All Latest NewsNews FlashPunjab News

ਪੰਜਾਬ ‘ਚ ਤਹਿਸੀਲਦਾਰ ਕਰ ਗਿਆ ਵੱਡਾ ਕਾਂਡ! ਕਰੋੜਾਂ ਰੁਪਏ ਦੇ ਜ਼ਮੀਨ ਘੁਟਾਲਾ ਮਾਮਲੇ ‘ਚ 9 ਖ਼ਿਲਾਫ਼ FIR ਦਰਜ

 

ਪੰਜਾਬ ਨੈੱਟਵਰਕ, ਚੰਡੀਗੜ੍ਹ

ਪੰਜਾਬ ਵਿਜੀਲੈਂਸ ਬਿਊਰੋ ਨੇ ਅਮਰੀਕਾ ਵਸਦੇ ਇੱਕ ਪ੍ਰਵਾਸੀ ਭਾਰਤੀ (ਐਨ.ਆਰ.ਆਈ.) ਦੀ ਲੁਧਿਆਣਾ ਸਥਿਤ 14 ਕਨਾਲ ਕੀਮਤੀ ਜ਼ਮੀਨ ਦੀ ਜਾਅਲੀ ਦਸਤਾਵੇਜ਼ਾਂ ਰਾਹੀਂ ਧੋਖਾਧੜੀ ਨਾਲ ਵੇਚਣ ਤੇ ਖਰੀਦਣ ਦੇ ਦੋਸ਼ ਹੇਠ ਤਹਿਸੀਲਦਾਰ ਸਮੇਤ 9 ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ। ਇਸ ਸਬੰਧੀ ਵਿਜੀਲੈਂਸ ਬਿਊਰੋ ਨੇ ਇੱਕ ਵਕੀਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਤੇ ਦੋਸ਼ ਹੈ ਕਿ ਉਸਨੇ ਜ਼ਮੀਨ ਦੀ ਜਾਅਲੀ ਰਜਿਸਟਰੀ ਵਿੱਚ ਮੁੱਖ ਭੂਮਿਕਾ ਨਿਭਾਈ ਸੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਲੁਧਿਆਣਾ ਰੇਂਜ ਵੱਲੋਂ ਲੁਧਿਆਣਾ ਦੇ ਵੇਰਕਾ-ਲਾਡੂਵਾਲ ਬਾਈਪਾਸ ਨੇੜੇ ਪਿੰਡ ਨੂਰਪੁਰ ਬੇਟ ਵਿੱਚ ਸਥਿਤ 6 ਕਰੋੜ ਰੁਪਏ ਤੋਂ ਵੱਧ ਦੀ ਕੀਮਤੀ ਜ਼ਮੀਨ ਦੀ ਧੋਖਾਧੜੀ ਨਾਲ ਰਜਿਸਟਰੀ ਕਰਵਾਉਣ ਬਾਰੇ ਮਿਲੀ ਖੁਫੀਆ ਜਾਣਕਾਰੀ ‘ਤੇ ਕਾਰਵਾਈ ਕਰਦਿਆਂ 21 ਫਰਵਰੀ, 2025 ਨੂੰ ਸਬ-ਰਜਿਸਟਰਾਰ ਦਫ਼ਤਰ, ਤਹਿਸੀਲ ਪੱਛਮੀ, ਲੁਧਿਆਣਾ ਵਿਖੇ ਅਚਨਚੇਤ ਜਾਂਚ ਕੀਤੀ ਗਈ।

ਇਸ ਜਾਂਚ ਤੋਂ ਪਤਾ ਲੱਗਾ ਕਿ 11 ਫਰਵਰੀ, 2025 ਨੂੰ ਦੀਪ ਸਿੰਘ (ਵਿਕਰੇਤਾ) ਅਤੇ ਪੰਚਕੂਲਾ ਦੇ ਦੀਪਕ ਗੋਇਲ (ਖਰੀਦਦਾਰ) ਵਿਚਕਾਰ 30 ਲੱਖ ਰੁਪਏ ਵਿੱਚ ਇੱਕ ਵਿਕਰੀ ਇਕਰਾਰਨਾਮਾ ਕੀਤਾ ਗਿਆ ਸੀ, ਜਿਸ ਵਿੱਚ ਇੱਕ ਵਿਅਕਤੀ ਨੇ ਆਪਣੇ-ਆਪ ਨੂੰ ਦੀਪ ਸਿੰਘ ਦੱਸਦਿਆਂ ਤਹਿਸੀਲ ਦਫ਼ਤਰ ਵਿੱਚ ਪੇਸ਼ ਹੋ ਕੇ ਇਸ ਜਮੀਨ ਦੀ ਰਜਿਸਟਰੀ ਕਰਵਾਈ ਸੀ, ਜਦਕਿ ਜ਼ਮੀਨ ਦਾ ਅਸਲ ਮਾਲਕ ਦੀਪ ਸਿੰਘ ਅਮਰੀਕਾ ਵਿੱਚ ਰਹਿ ਰਿਹਾ ਹੈ।

