ਮਜ਼ਦੂਰ ਤੇ ਖੇਤੀ ਮੰਡੀ ਖਰੜਾ
ਮਜ਼ਦੂਰ ਭਰਾਵੋ,ਹਾਲਾਤ ਪਹਿਲਾਂ ਵੀ ਚੰਗੇ ਨਹੀਂ ਹਨ। ਬੇਰੁਜ਼ਗਾਰੀ, ਗਰੀਬੀ, ਮਹਿੰਗਾਈ, ਕਰਜ਼ੇ ਤੇ ਬੀਮਾਰੀਆਂ ਨੇ ਘੇਰਿਆ ਹੋਇਆ। ਸਰਕਾਰਾਂ ਸੁਧਾਰਨ ਦੀ ਥਾਂ ਹੋਰ ਵਿਗਾੜਨ ਉੱਤੇ ਉਤਾਰੂ ਨੇ।ਖੇਤੀ ਦੇ ਕਾਲੇ ਕਾਨੂੰਨਾਂ ਵਰਗਾ ਇੱਕ ਖਰੜਾ ਲਿਆਂਦਾ। ਅੱਜ ਆਪਾਂ ਉਸੇ ਬਾਰੇ ਗੱਲ ਕਰਨੁ ਆ।ਖਰੜਾ ਹੈ, ਖੇਤੀ ਮੰਡੀ ਨੀਤੀ ਬਾਰੇ। ਤੁਸੀਂ ਮਜ਼ਦੂਰੀ ਕਿਤੇ ਵੀ ਕਰਦੇ ਹੋ,ਮੰਡੀਆਂ ‘ਚ, ਕਾਰਖਾਨਿਆਂ ‘ਚ, ਮਨਰੇਗਾ ‘ਚ, ਖੇਤਾਂ ‘ਚ ਜਾਂ ਸ਼ਹਿਰਾਂ ‘ਚ। ਹਰ ਤਰ੍ਹਾਂ ਦੀ ਕਿਰਤ ਨੂੰ ਚੂੰਡਣ ਦਾ ਫੁਰਮਾਨ ਆ ਇਹ ਖਰੜਾ। ਖਰੜਾ ਖੇਤੀ ਪੈਦਾਵਾਰ ਨੂੰ ਨਿੱਜੀ ਖੇਤੀ ਵਪਾਰਕ ਕੰਪਨੀਆਂ ਦੀ ਮੁੱਠੀ ਵਿੱਚ ਕਰਨ ਦਾ ਹੁਕਮਨਾਮਾ।
ਇਹ ਖੇਤੀ ਪੈਦਾਵਾਰ,ਪੈਦਾ ਕਰਨ ਵਾਲਿਆਂ, ਇਹਨੂੰ ਖਪਤ ਯੋਗ ਬਣਾਉਣ ਵਾਲਿਆਂ,ਖਪਤ ਨੂੰ ਖਪਤਕਾਰਾਂ ਤੱਕ ਪਹੁੰਚਾਉਣ ਵਾਲਿਆਂ ਤੇ ਕੁੱਲ ਖਪਤਕਾਰਾਂ ਦਾ ਦੋਖੀ ਆ। ਇਹ ਕਿਸਾਨਾਂ ਤੋਂ ਪੈਦਾਵਾਰ ਲੁੱਟਦਾ।ਮਜ਼ਦੂਰਾਂ ਤੋਂ ਮਜ਼ਦੂਰੀ ਖੋਂਹਦਾ। ਇਹ ਕਰੋੜਾਂ ਕਰੋੜ ਲੋਕਾਂ ਨੂੰ ਮਹਿੰਗਾਈ ਤੇ ਬੇਰੁਜ਼ਗਾਰੀ ਦੇ ਦੈਂਤ ਮੂਹਰੇ ਸਿੱਟਦਾ।ਗਰੀਬੀ ਤੇ ਗੁਲਾਮੀ ਵੱਲ ਧੱਕਦਾ।
