Punjab News: ਸਰਕਾਰੀ ਸਕੂਲਾਂ ਦੇ ਬਿਜਲੀ ਬਿੱਲ ਮਾਫ਼ ਕਰਨ ਲਈ ਨਹੀਂ ਕੋਈ ਤਜਵੀਜ਼- ਮੰਤਰੀ ਹਰਭਜਨ ਸਿੰਘ ਦਾ ਵੱਡਾ ਬਿਆਨ
Punjab News: ਆਪ ਵਿਧਾਇਕ ਦਾ ਆਪਣੀ ਸਰਕਾਰ ਨੂੰ ਸਵਾਲ, ਕਿਹਾ- ਸਾਡੇ ਬੱਚੇ ਤਾਂ ਪ੍ਰਾਈਵੇਟ ਸਕੂਲਾਂ ਚ ਪੜ੍ਹਦੇ ਨੇ, ਫਿਰ ਗ਼ਰੀਬ ਬੱਚਿਆਂ ਨਾਲ ਵਿਤਕਰਾ ਕਿਉਂ?
ਪੰਜਾਬ ਨੈੱਟਵਰਕ, ਚੰਡੀਗੜ੍ਹ-
Punjab News: ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਬਿਜਲੀ ਬਿੱਲ ਮਾਫ਼ ਕਰਨ ਦੀ ਕੋਈ ਤਜਵੀਜ਼ ਨਹੀਂ ਹੈ। ਇਹ ਜਾਣਕਾਰੀ ਮੰਤਰੀ ਹਰਭਜਨ ਸਿੰਘ ਈਟੀਓ ਦੇ ਵੱਲੋਂ ਇੱਕ ਵਿਧਾਇਕ ਦੁਆਰਾ ਪੁੱਛੇ ਗਏ ਸਵਾਲ ‘ਤੇ ਦਿੱਤੀ ਗਈ।
ਆਪ ਵਿਧਾਇਕ ਹਰਮੀਤ ਪਠਾਣਮਾਜਰਾ ਦੇ ਵੱਲੋਂ ਅੱਜ ਵਿਧਾਨ ਸਭਾ ਸੈਸ਼ਨ ਦੌਰਾਨ ਪੁੱਛਿਆ ਗਿਆ ਕਿ ਕੀ ਸਰਕਾਰ ਦੀ ਕੋਈ ਅਜਿਹੀ ਤਜਵੀਜ਼ ਹੈ, ਜਿਸ ਨਾਲ ਸਰਕਾਰੀ ਸਕੂਲਾਂ ਦਾ ਬਿਜਲੀ ਬਿੱਲ ਮਾਫ਼ ਕੀਤਾ ਜਾ ਸਕੇ?
ਇਸ ਸਵਾਲ ਤੇ ਮੰਤਰੀ ਹਰਭਜਨ ਸਿੰਘ ਈਟੀਓ ਨੇ ਜਵਾਬ ਦਿੰਦਿਆਂ ਕਿਹਾ ਕਿ ਸਰਕਾਰ ਕੋਲ ਸਰਕਾਰੀ ਸਕੂਲਾਂ ਦਾ ਬਿਜਲੀ ਬਿੱਲ ਮੁਆਫ਼ ਕਰਨ ਦੀ ਕੋਈ ਤਜਵੀਜ਼ ਨਹੀਂ ਹੈ।
ਮੰਤਰੀ ਦੇ ਜਵਾਬ ਤੋਂ ਬਾਅਦ ਵਿਧਾਇਕ ਪਠਾਣਮਾਜਰਾ ਨੇ ਕਿਹਾ ਕਿ ਸਾਡੇ ਸਾਰਿਆਂ ਦੇ ਬੱਚੇ ਤਾਂ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੇ ਨੇ ਅਤੇ ਗ਼ਰੀਬਾਂ ਦੇ ਬੱਚੇ ਹੀ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਨੇ।
ਸਾਡੇ ਬੱਚੇ ਤਾਂ ਇੱਥੇ ਪੜ੍ਹਾਈ ਕਰਕੇ, ਵਿਦੇਸ਼ਾਂ ਨੂੰ ਚਲੇ ਜਾਣਗੇ ਅਤੇ ਇੱਥੇ ਰਹਿ ਜਾਣਗੇ ਗ਼ਰੀਬਾਂ ਦੇ ਬੱਚੇ ਅਤੇ ਉਹ ਹੀ ਇੱਥੇ ਨੌਕਰੀਆਂ ਕਰਨਗੇ।
ਇਸ ਲਈ ਜੇਕਰ ਘਰਾਂ ਅਤੇ ਹੋਰਨਾਂ ਸੰਸਥਾਵਾਂ ਦੇ ਬਿਜਲੀ ਬਿੱਲ ਮੁਆਫ਼ ਕਰ ਸਕਦੀ ਹੈ ਤਾਂ, ਫਿਰ ਸਕੂਲਾਂ ਦੀ ਬਿਜਲੀ ਮੁਆਫ਼ ਕਰਨ ਦੇ ਨਾਲ ਕਿਹੜਾ ਘਾਟਾ ਪੈ ਜਾਵੇਗਾ?
ਹਾਲਾਂਕਿ ਮੰਤਰੀ ਹਰਭਜਨ ਸਿੰਘ ਈਟੀਓ ਅਤੇ ਵਿਧਾਇਕ ਹਰਮੀਤ ਪਠਾਣਮਾਜਰਾ ਵਿਚਾਲੇ ਹੋਏ ਸਵਾਲ ਜਵਾਬ ਤੋਂ ਬਾਅਦ ਮੰਤਰੀ ਅਮਨ ਅਰੋੜਾ ਨੇ ਵੀ ਇਸ ਮਸਲੇ ਤੇ ਜਵਾਬ ਦਿੱਤਾ।
ਮੰਤਰੀ ਅਮਨ ਅਰੋੜਾ ਨੇ ਕਿਹਾ ਕਿ, ਸਰਕਾਰੀ ਸਕੂਲਾਂ ਵਿੱਚ ਸੋਲਰ ਪਲਾਟ ਲਾਉਣ ਦਾ ਕੰਮ ਜਾਰੀ ਹੈ। ਇਸ ਨਾਲ ਸਕੂਲਾਂ ਵਿੱਚ ਬਿਜਲੀ ਦੀ ਕਮੀ ਵੀ ਨਹੀਂ ਹੋਵੇਗੀ।