ਉਹਨਾਂ ਅੱਗੇ ਦੱਸਿਆ ਕਿ ਅਚਨਚੇਤ ਜਾਂਚ ਦੌਰਾਨ ਅਸਲ ਰਜਿਸਟਰੀ (ਵਿਕਰੀ ਡੀਡ) ਦਸਤਾਵੇਜ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਸੀ ਅਤੇ ਇਸ ਦੀ ਤਸਦੀਕ ਦੌਰਾਨ ਧੋਖਾਧੜੀ ਦੀ ਪੁਸ਼ਟੀ ਹੋਈ। ਵਿਜੀਲੈਂਸ ਦਾ ਦੋਸ਼ ਹੈ ਕਿ, ਇਸ ਵਿਕਰੀ ਡੀਡ ਨੂੰ ਤਹਿਸੀਲਦਾਰ ਪੱਛਮੀ ਲੁਧਿਆਣਾ ਜਗਸੀਰ ਸਿੰਘ ਸਰਾਂ ਵੱਲੋਂ ਨਕਲੀ ਦੀਪ ਸਿੰਘ ਦੀ ਮੌਜੂਦਗੀ ਵਿੱਚ ਤਸਦੀਕ ਕੀਤਾ ਗਿਆ ਸੀ। ਖਰੀਦਦਾਰ ਦੀਪਕ ਗੋਇਲ ਤਰਫ਼ੋ ਅਮਿਤ ਗੌੜ ਨਾਮੀ ਇੱਕ ਵਿਅਕਤੀ ਪੇਸ਼ ਹੋਇਆ ਅਤੇ ਰਜਿਸਟਰੀ ਦੇ ਦਸਤਾਵੇਜ਼ਾਂ ‘ਤੇ ਦਸਤਖਤ ਕੀਤੇ।

ਇਸ ਮੌਕੇ ਪ੍ਰਾਪਰਟੀ ਡੀਲਰ ਰਘਬੀਰ ਸਿੰਘ, ਐਡਵੋਕੇਟ ਅਤੇ ਨੰਬਰਦਾਰ ਬਘੇਲ ਸਿੰਘ ਸਮੇਤ ਗਵਾਹਾਂ ਨੇ ਨਕਲੀ ਦੀਪ ਸਿੰਘ ਦੀ ਅਸਲੀ ਜ਼ਮੀਨ ਮਾਲਕ ਵਜੋਂ ਪਛਾਣ ਕੀਤੀ। ਅਗਲੇਰੀ ਜਾਂਚ ਤੋਂ ਪਤਾ ਲੱਗਾ ਕਿ ਅਸਲ ਮਾਲਕ ਦੀਪ ਸਿੰਘ, ਉਮਰ 55 ਸਾਲ, ਜਨਮ ਤੋਂ ਹੀ ਆਪਣੇ ਪਰਿਵਾਰ ਸਮੇਤ ਅਮਰੀਕਾ ਵਿੱਚ ਰਹਿ ਰਿਹਾ ਹੈ।

ਜਦਕਿ ਇਸ ਫ਼ਰਜ਼ੀ ਰਜਿਸਟਰੀ ਕਰਵਾਉਣ ਵਾਲੇ ਦੀਪ ਸਿੰਘ ਨੇ ਇੱਕ ਜਾਅਲੀ ਆਧਾਰ ਕਾਰਡ ਅਤੇ ਪੈਨ ਕਾਰਡ ਦੀ ਵਰਤੋਂ ਕੀਤੀ, ਜਿਸ ਵਿੱਚ ਉਸਦੀ ਉਮਰ 39 ਸਾਲ (ਜਨਮ 1985) ਦਰਸਾਈ ਗਈ, ਜਦੋਂ ਕਿ ਅਸਲ ਦੀਪ ਸਿੰਘ ਦਾ ਜਨਮ 1971 ਵਿੱਚ ਹੋਇਆ ਸੀ।

