ਵਿੱਦਿਆ ਵਿਚਾਰੀ.. ਸੈਮੀਨਾਰਾਂ ਨੇ ਮਾਰੀ!
ਡੀ ਟੀ ਐਫ਼ ਵੱਲੋਂ ਪੇਪਰਾਂ ਦੇ ਦਿਨਾਂ ਵਿੱਚ ਅਧਿਆਪਕਾਂ ਦੇ ਸੈਮੀਨਾਰ ਲਗਾਉਣ ਦਾ ਵਿਰੋਧ|
ਪੰਜਾਬ ਨੈੱਟਵਰਕ, ਬਠਿੰਡਾ
ਸਿੱਖਿਆ ਦੀ ਕਾਇਆ ਪਲਟ ਕਰਨ ਵਾਲੇ ਬਿਆਨ ਦੇ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਸਿੱਖਿਆ ਦਾ ਭੱਠਾ ਬਿਠਾਉਣ ਲਈ ਕੋਈ ਕਸਰ ਨਹੀਂ ਛੱਡ ਰਹੀ|
ਸਰਕਾਰ ਵੱਲੋਂ ਪਿਛਲੀਆਂ ਸਰਕਾਰਾਂ ਦਾ ਰਾਹ ਫੜਦਿਆਂ ਸਿੱਖਿਆ ਨੂੰ ਪ੍ਰੋਜੈਕਟਾਂ ਦੀ ਪ੍ਰਯੋਗਸ਼ਾਲਾ ਬਣਾ ਰੱਖਿਆ ਹੈ ਲਗਾਤਾਰ ਕੈਂਪ ਦਰ ਕੈਂਪ ਸੈਮੀਨਾਰ, ਟੂਰਾਂ ਦੇ ਵਿੱਚ ਅਧਿਆਪਕਾਂ ਨੂੰ ਉਲਝਾ ਕੇ ਜਿੱਥੇ ਸਿੱਖਿਆ ਦਾ ਬੇੜਾਗਰਕ ਕੀਤਾ ਜਾ ਰਿਹਾ ਹੈ ਉੱਥੇ ਅਧਿਆਪਕਾਂ ਦੀ ਖੱਜਲ ਖੁਆਰੀ ਅਤੇ ਮਾਨਸਿਕ ਪਰੇਸ਼ਾਨੀ ਵਿੱਚ ਵੀ ਵਾਧਾ ਕੀਤਾ ਹੈ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਬਠਿੰਡਾ ਦੇ ਜਿਲ੍ਹਾ ਪ੍ਰਧਾਨ ਰੇਸ਼ਮ ਸਿੰਘ ਅਤੇ ਜਿਲ੍ਹਾ ਸਕੱਤਰ ਜਸਵਿੰਦਰ ਸਿੰਘ ਨੇ ਕਿਹਾ ਕਿ ਪੇਪਰਾਂ ਦੇ ਦਿਨਾਂ ਵਿੱਚ ਅਧਿਆਪਕਾਂ ਨੂੰ ਬੇਲੋੜੇ ਕੰਮਾਂ ਵਿੱਚ ਉਲਝਾ ਕੇ ਸਕੂਲਾਂ ਤੋਂ ਬਾਹਰ ਕੱਢਿਆ ਜਾ ਰਿਹਾ ਹੈ।
ਉਹਨਾਂ ਨੇ ਦੱਸਿਆ ਕਿ ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਦੇ ਪੇਪਰ ਚੱਲ ਰਹੇ ਹਨ ਪਰ ਇਸਦੇ ਵਿੱਚ ਹੀ ਅਧਿਆਪਕਾਂ ਦੇ ਸਮਰੱਥ ਪ੍ਰੋਜੈਕਟ ਅਧੀਨ ਸੈਮੀਨਾਰ ਲਗਾਉਣ ਦੇ ਹੁਕਮ ਆ ਗਏ ਹਨ। ਇਕ ਪਾਸੇ ਬਹੁਤ ਸਾਰੇ ਅਧਿਆਪਕ ਪੇਪਰ ਡਿਊਟੀਆਂ, ਮਾਰਕਿੰਗ ਡਿਊਟੀਆਂ ਕਰ ਰਹੇ ਹਨ ਤੇ ਦੂਜੇ ਪਾਸੇ ਅਧਿਆਪਕਾਂ ਨੂੰ 6 ਮਾਰਚ ਤੋਂ 14 ਮਾਰਚ ਤੱਕ ਸੈਮੀਨਾਰ ਲਾਉਣ ਦੇ ਹੁਕਮ ਆ ਗਏ ਹਨ। ਇਸ ਤਰਾਂ ਸਕੂਲਾਂ ਵਿੱਚ ਬੱਚਿਆਂ ਨੂੰ ਪੜਾਉਣ ਲਈ ਕੌਣ ਹੋਵੇਗਾ?