ਦੇਖੋ, ਹੁਣ ਖੇਤੀ ਮੰਡੀਆਂ ‘ਚ ਖਰੀਦ ਕਰਦੀ ਆ ਕੇਂਦਰ ਸਰਕਾਰ। ਸਰਕਾਰੀ ਖ਼ਰੀਦ ਏਜੰਸੀਆਂ ਰਾਹੀਂ। ਸਟੋਰ ਕਰਦੀ ਆ, ਡੀਪੂਆਂ ਲਈ।ਜਮਾਂ ਰੱਖਦੀ ਆ,ਅੰਨ ਦੀ ਤੋਟ ਨਾ ਆਜੇ, ਜਮ੍ਹਾਂਖੋਰੀ ਤੇ ਕਾਲਾਬਾਜ਼ਾਰੀ ਰੋਕਣ ਲਈ ਵੀ। ਮੰਡੀ ਲਈ ਅਮਲਾ ਫੈਲਾ ਭਰਤੀ ਕਰਦੀ ਆ। ਕਾਨੂੰਨ ਬਣਾਉਂਦੀ ਆ। ਪੈਦਾਵਾਰ ਬਾਹਰਲੇ ਮੁਲਕਾਂ ਨੂੰ ਭੇਜਣ ਤੇ ਬਾਹਰਲੇ ਮੁਲਕਾਂ ਤੋਂ ਮੰਗਵਾਉਣ ਨੂੰ ਕੰਟਰੋਲ ਕਰਦੀ ਆ।
ਖਰੜਾ ਇਹ ਸਭ ਬਦਲਣ ਦਾ ਮਸੌਦਾ।ਖਰੜੇ ਵਿੱਚ ਲਿਖਿਆ, ਮੰਡੀ ਤਾਣੇ ਬਾਣੇ ਵਿੱਚ ਕੰਪਨੀਆਂ ਨੂੰ ਸ਼ਾਮਲ ਕਰੋ। ਕੰਪਨੀਆਂ ਵਿਦੇਸ਼ੀ ਸੱਦੋ।ਖਰੀਦ ਸਰਕਾਰ ਨਾ ਕਰੇ, ਉਹ ਕੰਪਨੀਆਂ ਕਰਨ। ਉਹਨਾਂ ਨੂੰ ਸਿੱਧੀ ਖੇਤ ਤੋਂ ਖਰੀਦ ਕਰਨ ਦੀ ਖੁੱਲ੍ਹ ਦੇਵੋ। ਉਹਨਾਂ ਦੇ ਸਾਇਲੋ ਤੇ ਕੋਲਡ ਸਟੋਰਾਂ ਨੂੰ ਹੀ ਮੰਡੀਆਂ ਮੰਨੋ। ਉਹਨਾਂ ਨੂੰ ਜਮ੍ਹਾਂਖੋਰੀ ਕਰਨ ਦੀ ਖੁੱਲ੍ਹ ਹੋਵੇ।
ਉਹਨਾਂ ਨੂੰ ਖਰੀਦਣ, ਵੇਚਣ ਦੇ ਰੇਟਾਂ ਦੀ ਬੰਦਸ਼ ਨਾ ਹੋਵੇ। ਉਹਨਾਂ ਨੂੰ ਦੇਸ਼ ਵਿਦੇਸ਼ ਵਿੱਚ ਵਪਾਰ ਕਰਨ ਉੱਤੇ ਕੋਈ ਰੋਕ ਟੋਕ ਨਾ ਹੋਵੇ। ਵਪਾਰ ਸਿਰਫ਼ ਮੋਟੇ ਅਨਾਜ ਦਾ ਹੀ ਨਹੀਂ, ਸਬਜ਼ੀਆਂ ਫਲਾਂ ਫੁੱਲਾਂ ਦਾ ਵੀ ਕਰ ਸਕਦੇ ਹੋਣ। ਵਣਾਂ, ਲਕੜੀ, ਲਕੜੀ ਤੋਂ ਬਣਿਆ ਸਮਾਨ ਵੀ।ਮਹੂਆ ਵੀ ਤੇ ਤਾੜ ਦਾ ਪੱਤਾ ਵੀ। ਪ੍ਰਚੂਨ ਵਪਾਰ ਵਿੱਚ ਦਾਖਲ ਹੋਣ ਦੀ ਵੀ ਇਜਾਜ਼ਤ ਹੋਵੇ।
