ਡਿਪੋਰਟ ਭਾਰਤੀਆਂ ਨਾਲ ਗ਼ੈਰ ਮਨੁੱਖੀ ਵਿਵਹਾਰ ਦਾ ਅੰਤਰਰਾਸ਼ਟਰੀ ਅਦਾਲਤ ਨੂੰ ਸਖ਼ਤ ਨੋਟਿਸ ਲੈਣ ਚਾਹੀਦਾ: ਛਾਂਗਾ ਰਾਏ, ਧਰਮੂਵਾਲਾ
ਰਣਬੀਰ ਕੌਰ ਢਾਬਾਂ, ਫਾਜ਼ਿਲਕਾ
ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਪੰਜਾਬ ਵੱਲੋਂ ਬਨੇਗਾ ਪ੍ਰਾਪਤੀ ਮੁਹਿੰਮ ਦੇ ਬੈਨਰ ਹੇਠ ‘ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ’ ਅਤੇ 6 ਘੰਟੇ ਡੀ ਕਾਨੂੰਨੀ ਕੰਮ ਦਿਹਾੜੀ ਪ੍ਰਾਪਤ ਕਰਨ ਲਈ ਪਿਛਲੇ ਮਹੀਨੇ ਤੋਂ ਸ਼ੁਰੂ ਕੀਤੇ ਮਹੀਨਾਵਾਰ ‘ਬਨੇਗਾ ਐਕਸ਼ਨ ਡੇ’ ਨੂੰ ਜਾਰੀ ਰੱਖਦਿਆਂ 28 ਫਰਵਰੀ ਨੂੰ ਪੰਜਾਬ ਦੇ ਵੱਖ ਵੱਖ ਜਿਲਿਆਂ ਦੇ ਡੀ. ਸੀ. ਦਫਤਰਾਂ ਅੱਗੇ ਦੂਜਾ ਮਹੀਨਿਵਾਰੀ ‘ਬਨੇਗਾ ਐਕਸ਼ਨ’ ਕਰਨ ਦਾ ਐਲਾਨ ਕੀਤਾ ਹੈ।
ਇਸ ਸੰਬੰਧੀ ਔਨਲਾਈਨ ਪਲੇਟ ਫਾਰਮ ਤੇ ਕੀਤੀ ਗਈ ਇੱਕ ਵਿਸ਼ੇਸ਼ ਮੀਟਿੰਗ ਵਿੱਚ ਫੈਸਲਾ ਲੈ ਕੇ ਪ੍ਰੋਗਰਾਮ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੀਟਿੰਗ ਡੀ ਪ੍ਰਧਾਨਗੀ ਸਰਬ ਭਾਰਤ ਨੌਜਵਾਨ ਸਭਾ ਡੀ ਸੂਬਾ ਪ੍ਰਧਾਨ ਕਰਮਵੀਰ ਕੌਰ ਬੱਧਣੀ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਰਮਨ ਕੁਮਾਰ ਧਰਮੂਵਾਲਾ ਨੇ ਕੀਤੀ। ਇਸ ਮੀਟਿੰਗ ਵਿੱਚ ਦੋਨਾਂ ਜਥੇਬੰਦੀਆਂ ਦੇ ਕਾਰਕੁਨ੍ਹਾਂ ਅਤੇ ਆਗੂਆਂ ਨੇ ਸ਼ਮੂਲੀਅਤ ਕੀਤੀ।
ਮੀਟਿੰਗ ਵਿੱਚ ਲਏ ਗਏ ਫ਼ੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਸਕੱਤਰ ਚਰਨਜੀਤ ਸਿੰਘ ਛਾਂਗਾ ਰਾਏ ਨੇ ਕਿਹਾ ਕਿ ਬਨੇਗਾ ਪ੍ਰਾਪਤੀ ਮੁਹਿੰਮ ਵੱਲੋਂ ਹਰ ਇੱਕ ਲਈ ਰੁਜ਼ਗਾਰ ਦੀ ਗਰੰਟੀ ਕਰਦੇ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਦੀ ਪ੍ਰਾਪਤੀ ਲਈ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ ਅਤੇ ਇਹ ਸੰਘਰਸ਼ ਬਨੇਗਾ ਦੀ ਪ੍ਰਾਪਤੀ ਤੱਕ ਲਗਾਤਾਰ ਜਾਰੀ ਰਹੇਗਾ।
