ਔਰਤ ਦਿਵਸ ‘ਤੇ ਵਿਸ਼ੇਸ਼: ਔਰਤ ਨਾਲ ਸਲੂਕ ਸਮਾਜ ਦਾ ਸ਼ੀਸ਼ਾ ਹੈ
ਕਿਸੇ ਸਭਿਅਤਾ ਦੀ ਉੱਨਤੀ ਦਾ ਨਾਪ ਉਹਦੀਆਂ ਪ੍ਰਚੱਲਿਤ ਕਦਰਾਂ ਕੀਮਤਾਂ ਦਾ ਵਧੇਰੇ ਸੂਖਮ ਹੁੰਦੇ ਜਾਣਾ ਹੁੰਦਾ ਹੈ।ਇਹ ਨਾਪ ਕਿਸੇ ਭਾਈਚਾਰੇ ਵਿੱਚ,ਪਰਿਵਾਰ ਵਿੱਚ ਇਸਤਰੀ ਨਾਲ ਹੋ ਰਹੇ ਸਲੂਕ ਤੋਂ ਲਿਆ ਜਾ ਸਕਦਾ ਹੈ।ਪੰਡਤ ਨਹਿਰੂ ਨੇ ਆਖਿਆ ਸੀ : “ਕਿਸੇ ਕੌਮ ਵਿੱਚ ਇਸਤਰੀ ਦੀ ਪਦਵੀ ਓਸ ਕੌਮ ਦੀ ਉੱਨਤੀ ਦੇ ਸਭ ਤੋਂ ਸਹੀ ਨਾਪਾਂ ਵਿੱਚੋਂ ਇੱਕ ਹੈ”।ਏਸ ਨਾਪ ਨਾਲ ਪੁਰਾਤਨ ਤੇ ਨਵੀਨ ਸਭਿਅਤਾ ਦੀ ਪਰਖ ਦਿਲਚਸਪੀ ਤੋਂ ਖਾਲ਼ੀ ਨਹੀਂ।
ਵਿਆਹ ਖਿਆਲ਼ ਆਉਣ ਤੋਂ ਪਹਿਲਾਂ ਦੇ ਸਮਾਜ ਵਿੱਚ ਇਸਤਰੀਆਂ ਤੇ ਬੱਚੇ ਸਾਂਝੇ ਹੁੰਦੇ ਸਨ….ਜਿਸ ਆਦਮੀ ਨਾਲ਼ ਬੱਚੇ ਦੇ ਨਕਸ਼ ਮਿਲਣ ਲੱਗ ਪੈਂਦੇ ਉਸੇ ਨੂੰ ਬੱਚੇ ਦਾ ਪਿਓ ਮੰਨ ਲਿਆ ਜਾਂਦਾ ਸੀ….ਹੁਣ ਵੀ ਅਨਸਾਰੀਅਨ ਤੇ ਲੈਕੋਡਾ ਹਬਸ਼ੀਆਂ ਵਿੱਚ ਔਰਤਾਂ ਸਾਂਝੀਆਂ ਹੁੰਦੀਆਂ ਹਨ।ਜਿਵੇਂ-ਜਿਵੇਂ ਨਿੱਜੀ ਜਾਇਦਾਦ ਦਾ ਰਿਵਾਜ ਵਧਦਾ ਗਿਆ….ਉਵੇਂ-ਉਵੇਂ ਸਾਂਝੀ ਇਸਤਰੀ ਦਾ ਰਿਵਾਜ ਘਟਦਾ ਗਿਆ…ਫਿਰ ਔਰਤ ਨੂੰ ਜਬਰੀ ਚੁੱਕ ਕੇ ਲਿਆਉਣ,ਕੱਢ ਕੇ ਲਿਆਉਣ ਤੇ ਜਿੱਤ ਕੇ ਲਿਆਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ।ਜਿਵੇਂ-ਜਿਵੇਂ ਸਮਾਜ ਨੇ ਹੋਰ ਤਰੱਕੀ ਕੀਤੀ ਧਿੰਗੋਜ਼ੋਰੀ ਕੱਢਣ ਦਾ ਰਿਵਾਜ ਘਟ ਗਿਆ…ਤੇ ਧੀਆਂ ਦਾ ਲੈਣ-ਦੇਣ ਪ੍ਰਵਾਨ ਹੋ ਗਿਆ।ਪਰ ਇਸਤਰੀ ਮਰਦ ਦੀ ਗੁਲ਼ਾਮ ਹੀ ਰਹੀ ਜਿਸਨੂੰ ਜਦੋਂ ਮਰਜ਼ੀ ਵੇਚਿਆ ਜਾਂ ਖਰੀਦਿਆ ਜਾ ਸਕਦਾ ਸੀ।