ਲਓ, ਇਹਨਾਂ ਵਿਦੇਸ਼ੀ ਖੇਤੀ ਵਪਾਰਕ ਕੰਪਨੀਆਂ ਬਾਰੇ ਸੁਣੋ। ਇਹ ਕੰਪਨੀਆਂ ਸਾਮਰਾਜ ਦਾ ਅੰਗ ਨੇ। ਸਾਮਰਾਜ ਜਿਹੜਾ ਦੁਨੀਆਂ ਦਾ ਸਭ ਤੋਂ ਵੱਡਾ ਡਾਕੂ ਆ।ਉਹਨੇ ਬਣਾਇਆ ਹੋਇਆ ਸੰਸਾਰ ਵਪਾਰ ਸੰਗਠਨ।ਆਪਣੇ ਦੇਸ਼ ਦੀਆਂ ਸਰਕਾਰਾਂ ਇਸ ਸੰਗਠਨ ਦੀਆਂ ਮੈਂਬਰ ਬਣੀਆਂ ਹੋਈਆਂ।ਉਹਦੇ ਫ਼ੈਸਲਿਆਂ ਹਦਾਇਤਾਂ ਨੂੰ ਮੰਨਦੀਆਂ।ਉਸ ਨੇ ਹੀ ਇਹ ਖਰੜਾ ਬਣਾਉਣ ਤੇ ਇਹਨਾਂ ਵਿਦੇਸ਼ੀ ਕੰਪਨੀਆਂ ਨੂੰ ਸੱਦਣ ਲਈ ਕਿਹਾ।
ਆਪਣੇ ਦੇਸ਼ ਦੀ ਖੇਤੀ ਪੈਦਾਵਾਰ ਨੂੰ ਲੁੱਟਣ ਦੀ ਖੁੱਲ੍ਹ ਦੇਣੀ ਆ। ਅੱਗੋਂ, ਇਹ ਕੰਪਨੀਆਂ ਵਾਲੇ ਨੇ ਮਾਹਰ ਤੇ ਸ਼ੈਤਾਨ ਵਪਾਰੀ। ਦੁਨੀਆਂ ਲੁੱਟਣ ਚੜ੍ਹੇ ਹੋਏ ਨੇ। ਉਹਨਾਂ ਦਾ ਰਿਕਾਰਡ ਬੋਲਦਾ,ਉਹ ਕੌਡੀਆਂ ਦੇ ਭਾਅ ਖਰੀਦਦੇ ਤੇ ਸੋਨੇ ਦੇ ਭਾਅ ਵੇਚਦੇ ਆ ਰਹੇ ਨੇ।
ਉਹਨਾਂ ਨੇ ਕਰਨੀ ਆ ਜਮ੍ਹਾਂਖੋਰੀ ਤੇ ਕਾਲਾਬਾਜ਼ਾਰੀ ਅਤੇ ਲੁੱਟਣੇ ਆ ਮੋਟੇ ਮੁਨਾਫ਼ੇ।ਮਾਇਆ ਦੇ ਹੋਰ ਵੱਡੇ ਅੰਬਾਰ ਲਾਉਣੇ ਆ।ਭਾਰਤ ਅੰਦਰ ਲੁੱਟ ਦੇ ਰਾਜ ਦੀ ਉਮਰ ਲੰਬੀ ਕਰਨੀ ਆ।ਜਾਗੀਰੂ-ਸਾਮਰਾਜੀ ਪ੍ਰਬੰਧ ਪੱਕੇ ਪੈਰੀਂ ਕਰਨਾ।
ਉਹਨਾਂ ਕੰਪਨੀਆਂ ਦਾ ਮੰਡੀਆਂ ‘ਚ ਦਾਖਲ ਹੋਣਾ, ਹਰੇ ਭਰੇ ਖੇਤਾਂ ਵਿੱਚ ਸਾਨ੍ਹ ਦੇ ਵੜਨ ਬਰਾਬਰ ਆ। ਕੰਧਾਂ ਕੌਲੇ ਢਾਹੁਣ ਬਰਾਬਰ ਆ। ਤਕੜੇ ਦਾ ਸੱਤੀ ਵੀਹੀਂ ਸੌ। ਉਹ ਕਿਸਾਨਾਂ ਤੋਂ ਕੌਡੀਆਂ ਦੇ ਭਾਅ ਖਰੀਦੂ। ਉਹਨਾਂ ਨੂੰ ਖੁੰਘਲ ਕਰੂ। ਉਹ ਸੂਦਖੋਰੀ ਕਰਜ਼ਾ ਜਾਲ ‘ਚ ਫਸਣਗੇ। ਇਉਂ ਜ਼ਮੀਨਾਂ ਖੁੱਸਣਗੀਆਂ ਤੇ ਮਜ਼ਦੂਰਾਂ ਕੋਲੋਂ ਮਜ਼ਦੂਰੀ।ਜਗੀਰਦਾਰਾਂ ਦੀਆਂ ਢੇਰੀਆਂ ‘ਚ ਵਾਧਾ ਹੋਊ।