ਬੁਲਾਰੇ ਨੇ ਅੱਗੇ ਦੱਸਿਆ ਕਿ ਜਾਂਚ ਵਿੱਚ ਪਾਇਆ ਗਿਆ ਹੈ ਮਾਲ ਵਿਭਾਗ ਦੇ ਕਰਮਚਾਰੀਆਂ ਵੱਲੋਂ ਵੀ ਇਸ ਮਾਮਲੇ ਵਿੱਚ ਗੰਭੀਰ ਗਲਤੀਆਂ ਤੇ ਉਣਤਾਈਆਂ ਕੀਤੀਆਂ ਗਈਆਂ ਹਨ, ਜੋ ਇਸ ਵਿੱਚ ਸ਼ਾਮਲ ਲੋਕਾਂ ਦੇ ਪਿਛੋਕੜ ਦੀ ਪੁਸ਼ਟੀ ਕਰਨ ਵਿੱਚ ਅਸਫਲ ਰਹੇ। ਸਬੂਤਾਂ ਅਤੇ ਜਾਂਚ ਰਿਪੋਰਟ ਦੇ ਆਧਾਰ ‘ਤੇ ਭਾਰਤੀ ਨਿਆਂ ਸੰਹਿਤਾ (ਬੀ.ਐਨ.ਐਸ.) ਦੀ ਧਾਰਾ 318(4), 319(2), 336(2), 336(3), 338, 340(2) ਅਤੇ 61(2) ਤਹਿਤ ਆਰਥਿਕ ਅਪਰਾਧ ਸ਼ਾਖਾ ਵਿਖੇ 27 ਫਰਵਰੀ, 2025 ਨੂੰ ਮੁਕੱਦਮਾ ਨੰਬਰ 4 ਦਰਜ ਕੀਤਾ ਗਿਆ ਹੈ ਅਤੇ ਜਾਂਚ ਵਿਜੀਲੈਂਸ ਬਿਊਰੋ ਲੁਧਿਆਣਾ ਰੇਂਜ ਨੂੰ ਸੌਂਪੀ ਗਈ।

ਮੁਲਜ਼ਮਾਂ ਵਿੱਚ ਤਹਿਸੀਲਦਾਰ ਜਗਸੀਰ ਸਿੰਘ ਸਰਾਂ, ਖਰੀਦਦਾਰ ਦੀਪਕ ਗੋਇਲ, ਨੰਬਰਦਾਰ ਬਘੇਲ ਸਿੰਘ, ਰਜਿਸਟਰੀ ਕਲਰਕ ਕ੍ਰਿਸ਼ਨ ਗੋਪਾਲ, ਇੱਕ ਐਡਵੋਕੇਟ, ਅਮਿਤ ਗੌੜ, ਨਕਲੀ ਦੀਪ ਸਿੰਘ, ਇੱਕ ਕੰਪਿਊਟਰ ਆਪਰੇਟਰ ਅਤੇ ਪ੍ਰਾਪਰਟੀ ਡੀਲਰ ਰਘਬੀਰ ਸਿੰਘ ਸ਼ਾਮਲ ਹਨ।

ਜਾਂਚ ਰਿਪੋਰਟ ਦੇ ਆਧਾਰ ‘ਤੇ ਵਿਜੀਲੈਂਸ ਬਿਊਰੋ ਨੇ ਐਡਵੋਕੇਟ ਨੂੰ ਗ੍ਰਿਫ਼ਤਾਰ ਕਰ ਲਿਆ ਜਿਸਨੇ ਗਵਾਹ ਵਜੋਂ ਦਸਤਖ਼ਤ ਕੀਤੇ ਸਨ ਅਤੇ ਨਕਲੀ ਦੀਪ ਸਿੰਘ ਦੀ ਅਸਲੀ ਦੀਪ ਸਿੰਘ ਵਜੋਂ ਪਛਾਣ ਕੀਤੀ। ਬੁਲਾਰੇ ਨੇ ਅੱਗੇ ਕਿਹਾ ਕਿ ਮਾਮਲੇ ਦੀ ਜਾਂਚ ਹੋਰ ਡੂੰਘਾਈ ਨਾਲ ਕੀਤੀ ਜਾ ਰਹੀ ਹੈ ਅਤੇ ਇਸ ਕੇਸ ਨਾਲ ਜੁੜੇ ਬਾਕੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ।

 

Leave a Reply

Your email address will not be published. Required fields are marked *