ਉਹਨਾਂ ਅੱਗੇ ਕਿਹਾ ਕਿ ਜਦੋਂ ਇੱਕ ਪਾਸੇ ਦੇਸ਼ ਅਤੇ ਦੁਨੀਆਂ ਵਿੱਚ ਅਰਟੀਫਿਸ਼ਲ ਇੰਟੈਲੀਜੈਨਸੀ ਨੇ 60 ਫੀਸਦੀ ਤੱਕ ਨੌਕਰੀਆਂ ਦੇ ਖ਼ਤਮ ਹੋਣ ਦਾ ਖਤਰਾ ਖੜਾ ਕਰ ਦਿੱਤਾ ਹੈ ਤਾਂ ਬਨੇਗਾ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ। ਕਿਉਂਕਿ ਬਨੇਗਾ ਹੀ ਹਰ ਇੱਕ ਲਈ ਯਕੀਨਨ ਰੁਜ਼ਗਾਰ ਦੀ ਗਰੰਟੀ ਕਰਦਾ ਹੈ। ਆਗੂਆਂ ਨੇ ਅੱਗੇ ਕਿਹਾ ਕਿ ਬਨੇਗਾ ਦੀ ਪ੍ਰਾਪਤੀ ਅਤੇ ਨਵਾਂ ਕੰਮ ਪੈਦਾ ਕਰਨ ਲਈ 6 ਘੰਟੇ ਦੀ ਕਾਨੂੰਨੀ ਕੰਮ ਦਿਹਾੜੀ ਲਈ ਹਰ ਮਹੀਨੇ ਦੇ ਚੌਥੇ ਸ਼ੁਕਰਵਾਰ ਡੀ ਸੀ ਦਫਤਰਾਂ ਅੱਗੇ ਬਨੇਗਾ ਐਕਸ਼ਨ ਕਰਨ ਦਾ ਫੈਸਲਾ ਕੀਤਾ ਗਿਆ ਸੀ ਅਤੇ ਇਸ ਦੀ ਲਗਾਤਾਰਤਾ ਨੂੰ ਜਾਰੀ ਰੱਖਦਿਆਂ 28 ਫਰਵਰੀ ਨੂੰ ਇਹ ਪ੍ਰਦਰਸ਼ਨ ਕੀਤੇ ਜਾਣਗੇ। ਜਿਸ ਦੀਆਂ ਤਿਆਰੀਆਂ ਜੰਗੀ ਪੱਧਰ ਤੇ ਕੀਤੀਆਂ ਜਾ ਰਹੀਆਂ ਹਨ।
ਇਸ ਮੀਟਿੰਗ ਵਿੱਚ ਅਮਰੀਕਾ ਵੱਲੋਂ ਹੱਥਕੜੀਆਂ ਅਤੇ ਬੇੜੀਆਂ ਵਿੱਚ ਜਕੜ ਕੇ ਭਾਰਤੀਆਂ ਨੂੰ ਡਿਪੋਰਟ ਕਰਨ ਦੀ ਕਾਰਵਾਈ ਨੂੰ ਗ਼ੈਰ ਮਨੁੱਖੀ ਕਰਾਰ ਦਿੰਦਿਆਂ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ। ਆਗੂਆਂ ਨੇ ਕਿਹਾ ਕਿ ਰੁਜ਼ਗਾਰ ਦੀ ਭਾਲ ਲਈ ਪ੍ਰਵਾਸ ਸਦੀਆਂ ਤੋਂ ਚਲਦਾ ਆ ਰਿਹਾ ਚਾਹੇ ਉਹ ਕਨੂੰਨਨ ਹੋਵੇਗਾ ਜਾਂ ਗ਼ੈਰ ਕਨੂੰਨਨ ਪਰ ਅੰਤਰਰਾਸ਼ਟਰੀ ਅਦਾਲਤੀ ਕਾਨੂੰਨ ਕਿਸੇ ਵੀ ਪ੍ਰਵਾਸੀ ਪ੍ਰਤੀ ਅਜਿਹਾ ਗ਼ੈਰ ਮਨੁੱਖੀ ਵਿਵਹਾਰ ਕਰਨ ਦੀ ਇਜ਼ਾਜ਼ਤ ਨਹੀਂ ਦਿੰਦਾ। ਉਹਨਾਂ ਅੱਗੇ ਕਿਹਾ ਕਿ ਅਮਰੀਕਾ ਇੱਕ ਪਾਸੇ ਭਾਰਤ ਨਾਲ ਦੋਸਤੀ ਦੀ ਦੁਹਾਈ ਦਿੰਦਾ ਹੈ ਪਰ ਦੂਜੇ ਪਾਸੇ ਭਾਰਤੀਆਂ ਨਾਲ ਅਜਿਹਾ ਵਿਹਾਰ ਨਿਹਾਇਤ ਨਿੰਦਣਯੋਗ ਹੈ।
ਆਗੂਆਂ ਨੇ ਮੰਗ ਕੀਤੀ ਕਿ ਅਜਿਹੇ ਗ਼ੈਰ ਮਨੁੱਖੀ ਵਰਤਾਰੇ ਪ੍ਰਤੀ ਅੰਤਰਰਾਸ਼ਟਰੀ ਅਦਾਲਤ ਨੂੰ ਦਖਲ ਦੇ ਕੇ ਇਸ ਗ਼ੈਰ ਮਨੁੱਖੀ ਕਾਰਵਾਈ ਨੂੰ ਰੋਕਣਾ ਚਾਹੀਦਾ ਹੈ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਹਰਭਜਨ ਛੱਪੜੀ ਵਾਲਾ, ਗੁਰਜੀਤ ਕੌਰ ਸਰਦੂਲਗੜ੍ਹ, ਸੁੱਖਵਿੰਦਰ ਮਲੌਟ, ਜਗਵਿੰਦਰ ਕਾਕਾ, ਹਰਮੇਲ ਉਭਾ, ਨਵਜੀਤ ਸੰਗਰੂਰ, ਇੰਦਰਜੀਤ ਦੀਨਾ, ਸੁਬੇਗ ਝੰਗੜਭੈਣੀ, ਅੰਜੂ ਫਰੀਦਕੋਟ, ਚਰਨਜੀਤ ਚਮੇਲੀ, ਰਾਹੁਲ ਪੰਜਾਬੀ ਯੂਨੀਵਰਸਿਟੀ, ਗੁਰਜੰਟ ਮਾਜਰੀ, ਰੋਹਿਤ ਮੁਕਤਸਰ, ਗੁਰਭੇਜ ਮੁਕਤਸਰ, ਵਿਸ਼ਾਲ ਤਰਨਤਾਰਨ, ਰਸਾਲ ਭਿੱਖੀਵਿੰਡ, ਜਸਪ੍ਰੀਤ ਬੱਧਣੀ ਅਤੇ ਬੋਹੜ ਬੁੱਟਰ ਆਦਿ ਆਗੂਆਂ ਨੇ ਸ਼ਮੂਲੀਅਤ ਕੀਤੀ।