ਖਰੜਾ ਜਾਗੀਰੂ ਚੌਧਰ ਦਾ ਜ਼ੋਰ ਵਧਾਊ।ਮੰਡੀ ਵਿਦੇਸ਼ੀ ਮੁਨਾਫ਼ੇਖੋਰਾਂ ਦੀ ਮੁੱਠੀ ਵਿੱਚ ਹੋ ਜਾਊ।ਖੇਤੀ ਪੈਦਾਵਾਰ ਕਰਨ ਵਾਲਿਆਂ ਨੂੰ ਵਾਜਬ ਭਾਅ ਨਹੀਂ। ਪੱਲੇਦਾਰਾਂ ਮਜ਼ਦੂਰਾਂ ਮੁਲਾਜ਼ਮਾਂ ਨੂੰ ਕੰਮ ਨਹੀਂ। ਖਪਤਕਾਰਾਂ ਨੂੰ ਕੰਪਨੀਆਂ ਵੱਲੋਂ ਕੀਤੀ ਮਹਿੰਗਾਈ ਘੇਰੂ। ਕੁਪੋਸ਼ਣ ਦਾ ਮਾਰਿਆਂ ਮੁਲਕ
ਫਾਕੇ ਕੱਟਣ ਲਈ ਮਜ਼ਬੂਰ ਹੋਊ। ਪੈਦਾਵਾਰ ਸਿੱਧੇ ਖੇਤ ‘ਚੋਂ ਖਰੀਦਣ ਜਾਂ ਸਾਇਲੋ ਮੰਡੀ ‘ਚ ਲੈਣ, ਬੰਦੇ ਨਹੀਂ ਰੱਖਣੇ।ਮਸ਼ੀਨਾਂ ਤੋਂ ਕੰਮ ਲੈਣਾ। ਪਹਿਲਾਂ ਮਸ਼ੀਨਾਂ ਨੇ ਖੇਤਾਂ ਵਿਚੋਂ ਖੇਤੀ ਕੰਮ ਖੋਹਿਆ।ਹੁਣ ਮੰਡੀਆਂ ‘ਚੋ ਪੱਲੇਦਾਰਾਂ ਤੇ ਮਜ਼ਦੂਰਾਂ ਨੂੰ ਬਾਹਰ ਕਰਨਾ।ਖਰੀਦ ਏਜੰਸੀਆਂ ਦੇ ਮੁਲਾਜ਼ਮਾਂ ਨੂੰ ਵੀ।ਪਿੰਡਾਂ ‘ਚ ਪਹਿਲਾਂ ਈ ਮਜ਼ਦੂਰਾਂ ਕੋਲ ਕੰਮ ਨਹੀਂ।
ਸਹਿਰਾਂ ਵਿੱਚੋਂ ਵੀ ਸਾਰਾ ਦਿਨ ਬਹਿ ਕੇ ਖਾਲੀ ਹੱਥ ਮੁੜਨਾ ਪੈਂਦਾ। ਵੱਡੀਆਂ ਸਨਅਤਾਂ ਬੰਦਿਆਂ ਨੂੰ ਕੰਮ ਨੀਂ ਦਿੰਦੀਆਂ। ਕੰਮ ਦੇਣ ਵਾਲੀਆਂ ਸਰਕਾਰਾਂ ਲਾ ਨਹੀਂ ਰਹੀਆਂ। ਜਦੋਂ ਮੰਡੀਆਂ ‘ਚੋਂ ਲੱਖਾਂ ਦੀ ਗਿਣਤੀ ਵਾਪਸ ਆਊ।ਆ ਕੇ ਰੁਜ਼ਗਾਰ ਮੰਗੂ।ਐਂ ਰੁਜ਼ਗਾਰ ਮੰਗਣ ਵਾਲਿਆਂ ਦੀ ਗਿਣਤੀ ਵਧ ਜਾਊ।ਵਧੀ ਗਿਣਤੀ ਦੇ ਸੌ ਸਿਆਪੇ।
