All Latest NewsNews FlashPunjab News

ਚੰਡੀਗੜ੍ਹ ਧਰਨੇ ਤੋਂ ਪਹਿਲਾਂ ਕਿਸਾਨ ਆਗੂਆਂ ਦੀ ਗ੍ਰਿਫਤਾਰੀ ਅਤੇ ਛਾਪੇਮਾਰੀ ਦੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਜ਼ੋਰਦਾਰ ਨਿਖੇਧੀ

 

ਧੌਸਬਾਜੀ ਵਖਾ ਕੇ ਕਿਸਾਨਾਂ ਦਾ ਅਪਮਾਨ ਕਰਨ ਦੀ ਕੀਮਤ ਮੁੱਖ ਮੰਤਰੀ ਨੂੰ ਚੁਕਾਉਣੀ ਪਵੇਗੀ – ਅਵਤਾਰ ਮਹਿਮਾਂ

ਪੰਜਾਬ ਨੈੱਟਵਰਕ, ਫਿਰੋਜ਼ਪੁਰ

ਸੰਯੁਕਤ ਕਿਸਾਨ ਮੋਰਚੇ ਵੱਲੋਂ ਕੌਮੀ ਖੇਤੀ ਨੀਤੀ ਖਰੜਾ ਰੱਦ ਕਰਵਾਉਣ ਅਤੇ ਪੰਜਾਬ ਸਰਕਾਰ ਖਿਲਾਫ 18 ਮੰਗਾਂ ਨੂੰ ਲੈ ਕੇ ਚੰਡੀਗੜ੍ਹ ਵਿਖੇ 5 ਮਾਰਚ ਤੋਂ ਪੱਕੇ ਮੋਰਚੇ ਦਾ ਐਲਾਨ ਕੀਤਾ ਗਿਆ ਸੀ। ਉਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਮਤਾ ਪਾਸ ਕਰਕੇ ਕੌਮੀ ਖੇਤੀ ਨੀਤੀ ਖਰੜਾ ਰੱਦ ਕਰ ਦਿੱਤਾ ਹੈ ਅਤੇ ਬਾਕੀ ਮੰਗਾਂ ਤੇ ਕਿਸਾਨਾਂ ਨਾਲ ਵਿਚਾਰ ਚਰਚਾ ਕਰਨ ਲਈ 3 ਮਾਰਚ ਨੂੰ ਮੀਟਿੰਗ ਬੁਲਾਈ ਗਈ ਸੀ।

ਦੇਰ ਸ਼ਾਮ ਇਸ ਮੀਟਿੰਗ ਵਿਚ ਸਹਿਮਤੀ ਨਾ ਬਣਨ ਤੋਂ ਬਾਅਦ ਅੱਜ ਤੜਕ ਸਾਰ ਹੀ ਪੰਜਾਬ ਪੁਲਿਸ ਵੱਲੋਂ ਕਿਸਾਨ ਆਗੂਆਂ ਦੇ ਘਰਾਂ ਉੱਪਰ ਛਾਪੇਮਾਰੀ ਅਤੇ ਗਿਰਫਤਾਰੀਆਂ ਸ਼ੁਰੂ ਕਰ ਦਿੱਤੀਆਂ ਜਿਸ ਦੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਨੇ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।

ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਜਥੇਬੰਦੀ ਦੇ ਸੂਬਾ ਪ੍ਰੈੱਸ ਸਕੱਤਰ ਅਵਤਾਰ ਸਿੰਘ ਮਹਿਮਾ ਨੇ ਦੱਸਿਆ ਕਿ 18 ਮੰਗਾਂ ਵਿੱਚੋਂ ਕੁਝ ਮੰਗਾਂ ਉੱਪਰ ਸਰਕਾਰ ਨਾਲ ਸਹਿਮਤੀ ਬਣ ਗਈ ਸੀ। ਇਸ ਦੌਰਾਨ ਮੁੱਖ ਮੰਤਰੀ ਵੱਲੋਂ ਇਕਦਮ ਹੰਕਾਰੀ ਰਵਈਆ ਅਪਣਾਉਂਦਿਆਂ ਹੋਇਆਂ ਮੀਟਿੰਗ ਬੰਦ ਕਰਨ ਅਤੇ ਸਹਿਮਤੀ ਬਣੀਆਂ ਹੋਈਆਂ ਮੰਗਾਂ ਨੂੰ ਵੀ ਰੱਦ ਕਰਨ ਦਾ ਐਲਾਨ ਕਰ ਦਿੱਤਾ।

ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਇੱਕ ਤਾਨਾਸ਼ਾਹ ਵਾਂਗ ਧੌਂਸਬਾਜੀ ਦਿਖਾ ਕੇ ਕਿਸਾਨਾਂ ਦਾ ਅਪਮਾਨ ਕੀਤਾ ਹੈ। ਜਿਸ ਦੀ ਉਹਨਾਂ ਨੂੰ ਭਾਰੀ ਕੀਮਤ ਅਗਲੇ ਦਿਨਾਂ ਵਿੱਚ ਚਕਾਉਣੀ ਪਵੇਗੀ। ਇਸ ਮੌਕੇ ਸੂਬਾ ਜਨਰਲ ਸਕੱਤਰ ਗੁਰਮੀਤ ਸਿੰਘ ਮਹਿਮਾ ਨੇ ਕਿਹਾ ਕਿ ਸਰਕਾਰ 5 ਮਾਰਚ ਤੋਂ ਚੰਡੀਗੜ੍ਹ ਲੱਗ ਰਹੇ ਪੱਕੇ ਮੋਰਚੇ ਤੋਂ ਬਖਲਾਹਟ ਵਿੱਚ ਆ ਗਈ ਹੈ।

ਉਹਨਾਂ ਕਿਹਾ ਕਿ ਅੱਧੀ ਰਾਤ ਤੋਂ ਹੀ ਪੁਲਿਸ ਵੱਲੋਂ ਕਿਸਾਨ ਆਗੂਆਂ ਦੇ ਘਰਾਂ ਵਿੱਚ ਛਾਪੇਮਾਰੀ ਕਰਨਾ ਅਤੇ ਕੁਝ ਆਗੂਆਂ ਨੂੰ ਗ੍ਰਿਫਤਾਰ ਕਰਨ ਨਾਲ ਸਰਕਾਰ ਦਾ ਅਸਲੀ ਚਿਹਰਾ ਨੰਗਾ ਹੋਇਆ ਹੈ। ਉਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਬਿਨਾਂ ਕਿਸੇ ਡਰ ਅਤੇ ਦਹਿਸ਼ਤ ਤੋਂ ਪੰਜ ਮਾਰਚ ਨੂੰ ਚੰਡੀਗੜ੍ਹ ਮੋਰਚੇ ਵਿੱਚ ਪਹੁੰਚਣ।

 

Leave a Reply

Your email address will not be published. Required fields are marked *