ਉਹਨਾ ਨੇ ਕਿਹਾ ਕਿ ਇਸਤੋਂ ਪਹਿਲਾਂ ਵੀ ਫਰਵਰੀ ਦਾ ਪਹਿਲਾਂ ਅੱਧ ਸੈਮੀਨਾਰਾਂ ਵਿੱਚ ਉਲਝਾਈ ਰੱਖਿਆ ਸੀ ਜਦੋ ਕਿ ਇਹ ਦਿਨ ਚ ਪੇਪਰਾਂ ਦੀ ਤਿਆਰੀ ਲਈ ਬਹੁਤ ਮਹੱਤਵਪੂਰਨ ਹੁੰਦੇ ਹਨ।
ਜਿਲਾ ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ ਮੀਤ ਪ੍ਰਧਾਨ ਵਿਕਾਸ ਗਰਗ ਜਥੇਬੰਦਕ ਸਕੱਤਰ ਕੁਲਵਿੰਦਰ ਸਿੰਘ ਵਿੱਤ ਸਕੱਤਰ ਅਨਿਲ ਭੱਟ ਅਤੇ ਪ੍ਰੈਸ ਸਕੱਤਰ ਗੁਰਪ੍ਰੀਤ ਸਿੰਘ ਖੇਮੋਆਣਾ ਨੇ ਕਿਹਾ ਕਿ ਸਰਕਾਰ ਦੀਆਂ ਇਹਨਾਂ ਗਲਤ ਨੀਤੀਆਂ ਕਾਰਨ ਸਰਕਾਰੀ ਸਕੂਲ ਅਤੇ ਸਿੱਖਿਆ ਖ਼ਤਮ ਹੋ ਰਹੀ ਹੈ।
ਜਥੇਬੰਦੀ ਨੇ ਸਰਕਾਰ ਤੋਂ ਮੰਗ ਕੀਤੀ ਕਿ ਪੇਪਰਾਂ ਦੇ ਦਿਨਾਂ ਵਿੱਚ ਲਗਾਏ ਜਾਂ ਰਹੇ ਇਹਨਾਂ ਬੇਲੋੜੇ ਸੈਮੀਨਾਰਾਂ ਨੂੰ ਬੰਦ ਕੀਤਾ ਜਾਵੇ। ਇਸ ਮੌਕੇ ਜ਼ਿਲਾ ਆਗੂ ਰਣਦੀਪ ਕੌਰ ਖਾਲਸਾ ਬਲਜਿੰਦਰ ਕੌਰ ਬਲਾਕ ਪ੍ਰਧਾਨ ਭੋਲਾ ਤਲਵੰਡੀ, ਰਾਜਵਿੰਦਰ ਸਿੰਘ ਜਲਾਲ, ਭੁਪਿੰਦਰ ਸਿੰਘ ਮਾਈਸਰਖਾਨਾ ਅਸ਼ਵਨੀ ਕੁਮਾਰ , ਬਲਕਰਨ ਸਿੰਘ ਕੋਟਸ਼ਮੀਰ ਆਦਿ ਅਧਿਆਪਕ ਆਗੂ ਹਾਜ਼ਰ ਸਨ।