ਪੱਲੇਦਾਰ ਬਣਨਾ ਚਾਹੁੰਦੇ, ਨਹੀਂ ਬਣ ਸਕਣਗੇ।ਖਰੀਦ ਏਜੰਸੀਆਂ ਵਿੱਚ ਨੌਕਰੀ ਭਾਲਦਿਆਂ ਨੂੰ, ਨੌਕਰੀ ਨਹੀਂ ਮਿਲ ਸਕੇਗੀ। ਬੇਰੁਜ਼ਗਾਰ ਪਹਿਲਾਂ ਬਥੇਰੇ।ਗਰੀਬੀ ਵੀ ਵਧੂ ਤੇ ਮਹਿੰਗਾਈ ਵੀ।ਡੀਪੂ ਪ੍ਰਬੰਧ ਚਲਾਉਣਾ ਉਹਨਾਂ ਦਾ ਅਜੰਡਾ ਨਹੀਂ।ਵੱਡੇ ਦਿਓਆਂ ਮੂਹਰੇ ਪ੍ਰਚੂਨ ਵਾਲੇ ਨਹੀਂ ਖੜ ਸਕਣੇ।ਫਾਈਨਾਂਸ਼ ਕੰਪਨੀਆਂ ਦਾ ਕਰਜ਼ ਜਾਲ ਵਧੇਗਾ।
ਘਰਾਂ ‘ਚ ਤੰਗੀਆਂ ਤੁਰਸ਼ੀਆਂ ਤੇ ਤਣਾਅ ਵਧੇਗਾ। ਕਬੀਲਦਾਰੀ ਦੇ ਚਾਰੇ ਲੜ ਮੇਲਣੇ ਪਹਿਲਾਂ ਨਾਲੋਂ ਹੋਰ ਵੱਧ ਮੁਸ਼ਕਲ ਹੋ ਜਾਣਗੇ। ਰਿਸ਼ਤੇ ਨਾਤੇ ਨਿਭਾਉਣ ‘ਚ ਕਸਾਅ ਵਧੇਗਾ।ਬੱਚੇ ਪਾਲਣੇ ਤੇ ਪੜਾਉਣੇ ਹੋਰ ਵੱਧ ਮੁਹਾਲ ਹੋ ਜਾਣਗੇ। ਗਰੀਬਾਂ ਤੇ ਸਾਧਨ ਹੀਣਿਆਂ ਨਾਲ ਮੁਲਕ ਅੰਦਰ ਚੱਲਦੇ ਦਾਬੇ ਤੇ ਵਿਤਕਰੇ ਵਿੱਚ ਹੋਰ ਵਾਧਾ ਹੋਵੇਗਾ।ਰਾਜ ਭਾਗ ਦੇ ਮਾਲਕਾਂ ਨੂੰ ਰਾਜ ਚਲਾਉਣਾ ਹੋਰ ਸੌਖਾ ਹੋਵੇਗਾ।
ਲਓ ਹੁਣ ਤਾਂ ਫਿਰ ਇਹ ਗੱਲ ਕਰੀਏ, ਕਿ ਖਰੜੇ ਦੀ ਵਾਪਸੀ ਹੋਵੇ। ਵਾਪਸੀ ਕਿਸੇ ਕੱਲੇ ਕਹਿਰੇ ਦੇ ਲੜਿਆਂ ਨਹੀਂ ਹੋਣੀ।ਇਹਦੇ ਲਈ ਇਹਦੀ ਮਾਰ ਹੇਠ ਆਉਣ ਵਾਲਿਆਂ ਦੀ ਜੋਟੀ ਪੈਣੀ ਚਾਹੀਦੀ ਆ।ਅੱਗੇ ਖੇਤੀ ਕਾਨੂੰਨ ਵਾਪਸ ਕਰਵਾਏ ਆ। ਲੋਕ ਲੜੇ ਸੀ, ਤਾਂ ਹੀ ਜਿੱਤੇ ਸੀ।ਉਸ ਘੋਲ ਦੇ ਸਬਕਾਂ ਤੋਂ ਸਿਖਦਿਆਂ ਘੋਲ ਭਖਾਉਣ ਦੀ ਲੋੜ ਹੈ।ਉਦੋਂ ਧਰਮਾਂ, ਇਲਾਕਿਆਂ ਤੇ ਜਾਤਾਂ ਤੋਂ ਉੱਪਰ ਉੱਠ ਕੇ ਸਾਂਝ ਬਣੀ ਸੀ।
