ਵੱਡੀ ਖ਼ਬਰ: ਪੰਜਾਬ ‘ਚ ਕਿਸਾਨਾਂ ਦੀ ਜ਼ਮੀਨ ਕੀਤੀ ਜਾਵੇਗੀ ਐਕਵਾਇਰ! ਨਵੀਂ ਰੇਲ ਲਾਈਨ ਵਿਛਾਉਣ ਦੀ ਤਿਆਰੀ
ਚੰਡੀਗੜ੍ਹ-
ਪੰਜਾਬ ਅੰਦਰ ਹੁਣ ਨਵੀਂ ਰੇਲਵੇ ਲਾਈਨ ਵਿਛਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਦਰਅਸਲ, ਦਿੱਲੀ ਤੋਂ ਜੰਮੂ-ਕਸ਼ਮੀਰ ਤੱਕ ਵਿਛਾਈ ਜਾਣ ਵਾਲੀ ਰੇਲਵੇ ਪੰਜਾਬ ਵਿੱਚੋਂ ਲੰਘੇਗੀ।
ਜਿਸ ਕਾਰਨ ਪੰਜਾਬ ਸਮੇਤ ਹੋਰਨਾਂ ਰਾਜਾਂ ਵਿੱਚ ਕਿਸਾਨਾਂ ਦੀ ਜ਼ਮੀਨ ਐਕਵਾਇਰ ਕੀਤੀ ਜਾਵੇਗੀ। ਸੂਚਨਾ ਇਹ ਹੈ ਕਿ ਜਲਦੀ ਹੀ ਇਹ ਪ੍ਰੋਜੈਕਟ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਇੱਕ ਕੰਪਨੀ ਨੇ ਸਰਵੇਖਣ ਰਿਪੋਰਟ ਵੀ ਤਿਆਰ ਕਰਕੇ ਅੰਬਾਲਾ ਡਿਵੀਜ਼ਨਲ ਰੇਲਵੇ ਮੈਨੇਜਰ ਨੂੰ ਸੌਂਪ ਦਿੱਤੀ ਗਈ ਹੈ।
ਨਿਊਜ਼18 ਦੀ ਇੱਕ ਰਿਪੋਰਟ ਦੇ ਮੁਤਾਬਿਕ, ਦਿੱਲੀ ਤੋਂ ਜੰਮੂ-ਕਸ਼ਮੀਰ ਤੱਕ ਰੇਲਵੇ ਲਾਈਨ ਵਿਛਾਉਣ ਲਈ ਕਈ ਰਾਜਾਂ ਤੋਂ ਹਜ਼ਾਰਾਂ ਏਕੜ ਜ਼ਮੀਨ ਐਕਵਾਇਰ ਕੀਤੀ ਜਾਵੇਗੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿੱਥੇ ਇਸ ਜ਼ਮੀਨ ਦੇ ਮਾਲਕਾਂ ਨੂੰ ਕਈ ਗੁਣਾ ਕੀਮਤ ਮਿਲ ਸਕਦੀ ਹੈ।
ਉੱਥੇ ਰੇਲਵੇ ਟਰੈਕ ਦੇ ਆਲੇ-ਦੁਆਲੇ ਜ਼ਮੀਨ ਦੇ ਰੇਟ ਵੀ ਕਈ ਗੁਣਾ ਵੱਧ ਜਾਣਗੇ। ਇਸ ਪ੍ਰੋਜੈਕਟ ਲਈ ਅੰਤਿਮ ਪ੍ਰਵਾਨਗੀ ਰੇਲਵੇ ਬੋਰਡ ਵੱਲੋਂ ਦਿੱਤੀ ਜਾਵੇਗੀ ਅਤੇ ਪ੍ਰਵਾਨਗੀ ਮਿਲਣ ਤੋਂ ਬਾਅਦ ਹੀ ਇਸ ਪ੍ਰੋਜੈਕਟ ‘ਤੇ ਕੰਮ ਸ਼ੁਰੂ ਹੋਵੇਗਾ। ਇਸ ਸਬੰਧੀ ਰੇਲਵੇ ਅਧਿਕਾਰੀਆਂ ਵੱਲੋਂ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਸੰਬੰਧੀ ਇੱਕ ਸਰਵੇਖਣ ਪਿਛਲੇ ਸਾਲ ਸ਼ੁਰੂ ਕੀਤਾ ਗਿਆ ਸੀ, ਜੋ ਕਿ ਪੁਣੇ ਦੀ ਇੱਕ ਕੰਪਨੀ ਦੁਆਰਾ ਕੀਤਾ ਗਿਆ ਸੀ। ਇਹ ਤਿੰਨ ਪੜਾਵਾਂ ਵਿੱਚ ਕੀਤਾ ਗਿਆ ਸੀ। ਇਸਦੀ ਰਿਪੋਰਟ ਦਿੱਲੀ, ਅੰਬਾਲਾ ਅਤੇ ਜਲੰਧਰ ਡਿਵੀਜ਼ਨਾਂ ਨੂੰ ਭੇਜ ਦਿੱਤੀ ਗਈ ਹੈ ਅਤੇ ਹਰੇਕ ਡਿਵੀਜ਼ਨ ਵਿੱਚ ਲਗਭਗ 200 ਕਿਲੋਮੀਟਰ ਨਵੀਂ ਰੇਲਵੇ ਲਾਈਨ ਵਿਛਾਈ ਜਾਵੇਗੀ।
ਇਸ ਪ੍ਰੋਜੈਕਟ ਲਈ ਜ਼ਮੀਨ ਐਕਵਾਇਰ ਕਰਨ ਦਾ ਕੰਮ ਜਲਦੀ ਹੀ ਸ਼ੁਰੂ ਹੋ ਜਾਵੇਗਾ। ਇਸ ਤੋਂ ਪਹਿਲਾਂ, ਜ਼ਮੀਨ ਮਾਲਕਾਂ ਨਾਲ ਮੁਆਵਜ਼ੇ ਲਈ ਗੱਲਬਾਤ ਕੀਤੀ ਜਾਵੇਗੀ ਅਤੇ ਫਿਰ ਰੇਲਵੇ ਬੋਰਡ ਤੋਂ ਅੰਤਿਮ ਪ੍ਰਵਾਨਗੀ ਲਈ ਜਾਵੇਗੀ। ਇਸ ਤੋਂ ਬਾਅਦ ਬਾਕੀ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।