Punjab News: ਮੁੜ ਬਹਾਲ ਕੱਚੇ ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਕੋਠੀ ਘੇਰਨ ਦਾ ਐਲਾਨ
28 ਫਰਵਰੀ ਨੂੰ ਖ਼ਜ਼ਾਨਾ ਮੰਤਰੀ ਨਾਲ ਹੋਣ ਵਾਲੀ ਮੀਟਿੰਗ ‘ਚ ਕੋਈ ਸਾਰਥਿਕ ਹੱਲ ਨਹੀਂ ਤਾਂ 2 ਮਾਰਚ ਨੂੰ ਗੰਭੀਰਪੁਰ ਰੈਲੀ-ਵਿਕਾਸ ਸਾਹਨੀ
ਸਰਕਾਰ ਵੱਲੋਂ ਅਧਿਆਪਕਾਂ ਦੀ ਭਰਤੀ ਦੇ ਬਿਆਨ ਦੇ ਕੇ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ, ਦੂਜੇ ਪਾਸੇ ਅਧਿਆਪਕਾ ਨੂੰ ਸੜਕਾਂ ਤੇ ਰੋਲਿਆ ਜਾ ਰਿਹਾ-ਵਿਕਾਸ ਸਾਹਨੀ
ਪੰਜਾਬ ਨੈੱਟਵਰਕ, ਮਾਨਸਾ–
ਰਾਜ ਦੇ ਸਰਕਾਰੀ ਸਕੂਲਾਂ ਚ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਈ ਜੀ ਐਸ/ਆਈ ਈ ਵੀ/ਏ ਆਈ ਈ/ਐਸ ਟੀ ਆਰ/ਸਿੱਖਿਆ ਪ੍ਰੋਵਾਇਡਰਾਂ ਆਪਣੀ ਜ਼ਿੰਦਗੀ ਦੇ ਅਣਮੁੱਲੇ ਜਵਾਨੀ ਭਰੇ ਵਰ੍ਹੇ 10-15 ਸਾਲ ਸਰਕਾਰੀ ਸਕੂਲਾਂ ਵਿੱਚ ਅਧਿਆਪਕ ਦੇ ਤੋਰ ਤੇ ਸੇਵਾਵਾਂ ਨਿਭਾ ਚੁੱਕੇ ਹਨ, ਤੇ ਹੁਣ ਸਰਕਾਰਾਂ ਨੇ ਉਨ੍ਹਾਂ ਨੂੰ ਬੇਰੁਜ਼ਗਾਰ ਕਰ ਦਿੱਤਾ ਅਤੇ ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਪੰਜਾਬ ਜੋ ਕਿ ਕਾਫ਼ੀ ਲੰਬੇ ਸਮੇਂ ਤੋ ਸਿੱਖਿਆ ਵਿਭਾਗ ਵਿੱਚ ਬਹਾਲੀ ਨੂੰ ਲੈ ਕੇ ਸੰਘਰਸ਼ ਕਰ ਰਹੀ ਹੈ।
ਪਰ ਲੰਬਾ ਸਮਾ ਬੀਤ ਜਾਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਵੱਲੋਂ ਸਿਰਫ਼ ਲਾਰੇ ਤੇ ਲਾਰੇ ਹੀ ਦਿੱਤੇ ਗਏ। ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਵਿਕਾਸ ਸਾਹਨੀ ਨੇ ਜਾਰੀ ਪ੍ਰੈਸ ਨੋਟ ਰਾਹੀ ਦੱਸਿਆ ਕਿ ਰੁਜ਼ਗਾਰ ਦੇਣ ਦਾ ਸਹਾਰਾ ਲੈ ਕੇ ਸੱਤਾ ‘ਚ ਆਈ ਪੰਜਾਬ ਸਰਕਾਰ ਆਪਣੇ ਕੀਤੇ ਵਾਅਦਿਆਂ ਤੋ ਭੱਜਦੀ ਪ੍ਰਤੀਤ ਹੋ ਰਹੀ ਹੈ।
ਸਾਡੀ ਜਥੇਬੰਦੀ ਵੱਲੋਂ 26 ਨਵੰਬਰ ਨੂੰ ਸਿੱਖਿਆ ਸਕੱਤਰ ਨਾਲ ਮੀਟਿੰਗ ਕਰਕੇ ਉਨ੍ਹਾਂ ਸਾਨੂੰ ਜਲਦ ਹੀ ਸਿੱਖਿਆ ਵਿਭਾਗ ਚ ਮੁੜ ਬਹਾਲ ਕਰਨ ਦਾ ਵਿਸ਼ਵਾਸ ਜਤਾਇਆ ਸੀ ਪਰ ਉਹ ਵਿਸ਼ਵਾਸ ਵੀ ਇੱਕ ਲਾਰਾ ਜਿਹਾ ਹੀ ਬਣ ਕੇ ਰਹਿ ਗਿਆ ਹੈ ਉਨ੍ਹਾਂ ਕਿਹਾ ਕਿ ਸਬ-ਕਮੇਟੀ ਵੱਲੋਂ ਹਰ ਵਾਰ ਵੈਰੀਫਿਕੇਸ਼ਨ ਕਰਾਉਣ ਦਾ ਬਹਾਨਾ ਲਾ ਕੇ ਕੰਮ ਨੂੰ ਲਟਕਾਇਆ ਜਾ ਰਿਹਾ ਹੈ।
ਜੇਕਰ 28 ਫਰਵਰੀ ਨੂੰ ਹੋਣ ਵਾਲੀ ਖ਼ਜ਼ਾਨਾ ਮੰਤਰੀ ਹਰਪਾਲ ਚੀਮਾ ਨਾਲ ਮੀਟਿੰਗ ਚ’ ਕੋਈ ਸਾਰਥਿਕ ਹੱਲ ਨਹੀਂ ਨਿਕਲਦਾ ਤਾਂ ਸਾਡੀ ਜਥੇਬੰਦੀ ਵੱਲੋਂ 02 ਮਾਰਚ ਨੂੰ ਸੂਬਾ ਪੱਧਰ ਇਕੱਠ ਕਰਕੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਹਲਕੇ ਗੰਭੀਰਪੁਰ ਚ’ ਰੋਸ ਮਾਰਚ ਕੀਤਾ ਜਾਵੇਗਾ, ਜਿਸਦੀ ਪੂਰਨ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
ਇਸ ਬਾਰੇ ਜ਼ਿਲ੍ਹਾ ਪ੍ਰਸਾਸ਼ਨ ਨੂੰ ਸੂਚਿਤ ਕਰ ਦਿੱਤਾ ਗਿਆ ਹੈ।ਇਸ ਮੌਕੇ ਤੇ ਲਖਵਿੰਦਰ ਕੋਰ, ਕਿਰਨਾ ਕੋਰ, ਅਮਨਦੀਪ ਕੋਰ, ਵਰੁਨ ਖੇੜਾ, ਗੁਰਪ੍ਰੀਤ ਸਿੰਘ, ਜਸਵਿੰਦਰ ਕੋਰ, ਮਨਿੰਦਰ ਮਾਨਸਾ, ਗੁਰਸੇਵਕ ਮਾਨਸਾ, ਸੁਨੀਤਾ ਬੁਢਲਾਡਾ , ਵਜ਼ੀਰ ਰਾਮਪੁਰ ਮੰਡੇਰ , ਕਾਂਤਾ ਰਾਣੀ ਫਰਵਾਹੀ , ਵੀਰਪਾਲ ਕੋਰ, ਮਨਜੀਤ ਸਿੰਘ ਆਦਿ ਹਾਜ਼ਰ ਸਨ।