ਵੱਡੀ ਖ਼ਬਰ: ਕਿਸਾਨ ਲੀਡਰ ਜੋਗਿੰਦਰ ਉਗਰਾਹਾਂ, ਰਾਜੇਵਾਲ ਸਮੇਤ ਕਈਆਂ ਨੂੰ ਪੁਲਿਸ ਨੇ ਲਿਆ ਹਿਰਾਸਤ ‘ਚ!
ਉਗਰਾਹਾਂ ਨੇ ਥਾਣੇ ‘ਚ ਮਾਨ ਸਰਕਾਰ ਦੇ ਪੋਤੜੇ ਫਰੋਲੇ, ਕਿਹਾ – ਬਦਲਾਅ ਬਦਲਾ ਲੈ ਰਿਹੈ!
ਪੰਜਾਬ ਨੈੱਟਵਰਕ, ਚੰਡੀਗੜ੍ਹ
ਚੰਡੀਗੜ੍ਹ ਵਿੱਚ ਲੱਗਣ ਵਾਲੇ ਕਿਸਾਨਾਂ ਦੇ ਮੋਰਚੇ ਤੋਂ ਪਹਿਲਾਂ ਹੀ ਕਿਸਾਨਾਂ ਦੀ ਫੜੋ ਫੜਾਈ ਜਾਰੀ ਹੈ। ਬੀਤੇ ਕੱਲ੍ਹ ਦਰਜਨਾਂ ਕਿਸਾਨਾਂ ਨੂੰ ਸਰਕਾਰ ਨੇ ਹਿਰਾਸਤ ਵਿੱਚ ਲਿਆ, ਉਥੇ ਹੀ ਅੱਜ ਬੀਕੇਯੂ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਤੋਂ ਇਲਾਵਾ ਦਰਜਨਾਂ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਵੱਖ ਵੱਖ ਥਾਣਿਆਂ ਵਿੱਚ ਬੰਦ ਕਰ ਦਿੱਤਾ ਗਿਆ। ਜਾਣਕਾਰੀ ਇਹ ਹੈ ਕਿ, ਜੋਗਿੰਦਰ ਉਗਰਾਹਾਂ ਅਨਾਜ ਮੰਡੀ ਘਰਾਚੋਂ ਵਿੱਚ ਸੱਦੇ ਕਿਸਾਨਾਂ ਦੇ ਇਕੱਠ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸਨ ਤਾਂ ਰਸਤੇ ਵਿੱਚ ਹੀ ਪੁਲਿਸ ਨੇ ਉਨ੍ਹਾਂ ਨੂੰ ਘੇਰਾ ਪਾ ਲਿਆ ਅਤੇ ਛਾਜਲੀ ਥਾਣੇ ਲਿਜਾਇਆ ਗਿਆ।
ਕਿਸਾਨ ਭਗਵੰਤ ਮਾਨ ਦੇ ਕਿਸਾਨਾਂ ਵਿਰੋਧੀ ਨੀਤੀਆਂ ਤੋਂ ਦੁਖੀ ਸਨ ਅਤੇ ਉਹ ਕੇਂਦਰ ਦੇ ਖ਼ਿਲਾਫ਼ ਚੰਡੀਗੜ੍ਹ ਵਿੱਚ ਮੋਰਚਾ ਲਾਉਣਾ ਚਾਹੁੰਦੇ ਸਨ, ਪਰ ਉਸ ਤੋਂ ਪਹਿਲਾਂ ਹੀ ਮਾਨ ਸਰਕਾਰ ਦੇ ਇਸ਼ਾਰੇ ਤੇ ਪੁਲਸ ਦੇ ਵੱਲੋਂ ਵੱਡੀ ਗਿਣਤੀ ਵਿੱਚ ਕਿਸਾਨਾਂ ਨੂੰ ਗਿਰਫ਼ਤਾਰ ਕਰਕੇ ਥਾਣਿਆਂ ਵਿੱਚ ਬੰਦ ਕਰ ਦਿੱਤਾ ਗਿਆ।
ਮੀਡੀਆ ਰਿਪੋਰਟਾਂ ਅਨੁਸਾਰ, ਉਗਰਾਹਾਂ ਨੇ ਬਿਆਨ ਜਾਰੀ ਕਰਦਿਆਂ ਹੋਇਆਂ ਕਿਹਾ ਕਿ ਸੂਬੇ ਵਿੱਚ ਧਰਨੇ ਮਾਨ ਸਰਕਾਰ ਦੀ ਸਹਿਮਤੀ ਤੋਂ ਬਿਨ੍ਹਾਂ ਨਹੀਂ ਲਾਏ ਜਾ ਸਕਦੇ।
