All Latest NewsNews FlashPunjab News

ਅਧਿਆਪਕਾਂ ਦੀਆਂ ਨਵੀਆਂ ਭਰਤੀਆਂ ਸਮੇਂ ਵਕੈਂਸੀ ਲਿਸਟਾਂ ‘ਚ ਕਈ ਊਣਤਾਈਆਂ, DTF ਨੇ ਚੁੱਕੇ ਸਵਾਲ

 

ਵਕੈਂਸੀ ਲਿਸਟਾਂ ਵਿੱਚ ਸੋਧ ਸੰਬੰਧੀ ਡੀ.ਟੀ.ਐੱਫ਼. ਨੇ ਡੀ.ਈ.ਓ.(ਪ੍ਰਾਇਮਰੀ) ਨੂੰ ਦਿੱਤਾ ਮੰਗ ਪੱਤਰ

ਨਵੇਂ ਭਰਤੀ ਹੋਣ ਵਾਲ਼ੇ ਅਧਿਆਪਕਾਂ ਨੂੰ ਜੁਆਇੰਨ ਕਰਨ ਸਮੇਂ ਨਾ ਆਵੇ ਕੋਈ ਸਮੱਸਿਆ

ਪੰਜਾਬ ਨੈੱਟਵਰਕ, ਹੁਸ਼ਿਆਰਪੁਰ

ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ (ਡੀ.ਟੀ.ਐਫ਼.) ਦਾ ਇੱਕ ਵਫ਼ਦ ਜਿਸ ਵਿੱਚ ਜਥੇਬੰਦੀ ਦੇ ਜ਼ਿਲ੍ਹਾ ਜਨਰਲ ਸਕੱਤਰ ਇੰਦਰ ਸੁਖਦੀਪ ਸਿੰਘ ਓਢਰਾ, ਵਿੱਤ ਸਕੱਤਰ ਮਨਜੀਤ ਸਿੰਘ ਦਸੂਹਾ, ਪ੍ਰੈੱਸ ਸਕੱਤਰ ਬਲਜੀਤ ਸਿੰਘ ਮਹਿਮੋਵਾਲ, ਜੁਆਇੰਟ ਸਕੱਤਰ ਪ੍ਰਵੀਨ ਸ਼ੇਰਪੁਰ, ਨੰਦ ਰਾਮ, ਵਰਿੰਦਰ ਸੈਣੀ ਅਤੇ ਕਮਲਜੀਤ ਕੁਮਾਰ ਆਦਿ ਆਗੂ ਸ਼ਾਮਿਲ ਸਨ ਡਿਪਟੀ ਡੀ.ਈ.ਓ.(ਪ੍ਰਾਇਮਰੀ) ਸੁਖਵਿੰਦਰ ਸਿੰਘ ਨੂੰ ਮਿਲਿਆ ਅਤੇ ਇੱਕ ਮੰਗ ਪੱਤਰ ਦਿੱਤਾ।

ਇਸ ਮੰਗ ਪੱਤਰ ਰਾਹੀਂ ਯੂਨੀਅਨ ਆਗੂਆਂ ਨੇ ਦੱਸਿਆ ਕਿ ਅਧਿਆਪਕਾਂ ਦੀਆਂ ਨਵੀਆਂ ਭਰਤੀਆਂ ਸਮੇਂ ਜਾਰੀ ਕੀਤੀ ਅਧਿਆਪਕਾਂ ਦੀ ਵਕੈਂਸੀ ਲਿਸਟ ਵਿੱਚ ਕਈ ਊਣਤਾਈਆਂ ਹਨ। ਇਸ ਲਿਸਟ ਅਨੁਸਾਰ ਕਈ ਅਜਿਹੇ ਸਕੂਲਾਂ ਵਿੱਚ ਵੀ ਅਧਿਆਪਕਾਂ ਦੀਆਂ ਅਸਾਮੀਆਂ ਨੂੰ ਖ਼ਾਲੀ ਦਰਸਾਇਆ ਗਿਆ ਹੈ ਜਿੱਥੇ ਕਿ ਪਹਿਲਾਂ ਹੀ ਪੂਰੇ ਅਧਿਆਪਕ ਹਨ।

ਅਧਿਆਪਕ ਆਗੂਆਂ ਨੇ ਕਿਹਾ ਕਿ ਜੇਕਰ ਕੋਈ ਨਵਾਂ ਅਧਿਆਪਕ ਅਜਿਹੇ ਸਕੂਲ ਵਿੱਚ ਜੁਆਇੰਨ ਕਰਨ ਆਉਂਦਾ ਹੈ ਤਾਂ ਜੁਆਇਨਿੰਗ ਸਮੇਂ ਉਸਨੂੰ ਕਈ ਤਕਨੀਕੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸਲਈ ਯੂਨੀਅਨ ਵਫ਼ਦ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਤੋਂ ਮੰਗ ਕੀਤੀ ਕਿ ਨਵੀਂ ਭਰਤੀ ਤੋਂ ਪਹਿਲਾਂ ਵਕੈਂਸੀ ਲਿਸਟ ਨੂੰ ਪੂਰੀ ਤਰ੍ਹਾਂ ਘੋਖ ਲਿਆ ਜਾਵੇ।

ਅਧਿਆਪਕ ਆਗੂਆਂ ਨੇ ਮੰਗ ਕੀਤੀ ਕਿ ਨਵੇਂ ਭਰਤੀ ਅਧਿਆਪਕਾਂ ਨੂੰ ਸਟੇਸ਼ਨ ਚੋਣ ਕਰਵਾਉਣ ਤੋਂ ਪਹਿਲਾਂ ਸਿੱਖਿਆ ਵਿਭਾਗ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਬਣਦੇ ਅਨੁਪਾਤ ਅਨੁਸਾਰ ਖ਼ਾਲੀ ਅਸਾਮੀਆਂ ਵਾਲ਼ੇ ਸਕੂਲਾਂ ਦੀਆਂ ਸੂਚੀਆਂ ਤਿਆਰ ਕਰੇ ਤਾਂ ਜੋ ਨਵੇਂ ਭਰਤੀ ਹੋਣ ਵਾਲ਼ੇ ਅਧਿਆਪਕਾਂ ਨੂੰ ਨਵੇਂ ਸਕੂਲ ਵਿੱਚ ਡਿਊਟੀ ਜੁਆਇੰਨ ਕਰਨ ਸਮੇਂ ਕਿਸੇ ਵੀ ਤਕਨੀਕੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਡਿਪਟੀ ਡੀ.ਈ.ਓ. ਨੇ ਵਫ਼ਦ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਉਨ੍ਹਾਂ ਦੀਆਂ ਮੰਗਾਂ ਨੂੰ ਡਾਇਰੈਕਟਰ ਸਕੂਲ ਸਿੱਖਿਆ (ਪ੍ਰਾਇਮਰੀ) ਤੱਕ ਜਲਦ ਹੀ ਪਹੁੰਚਾਉਣਗੇ।

 

Leave a Reply

Your email address will not be published. Required fields are marked *