CBSE ਨੇ ‘ਭਾਸ਼ਾ ਵਰਗ’ ‘ਚੋਂ ਪੰਜਾਬੀ ਭਾਸ਼ਾ ਨੂੰ ਕੀਤਾ ਬੇਦਖ਼ਲ! ਪੜ੍ਹੋ ਡਾ. ਅਮਰੀਕ ਸਿੰਘ ਸ਼ੇਰ ਖਾਂ ਦੀ ਵਿਸ਼ੇਸ਼ ਟਿੱਪਣੀ
ਭਾਸ਼ਾਵਾਂ ਸੰਬੰਧੀ ਬਣਾਈ ਖਾਸ ਨੀਤੀ ਤਹਿਤ ਕੇਂਦਰੀ ਸਿੱਖਿਆ ਬੋਰਡ (CBSE) ਨੇ ਅਗਲੇ ਸੈਸ਼ਨ ਭਾਵ 2026 ਤੋਂ ਪੰਜਾਬੀ ਭਾਸ਼ਾ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਆਉਣ ਵਾਲੇ ਸਮੇਂ ਚ ਕੇਂਦਰੀ ਬੋਰਡ ਦਸਵੀਂ ਦੀ ਪੰਜਾਬੀ ਦੀ ਪ੍ਰੀਖਿਆ ਲਵੇਗਾ ਜਾਂ ਨਹੀਂ, ਫਿਲਹਾਲ ਇਹ ਵੀ ਸਪੱਸ਼ਟ ਨਹੀਂ ਹੋ ਰਿਹਾ। ਜੇਕਰ ਪੰਜਾਬੀ ਦੀ ਪ੍ਰੀਖਿਆ ਹੋਈ ਵੀ ਤਾਂ ਪੰਜਾਬੀ ਨਾਲ ਸਿਰਫ “ਵਾਧੂ ਵਿਸ਼ੇ” ਵਜੋਂ ਹੀ ਵਿਹਾਰ ਕੀਤਾ ਜਾਵੇਗਾ।
ਦੂਜੇ ਪਾਸੇ ਮਰਾਠੀ , ਗੁਜਰਾਤੀ , ਤਾਮਿਲ , ਸੰਸਕ੍ਰਿਤ, ਉਰਦੂ ਆਦਿਕ ਨੂੰ ਕਲਾਸੀਕਲ ਭਾਸ਼ਾਵਾਂ ਵਿਚ ਸੂਚੀਬੱਧ ਕੀਤਾ ਜਾ ਚੁੱਕਾ ਹੈ। ਇਸ ਲਈ ਜੋ ਕੁਝ ਕੁ ਖੇਤਰੀ ਭਾਸ਼ਾਵਾਂ ਕਲਾਸੀਕਲ ਸ਼੍ਰੇਣੀ ਤਹਿਤ ਸੂਚੀਬੱਧ ਹੋਈਆਂ ਹਨ, ਉਹਨਾਂ ਲਈ ਖਾਸ ਪੈਰਾਮੀਟਰ ਬਣਾ ਕੇ ਉਹਨਾਂ ਨੂੰ ਹੋਰ ਵਿਕਸਿਤ ਕਰਨ ਦੀ ਨੀਤੀ ਬਣ ਚੁੱਕੀ ਹੈ।
ਪੰਜਾਬ ਦੀ ਧਰਤੀ ਜਿਸ ਨੂੰ ਕਿਸੇ ਵਕਤ ਸਪਤ ਸਿੰਧੂ ਮੰਨਿਆ ਜਾਂਦਾ ਸੀ ਅਤੇ ਜਿਸ ਭਾਸ਼ਾ ਵਿਚ ‘ਰਿਗਵੇਦ’ ( ਪ੍ਰਾਚੀਨ ਕਾਲ) ਅਤੇ ” ਗੁਰੂ ਗ੍ਰੰਥ ਸਾਹਿਬ” (ਮੱਧਕਾਲ) ਜਿਹੇ ਮਹਾਨ ਗ੍ਰੰਥ ਰਚੇ ਗਏ, ਉਸ ਨੂੰ ਕਲਾਸੀਕਲ ਭਾਸ਼ਾ ਦਾ ਦਰਜਾ ਨਾ ਦੇਣਾ ਸਰਾਸਰ ਬੇਇਨਸਾਫੀ ਹੈ।
ਜੇਕਰ ਇਸ ਵਿਤਕਰੇ ਖਿਲਾਫ ਕੋਈ ਵੱਡੀ ਲਹਿਰ ਨਾ ਉੱਠੀ ਤਾਂ ਪੰਜਾਬੀ ਭਾਸ਼ਾ ਦੀ ਤਰੱਕੀ ਚ ਰੁਕਾਵਟਾਂ ਪਾਉਣ ਲਈ ਹੋਰ ਕਈ ਕੁਹਾੜੇ ਚਲਾਏ ਜਾਣਗੇ। ਸਮੂਹ ਪੰਜਾਬੀਆਂ ਅਤੇ ਖਾਸ ਕਰਕੇ ਪੰਜਾਬੀ ਅਧਿਆਪਕਾਂ ਦਾ ਫਰਜ ਬਣਦਾ ਹੈ ਕਿ ਉਹ ਆਪੋ- ਆਪਣੇ ਪੱਧਰ ਤੇ ਸੋਸ਼ਲ ਮੀਡੀਆ ਸਮੇਤ ਹਰ ਫਰੰਟ ਤੇ ਇਸ ਵਿਤਕਰੇ ਭਰੀ ਨੀਤੀ ਦਾ ਵਿਰੋਧ ਕਰਨ ਅਤੇ ਕੇਂਦਰ ਸਰਕਾਰ ਦੀ ਕਲਾਸੀਕਲ ਭਾਸ਼ਾਵਾਂ ਵਾਲੀ ਸੂਚੀ ਵਿਚ ਪੰਜਾਬੀ ਨੂੰ ਸ਼ਾਮਲ ਕਰਾਉਣ ਲਈ ਹਰ ਹੀਲਾ ਵਰਤਣ। ਜਿਸ ਭਾਸ਼ਾ ਦਾ ਦਿੱਤਾ ਅਸੀਂ ਖਾ ਰਹੇ ਹਾਂ, ਉਸ ਦੀ ਸਲਾਮਤੀ ਲਈ ਜੂਝਣਾ ਸਾਡਾ ਮੁਢਲਾ ਫਰਜ਼ ਬਣਦਾ ਹੈ।
ਹੁਣੇ- ਹੁਣੇ ਖਬਰਾਂ ਆ ਰਹੀਆਂ ਹਨ ਕਿ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪੰਜਾਬੀ ਭਾਸ਼ਾ ਨੂੰ “ਭਾਸ਼ਾਈ ਗਰੁੱਪ” ਚੋਂ ਬਾਹਰ ਦਾ ਰਸਤਾ ਦਿਖਾਉਣ ਵਾਲੇ ਸੀਬੀਐਸਈ ਦੇ ਤਾਜਾ ਸਰਕੂਲਰ ਦਾ ਡਟ ਕੇ ਵਿਰੋਧ ਕੀਤਾ ਹੈ , ਜਿਸ ਦੇ ਸਿੱਟੇ ਵਜੋਂ ਸੀਬੀਐਸਈ ਦੇ ਇਕ ਬੁਲਾਰੇ ਨੇ ਕਿਹਾ ਹੈ ਕਿ ਜੋ ਭਾਸ਼ਾਵਾਂ ਦਸਵੀਂ ਵਿਚ ਪੜ੍ਹਾਈਆਂ ਜਾ ਰਹੀਆਂ ਹਨ, ਉਹ ਪੜ੍ਹਾਈਆਂ ਜਾਂਦੀਆਂ ਰਹਿਣਗੀਆਂ।
ਦਰਅਸਲ ਅਸਲੀਅਤ ਇਹ ਹੈ ਕਿ ਪਹਿਲਾਂ ਕੇਂਦਰ ਨੇ ਸੰਸਕ੍ਰਿਤ ਸਮੇਤ 06 ਖੇਤਰੀ ਭਾਸ਼ਾਵਾਂ ਨੂੰ ਕਲਾਸੀਕਲ ਭਾਸ਼ਾਵਾਂ ਵਜੋਂ ਮਾਨਤਾ ਦਿੱਤੀ। ਜਦ ਕੁਝ ਹੋਰ ਸੂਬਿਆਂ ਨੇ ਇਸ ਭਾਸ਼ਾਈ ਨੀਤੀ ਦਾ ਵਿਰੋਧ ਕੀਤਾ ਤਾਂ ਪੰਜ ਹੋਰ ਭਾਸ਼ਾਵਾਂ ਨੂੰ ਕਲਾਸੀਕਲ ਭਾਸ਼ਾਵਾਂ ਦਾ ਦਰਜਾ ਦੇ ਦਿੱਤਾ ਤੇ ਇਹ ਗਿਣਤੀ 11ਤੱਕ ਪਹੁੰਚ ਗਈ। ਸਿਤਮ- ਜ਼ਰੀਫੀ ਇਹ ਹੈ ਕਿ ਹੁਣ ਤੱਕ ਪੰਜਾਬੀ ਭਾਸ਼ਾ ਇਸ ” ਕਲਾਸੀਕਲ ਭਾਸ਼ਾਈ ਗਰੁੱਪ” ਤੋਂ ਬਾਹਰ ਹੈ।
ਜਦ ਤੱਕ ਕੇਂਦਰ ਸਰਕਾਰ ਪੰਜਾਬੀ ਭਾਸ਼ਾ ਨੂੰ ਸੰਸਕ੍ਰਿਤ, ਬੰਗਲਾ, ਮਰਾਠੀ , ਗੁਜਰਾਤੀ , ਤੇਲਗੂ , ਕਸ਼ਮੀਰੀ , ਉਰਦੂ , ਮਲਿਆਲਮ ਆਦਿਕ ਵਾਂਗ ਕਲਾਸੀਕਲ ਭਾਸ਼ਾ ਵਾਲੇ ਗਰੁੱਪ ਵਿਚ ਸ਼ਾਮਲ ਨਹੀਂ ਕਰਦੀ , ਤਦ ਤੱਕ ਪੰਜਾਬੀ ਭਾਸ਼ਾ ਉਪਰ ਸਰਕਾਰੀ ਅਣਦੇਖੀ ਦਾ ਖਤਰਾ ਮੰਡਰਾਉਂਦਾ ਰਹੇਗਾ।