All Latest NewsNews FlashPunjab News

Teachers Protest: ਮੈਰੀਟੋਰੀਅਸ ਅਧਿਆਪਕਾਂ ਵੱਲੋਂ ਅਮਨ ਅਰੋੜਾ ਦੀ ਕੋਠੀ ਘੇਰਨ ਦਾ ਐਲਾਨ

 

ਆਪ ਪ੍ਰਧਾਨ ਦੀ ਕੋਠੀ ਦਾ 26 ਫਰਵਰੀ ਨੂੰ ਸੁਨਾਮ ਵਿਖੇ ਕੀਤਾ ਜਾਵੇਗਾ ਘਿਰਾਓ- ਡਾ. ਟੀਨਾ

ਪੰਜਾਬ ਨੈੱਟਵਰਕ, ਚੰਡੀਗੜ੍ਹ-

ਮੈਰੀਟੋਰੀਅਸ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਆਮ ਆਦਮੀ ਪਾਰਟੀ ਪ੍ਰਧਾਨ ਅਮਨ ਅਰੋੜਾ ਦੀ ਕੋਠੀ ਦਾ ਘਿਰਾਓ 26 ਫਰਵਰੀ ਨੂੰ ਸੁਨਾਮ ਵਿਖੇ ਕੀਤਾ ਜਾਵੇਗਾ । ਇਸ ਸੰਬੰਧੀ ਸੂਬਾਈ ਆਗੂਆਂ ਨੇ ਵੱਖ-ਵੱਖ ਜ਼ਿਲ੍ਹਾ ਇਕਾਈਆਂ ਨਾਲ ਮੀਟਿੰਗਾਂ ਦਾ ਦੌਰ ਆਰੰਭ ਕੀਤਾ ਹੈ ਤਾਂ ਕਿ ਪੰਜਾਬ ਸਰਕਾਰ ਦੀ ਵਾਅਦਾਖਿਲਾਫ਼ੀ ਸੰਬੰਧੀ ਪੂਰੇ ਪੰਜਾਬ ਦੇ ਅਵਾਮ ਨੂੰ ਜਾਣੂ ਕਰਵਾਇਆ ਜਾ ਸਕੇ।

ਚੇਤੇ ਰਹੇ ਕਿ ਮੈਰੀਟੋਰੀਅਸ ਟੀਚਰਜ਼ ਯੂਨੀਅਨ ਪੰਜਾਬ , ਮੈਰੀਟੋਰੀਅਸ ਟੀਚਰਜ਼ ਦੀਆਂ ਸੇਵਾਵਾਂ ਸਿੱਖਿਆ ਵਿਭਾਗ ਵਿੱਚ ਰੈਗੂਲਰ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਦੇ ਰਾਹ ਪਈ ਹੋਈ ਹੈ।

ਸੀਨੀਅਰ ਮੀਤ ਪ੍ਰਧਾਨ ਡਾ. ਟੀਨਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ , ਮੈਰੀਟੋਰੀਅਸ ਟੀਚਰਜ਼ ਨੂੰ ਸਿੱਖਿਆ ਵਿਭਾਗ ਵਿੱਚ ਲਾਰੇ ਲਾ ਕੇ ਸਮਾਂ ਲੰਘਾ ਰਹੇ ਹਨ, ਸਾਡੇ ਸਬਰ ਦਾ ਪਿਆਲਾ ਮੁੱਕ ਚੱਲਿਆ ਹੈ ਮਜ਼ਬੂਰਨ ਸਾਨੂੰ ਸੰਘਰਸ਼ ਦਾ ਰਾਹ ਅਪਣਾਉਣਾ ਪੈ ਰਿਹਾ ਹੈ , ਇਸ ਕਰਕੇ ਉਹ 26 ਫਰਵਰੀ ਨੂੰ ਸੁਨਾਮ ਸ਼ਹਿਰ ਵਿਖੇ ਰੋਸ ਪ੍ਰਦਰਸ਼ਨ ਕਰਕੇ ਸਰਕਾਰ ਦੇ ਝੂਠੇ ਵਾਅਦਿਆਂ ਦੀ ਪੋਲ ਖੋਲਣਗੇ, ਇਸ ਉਪਰੰਤ ਪਾਰਟੀ ਪ੍ਰਧਾਨ ਅਮਨ ਅਰੋੜਾ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ।

ਜਨਰਲ ਸਕੱਤਰ ਡਾ. ਅਜੈ ਕੁਮਾਰ ਨੇ ਦੱਸਿਆ ਕਿ ਮੈਰੀਟੋਰੀਅਸ ਟੀਚਰਜ਼ ਦੀ ਮਿਹਨਤ ਦਾ ਪੰਜਾਬ ਸਰਕਾਰ ਨੇ ਮੁੱਲ ਨਹੀਂ ਪਾਇਆ, ਮੈਰੀਟੋਰੀਅਸ ਟੀਚਰਜ਼ ਲਗਾਤਾਰ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਹਨ , ਪਿਛਲੇ 10 ਸਾਲਾਂ ਵਿੱਚ ਤਨਖਾਹ ਵਾਧਾ ਸਿਰਫ਼ 2326 ਰੁਪਏ ਹੋਇਆ ਹੈ, ਇਸ ਤੋਂ ਵੱਧ ਸ਼ੋਸ਼ਣ ਹੋਰ ਕੀ ਹੋ ਸਕਦਾ ਹੈ , ਦੂਸਰੇ ਪਾਸੇ ਸਿੱਖਿਆ ਵਿਭਾਗ ਵਿੱਚ ਰੈਗੂਲਰ ਹੋਈ ਦੇਰੀ ਕਰਕੇ ਟੀਚਰਜ਼ ਨੂੰ ਮਾਨਸਿਕ ਤਣਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸਕੱਤਰ ਰਾਕੇਸ਼ ਕੁਮਾਰ ਨੇ ਕਿਹਾ ਕਿ ਜੇਕਰ ਸਰਕਾਰ ਨੇ ਮੈਰੀਟੋਰੀਅਸ ਟੀਚਰਜ਼ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਵਿੱਚ ਹੋਰ ਡੰਗ ਟਪਾਉਣ ਦੀ ਕੋਸ਼ਿਸ਼ ਕੀਤੀ ਤਾਂ ਆਉਣ ਵਾਲੇ ਸਮੇਂ ਵਿੱਚ ਤਿੱਖੇ ਐਕਸ਼ਨ ਕੀਤੇ ਜਾਣਗੇ। ਇਸ ਸਮੇਂ ਮਨੋਜ ਕੁਮਾਰ, ਸੁਖਜੀਤ ਸਿੰਘ,ਵਿਪਨੀਤ ਕੌਰ , ਜਸਵਿੰਦਰ ਸਿੰਘ , ਦਵਿੰਦਰ ਸਿੰਘ, ਮਨਜਿੰਦਰ ਕੌਰ, ਅਜੈ ਕੁਮਾਰ , ਬੂਟਾ ਸਿੰਘ ਮਾਨ, ਹਰਪ੍ਰੀਤ ਸਿੰਘ, ਐਸ਼ਪ੍ਰੀਤ ਕੌਰ ਆਦਿ ਸੂਬਾ ਆਗੂਆਂ ਨੇ ਸਾਂਝੇ ਰੂਪ ਵਿੱਚ ਕਿਹਾ ਕਿ ਸੁਨਾਮ ਵਿਖੇ ਹੱਕੀ ਮੰਗਾਂ ਲਈ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।

 

Leave a Reply

Your email address will not be published. Required fields are marked *