ਉਗਰਾਹਾਂ ਨੇ ਦਾਅਵਾ ਕੀਤਾ ਕਿ ਸੂਬਾ ਸਰਕਾਰ ਨੇ ਸਾਲ 2023 ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਵੀ ਹਾਲੇ ਤੱਕ ਲਾਗੂ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ, “ਕਿਸਾਨਾਂ ਨੂੰ ਇਸ ਗੱਲ ਨਾਲ ਵੱਡਾ ਇਤਰਾਜ਼ ਹੈ ਜੋ ਮੁੱਖ ਮੰਤਰੀ ਨੇ ਕਿਹਾ ਕਿ ਜੇ ਧਰਨਾ ਹੋਵੇਗਾ ਤਾਂ ਕਿਸਾਨਾਂ ਨਾਲ ਗੱਲਬਾਤ ਨਹੀਂ ਹੋਵੇਗੀ।”
ਉਨ੍ਹਾਂ ਇਹ ਵੀ ਕਿਹਾ,”ਚੰਡੀਗੜ੍ਹ ਧਰਨਾ ਸਿਰਫ਼ ਸੂਬਾ ਸਰਕਾਰ ਖ਼ਿਲਾਫ਼ ਲਾਉਣ ਲਈ ਹੀ ਨਹੀਂ ਜਾਇਆ ਜਾਂਦਾ, ਬਲਕਿ ਕੇਂਦਰ ਖ਼ਿਲਾਫ਼ ਧਰਨਾ ਵੀ ਚੰਡੀਗੜ੍ਹ ਲਾਇਆ ਜਾਂਦਾ ਹੈ ਅਤੇ ਅਸੀਂ ਪਹਿਲਾਂ ਵੀ ਅਜਿਹਾ ਕਈ ਵਾਰ ਕੀਤਾ ਹੈ।”
ਉਗਰਾਹਾਂ ਨੇ ਕਿਹਾ ਕਿ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੁੱਖ ਮੰਤਰੀ ਪੰਜਾਬ ਵਲੋਂ ਸੁਣੀਆਂ ਹੀ ਨਹੀਂ ਗਈਆਂ ਸਨ ਅਤੇ ਕਿਸਾਨਾਂ ਦੀ ਗੱਲ ਸੁਣੇ ਬਿਨਾਂ ਹੀ ਕਿਸਾਨਾਂ ਨੂੰ ਪੁੱਛਿਆ ਗਿਆ ਕਿ, ਦੱਸੋ ਕਿ ਤੁਸੀਂ ਧਰਨਾ ਲਾਓਗੇ ਜਾਂ ਨਹੀਂ। ਉਗਰਾਹਾਂ ਨੇ ਕਿਹਾ ਕਿ, ਇਹ ਮੁੱਖ ਮੰਤਰੀ ਦੀ ਭਾਸ਼ਾ ਨਹੀਂ, ਬਲਕਿ ਇਹ ਸਿੱਧਾ ਸਿੱਧਾ ਕੇਂਦਰ ਦੇ ਹੱਕ ਵਿਚ ਭੁਗਤਣ ਦਾ (ਮੁੱਖ ਮੰਤਰੀ ) ਨਜ਼ਰੀਆ ਹੈ। ਸਰਕਾਰ ਨੇ ਕਿਸਾਨਾਂ ਦੀ ਫੜੋ ਫੜਾਈ ਕਰਕੇ ਸਾਬਤ ਕਰ ਦਿੱਤਾ ਕਿ, ਉਹ ਕਿਸਾਨਾਂ ਨਾਲ ਨਹੀਂ, ਬਲਕਿ ਕਾਰਪੋਰੇਟ ਪੱਖੀ ਸੈਂਟਰ ਸਰਕਾਰ ਦੇ ਨਾਲ ਹੈ।
ਇੱਥੇ ਜ਼ਿਕਰ ਕਰਨਾ ਬਣਦਾ ਹੈ ਕਿ, ਕਿਸਾਨਾਂ ਨਾਲ ਗੱਲਬਾਤ ਤੇ ਭਗਵੰਤ ਮਾਨ ਦਾ ਬਿਆਨ ਵੀ ਪਿਛਲੇ ਦਿਨੀਂ ਸਾਹਮਣੇ ਆਇਆ ਸੀ, ਉਹਨਾਂ ਕਿਹਾ ਕਿ ਮੇਰੇ ਦਰਵਾਜੇ ਕਿਸਾਨਾਂ ਲਈ ਹਮੇਸ਼ਾ ਖੁੱਲ੍ਹੇ, ਪਰ ਧਰਨੇ ਨਾ ਲਾਓ।