ਜੋਕ ਧੜੇ ਦੇ ਸਿਆਸਤਦਾਨਾਂ ਨੂੰ ਘੋਲ ਨੇੜੇ ਆਉਣ ਨਹੀਂ ਦਿੱਤਾ ਸੀ।ਹੁਣ ਵੀ ਇਉਂ ਹੀ ਹੋਣਾ ਚਾਹੀਦਾ। ਤੁਸੀਂ ਖ਼ੁਦ ਵੀ ਸੋਚੋ।ਕਿਸਾਨਾਂ ਨਾਲ ਸੰਘਰਸ਼-ਜੋਟੀ ਪਾਓ ਤੇ ਸੰਘਰਸ਼ ਭਖਾਓ।ਇਸ ਤੋਂ ਅਗਾਂਹ ਵੀ ਸੋਚੋ। ਜ਼ਿੰਦਗੀ ਇਉਂ ਤਿਲ ਤਿਲ ਕਰਕੇ ਮਰਦਿਆਂ ਜਿਉਣੀ ਐ ਕਿ ਜ਼ਿੰਦਗੀ ‘ਚ ਸੋਨੇ ਦੀ ਸਵੇਰ ਦੇ ਰੰਗ ਭਰਨੇ ਆ।ਫਿਰ ਇਹਦੇ ਲਈ ਮੰਗ ਬਣਦੀ ਆ, ਖੇਤੀ ਤਰੱਕੀ ਤੇ ਇਨਕਲਾਬੀ ਜ਼ਮੀਨੀ ਸੁਧਾਰਾਂ ਦੀ।
ਜਾਗੀਰਦਾਰਾਂ ਦੀ ਜ਼ਮੀਨ ਤੇ ਸੰਦ ਸਾਧਨ ਸਾਰੇ ਖੇਤ ਮਜ਼ਦੂਰ ਪਰਿਵਾਰਾਂ, ਬੇਜ਼ਮੀਨੇ ਤੇ ਥੁੜ-ਜ਼ਮੀਨੇ ਕਿਸਾਨਾਂ ਨੂੰ ਦਿੱਤੇ ਜਾਣ ਦੀ। ਸਾਮਰਾਜੀ ਕੰਪਨੀਆਂ ਦੀਆਂ ਜਾਇਦਾਦਾਂ ਤੇ ਪੂੰਜੀ ਜਬਤ ਕਰਕੇ ਲੋਕਾਂ ਲੇਖੇ ਲਾਏ ਜਾਣ ਦੀ।ਮਾਈਕਰੋ ਫਾਈਨਾਂਸ ਕੰਪਨੀਆਂ ਤੇ ਸੂਦਖੋਰਾਂ ਦੇ ਕਰਜ਼ਿਆਂ ਦੇ ਮੁਕੰਮਲ ਖਾਤਮੇ ਦੀ।ਵੱਡੇ ਜਗੀਰਦਾਰਾਂ ਅਤੇ ਕਾਰਪੋਰੇਟਾਂ ਨੂੰ ਵੱਡੇ ਟੈਕਸ ਲਾਏ ਜਾਣ ਦੀ।ਬਜ਼ਟਾਂ ਦਾ ਵੱਡਾ ਹਿੱਸਾ ਲੋਕ ਭਲਾਈ ‘ਤੇ ਲਾਏ ਜਾਣ ਦੀ।
ਦੇਸ਼ ਲਈ ਮੇਹਨਤ ਮਜ਼ਦੂਰੀ ਕਰਦੇ ਕਿਸਾਨਾਂ ਤੇ ਕਿਰਤੀਆਂ ਨੂੰ ਬੱਝਵੀਂ ਤਨਖ਼ਾਹ ਦਿੱਤੇ ਜਾਣ ਦੀ।ਜ਼ਿੰਦਗੀ ਦੇ ਹਰੇਕ ਖੇਤਰ ਵਿੱਚੋਂ ਜਗੀਰਦਾਰੀ ਅਤੇ ਸਾਮਰਾਜੀ ਲੁੱਟ ਦੇ ਮੁਕੰਮਲ ਖਾਤਮੇ ਦੀ। ਚਾਰ ਸਿਆੜ ਬਿਨਾਂ,ਕਾਹਦੀਆਂ ਭਰਾਵੋ ਜੂਨਾਂ।
ਜਗਮੇਲ ਸਿੰਘ
9417224822
ਡਾਕ ਵਿਭਾਗ