ਬਾਰਡਰ ਮੋਰਚੇ ’ਤੇ ਸੀਨੀਅਰ ਆਗੂ ਸਰਵਣ ਸਿੰਘ ਪੰਧੇਰ ਨੇ ਆਖਿਆ ਕਿ 14 ਫਰਵਰੀ ਨੂੰ ਚੰਡੀਗੜ੍ਹ ’ਚ ਕੇਂਦਰ ਤੇ ਪੰਜਾਬ ਸਰਕਾਰ ਦੇ ਮੰਤਰੀਆਂ ਨਾਲ ਮੀਟਿੰਗ ’ਚ ਸ਼ਿਰਕਤ ਕਰਾਂਗੇ। ਹਾਲਾਂਕਿ, ਸਰਕਾਰ ਦੇ ਮਨਸ਼ੇ ਇਸ ਵਾਰ ਦੇ ਬਜਟ ਪੇਸ਼ ਕਰਨ ਵੇਲੇ ਹੀ ਸਾਫ਼ ਹੋ ਚੁੱਕੇ ਹਨ ਹਾਲਾਂਕਿ ਅਸੀਂ ਕਦੇ ਵੀ ਗੱਲ ਕਰਨ ਤੋਂ ਪਿੱਛੇ ਨਹੀਂ ਹਟੇ।
ਉਨ੍ਹਾਂ ਦੱਸਿਆ ਕਿ 13 ਤਰੀਕ ਨੂੰ ਮੋਰਚੇ ਦਾ ਇਕ ਸਾਲ ਪੂਰਾ ਹੋਣ ਮੌਕੇ ਦੇਸ਼ ਭਰ ਦੀਆਂ ਜਥੇਬੰਦੀਆਂ ਦੇ ਆਗੂ ਤੇ ਪੰਜਾਬ ਹਰਿਆਣਾ ਸਮੇਤ ਉੱਤਰੀ ਭਾਰਤ ਦੇ ਕਿਸਾਨ ਤੇ ਮਜ਼ਦੂਰ ਵੀ ਵੱਡੀ ਗਿਣਤੀ ਵਿਚ ਸ਼ੰਭੂ ਬਾਰਡਰ ਪਹੁੰਚ ਰਹੇ ਹਨ। 11 ਨੂੰ ਰਾਜਸਥਾਨ ਦੇ ਰਤਨਪੁਰਾ, 12 ਨੂੰ ਖਨੌਰੀ ਤੇ 13 ਨੂੰ ਸ਼ੰਭੂ ’ਚ ਮਹਾਂਪੰਚਾਇਤ ਕੀਤੀ ਜਾ ਰਹੀ ਹੈ।
ਜੇ ਸਰਕਾਰ ਵੱਲੋਂ 14 ਦੀ ਮੀਟਿੰਗ ’ਚ ਕੋਈ ਸੁਚੱਜਾ ਹੱਲ ਨਹੀਂ ਕੱਢਿਆ ਜਾਂਦਾ ਤਾਂ 25 ਫਰਵਰੀ ਨੂੰ ਸ਼ੰਭੂ ਬਾਰਡਰ ਮੋਰਚੇ ਤੋਂ ਜਥਾ ਦਿੱਲੀ ਨੂੰ ਪੈਦਲ ਕੂਚ ਕਰੇਗਾ। ਉਨ੍ਹਾਂ ਕਿਹਾ ਕਿ ਖੰਨਾ ਤੋਂ ਨੌਜਵਾਨ ਐਥਲੀਟ ਕੋਚ ਦਿਲਪ੍ਰੀਤ ਸਿੰਘ, ਕਿਸਾਨੀ ਮੰਗਾਂ ਦੇ ਹੱਕ ਵਿਚ ਪਾਰਲੀਮੈਂਟ ਤੱਕ 302 ਕਿਲੋਮੀਟਰ ਦਾ ਪੈਂਡਾ ਦੌੜ ਕੇ ਤੈਅ ਕਰਨ ਜਾ ਰਹੇ ਹਨ।
ਅਮਰੀਕਾ ਵੱਲੋਂ ਡੀਪੋਰਟ ਕੀਤੇ ਭਾਰਤੀ ਨਾਗਰਿਕਾਂ ਬਾਰੇ ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਅਮਰੀਕਾ ਨੂੰ ਤਾੜਨਾ ਕਰਨੀ ਚਾਹੀਦੀ ਹੈ ਪਰ ਸਰਕਾਰ ਵੱਲੋਂ ਧਾਰੀ ਚੁੱਪੀ ਦੇਸ਼ ਦਾ ਨਿਰਾਦਰ ਕਰਨ ਵਾਲੀ ਹੈ। ਇਸ ਮੌਕੇ ਜਸਵਿੰਦਰ ਸਿੰਘ ਲੋਂਗੋਵਾਲ, ਜੰਗ ਸਿੰਘ ਭਟੇੜੀ, ਗੁਰਅਮਨੀਤ ਮਾਂਗਟ, ਹਰਜੀਤ ਸਿੰਘ ਮਾਂਗਟ, ਬਲਕਾਰ ਸਿੰਘ ਬੈਂਸ, ਹਰਪ੍ਰੀਤ ਸਿੰਘ ਬਹਿਰਾਮਕੇ, ਜਰਮਨਜੀਤ ਸਿੰਘ ਬੰਡਾਲਾ, ਬਾਜ਼ ਸਿੰਘ ਸਰੰਗੜਾ, ਸੁਖਦੇਵ ਸਿੰਘ ਚਾਟੀਵਿੰਡ, ਬਲਦੇਵ ਸਿੰਘ ਬੱਗਾ, ਕੰਧਾਰ ਸਿੰਘ ਭੋਏਵਾਲ ਹਾਜ਼ਰ ਸਨ।