ਹਿੰਦੁਸਤਾਨ,ਯੂਨਾਨ,ਜਰਮਨੀ,ਮਿਸਰ,ਯੂਲੈਨਡ(ਦੱਖਣੀ ਕਾਗੋ)ਵਿੱਚ ਭੈਣ-ਭਰਾਵਾਂ ਵਿੱਚ ਤੇ ਪਿਓ ਦੀ ਮੌਤ ਤੋਂ ਬਾਅਦ ਮਾਂ-ਪੁੱਤ ਵਿੱਚ ਵਿਆਹ ਦਾ ਰਿਵਾਜ ਰਿਹਾ।ਹਿੰਦੁਸਤਾਨ ਵਿੱਚ ਰਿਗਵੈਦਿਕ ਕਾਲ਼ ਵਿੱਚ ਅਜਿਹੇ ਵਿਆਹਾਂ ਤੇ ਪਾਬੰਦੀ ਲਾਈ ਗਈ।ਇਸੇ ਤਰ੍ਹਾਂ ਰੂਮੀਆਂ ਨੇ ਅਜਿਹੇ ਵਿਆਹ ਵਰਜਿਤ ਕੀਤੇ।ਅਫਰੀਕਾ ਦੇ ਹੁਸੈਨੀਏ ਅਰਬਾਂ ਵਿੱਚ ਇਸਤਰੀਆਂ ਦੀ ਗਿਣਤੀ ਘੱਟ ਹੋਣ ਕਰਕੇ ਸਾਂਝੀ ਪਤਨੀ ਦਾ ਰਿਵਾਜ ਅੱਜ ਵੀ ਕਾਇਮ ਹੈ।
ਗੱਲ ਇਹ ਕਿ ਪੁਰਾਣੀ ਸਭਿਅਤਾ ਵਿੱਚ ਔਰਤ ਦਾ ਸਥਾਨ ਪਾਲਤੂ ਜਾਨਵਰਾਂ ਵਰਗਾ ਸੀ…ਜਿਸਨੂੰ ਜਿੱਥੇ ਚਾਹੇ ਵਿਆਹਿਆ ਜਾ ਸਕਦਾ ਸੀ…ਵੇਚਿਆ ਜਾ ਸਕਦਾ ਸੀ…ਸਾੜਿਆ ਜਾ ਸਕਦਾ ਸੀ….ਮਾਰਿਆ ਜਾ ਸਕਦਾ ਸੀ…।ਉਸਦੀ ਨਾਂ ਤਾਂ ਆਪਣੀ ਕੋਈ ਸ਼ਖਸੀਅਤ ,ਨਾ ਹੱਕ,ਨਾ ਇੱਛਾਵਾਂ,ਨਾ ਜਜ਼ਬਾਤ, ਨਾ ਜ਼ਿੰਦਗੀ ਸੀ।ਇਹੀ ਕਾਰਨ ਰਿਹਾ ਕਿ ਸਦੀਆਂ ਤੱਕ ਔਰਤ ਵਿੱਚ ਮਰਦ ਲਈ ਪਿਆਰ,ਵਿਸ਼ਵਾਸ਼,ਵਫਾਦਾਰੀ,ਸਮਰਪਣ ਦੀ ਘਾਟ ਰਹੀ।
ਭਾਰਤ ਵਿੱਚ ਮੌਜੂਦਾ ਸਥਿਤੀ—ਭਾਰਤ ਵਿੱਚ ਔਰਤਾਂ ਦੀ ਸਥਿਤੀ ਮਿਲੀ ਜੁਲੀ ਹੈ।ਇੱਕ ਪਾਸੇ ਔਰਤਾਂ ਨੇ ਰਾਜਨੀਤੀ,ਵਪਾਰ ,ਵਿੱਦਿਆ,ਖੇਡਾਂ ਅਤੇ ਰਾਜਨੀਤੀ ਦੇ ਖੇਤਰ ਵਿੱਚ ਵੱਡੀਆਂ ਕਾਮਯਾਬੀਆਂ ਹਾਸਲ ਕੀਤੀਆਂ ਹਨ।ਉਨ੍ਹਾਂ ਨੂੰ ਆਰਥਕ,ਸਮਾਜਿਕ ਅਤੇ ਰਾਜਨੀਤਕ ਤੌਰ ਤੇ ਬਹੁਤ ਮੌਕੇ ਮਿਲ ਰਹੇ ਹਨ।ਪਰ ਦੂਜੇ ਪਾਸੇ ਅਜੇ ਵੀ ਜਾਤੀ ਪਾਤੀ,ਲੰਿਗ ਅਸਮਾਨਤਾ ਅਤੇ ਸੁਰੱਖਿਆ ਨਾਲ ਜੁੜੀਆਂ ਚੁਣੌਤੀਆਂ ਹਨ।ਇਕੱਲੇ ਪੰਜਾਬ ਦੀ ਹੀ ਜੇ ਗੱਲ ਕਰੀਏ ਤਾਂ ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਮੁਤਾਬਿਕ,ਪੰਜਾਬ ਵਿੱਚ ਬਲਾਤਕਾਰ ਦੇ ਕੇਸ 2021 ਵਿੱਚ 162 ਤੋਂ ਵਧ ਕੇ 2022 ਵਿੱਚ 227 ਹੋ ਗਏ।ਇਸ ਤੋਂ ਬਾਅਦ ਦੀਆਂ ਰਿਪੋਰਟਾਂ ਅਜੇ ਜਾਰੀ ਨਹੀਂ ਹੋਈਆਂ।ਅਜਿਹੇ ਮਾਮਲੇ ਅਕਸਰ ਅੰਡਰ ਰਿਪੋਰਟ ਕੀਤੇ ਜਾਂਦੇ ਹਨ।ਇਸ ਕਰਕੇ ਹਕੀਕਤ ਹੋਰ ਵੀ ਹੋ ਸਕਦੀ ਹੈ।
ਅੱਜ ਔਰਤ ਨੂੰ ਕਨੂੰਨੀ ਤੌਰ ਤੇ ਬਰਾਬਰੀ ਦੇ ਹੱਕ ਮਿਲ ਗਏ ਹਨ।ਉਹ ਆਪ ਵੀ ਆਪਣੀ ਅਹਿਮੀਅਤ ਨੂੰ ਸਮਝ ਚੁੱਕੀ ਹੈ।ਪਰ ਇੱਕ ਤਬਕਾ ਅਜਿਹਾ ਵੀ ਹੈ ਜਿਸਨੇ ਆਪਣੇ ਗੁਲਾਮੀ ਵਾਲ਼ੇ ਰੂਪ ਨੂੰ ਕਾਇਮ ਰੱਖਿਆ ਹੋਇਆ ਹੈ।ਭਾਵੇਂ ਉਹ ਤਬਕਾ ਮਜ਼ਬੂਰੀ ਦੇ ਨਾਂ ਤੇ,ਮਰਜ਼ੀ ਦੇ ਨਾਂ ਤੇ ਜਾਂ ਸ਼ੌਂਕ ਦੇ ਨਾਂ ਤੇ ਅਜਿਹਾ ਕਰ ਰਿਹਾ ਹੈ।ਪਹਿਲਾਂ ਰਜਵਾੜੇ ਦੀ ਇਸਤਰੀ ਤੇ ਜਵਾਨ ਧੀਆਂ ਮਹਿਮਾਨ ਰਾਜਿਆਂ ਨੂੰ ਖੁਸ਼ ਕਰਨ ਲਈ ਉਹਨਾਂ ਅੱਗੇ ਨਚਾਈਆਂ ਜਾਂਦੀਆਂ ਸੀ….ਅੱਜ ਵੀ ਮਨੋਰੰਜਨ ਵਾਲੀਆਂ ਥਾਵਾਂ ਤੇ…ਵਿਆਹਾਂ ਵਿੱਚ…ਇਕੱਠ ਕਰਨ ਵਾਲੀਆਂ ਥਾਵਾਂ ਤੇ…ਉਹ ਸਜਾ ਸੰਵਾਰ ਕੇ ਪੇਸ਼ ਕੀਤੀਆਂ ਜਾਂਦੀਆਂ ਹਨ।ਭਾਵੇਂ ਉਹ ਆਪ ਨੱਚ ਰਹੀਆਂ ਹਨ ਤੇ ਭਾਵੇਂ ਨਚਾਈਆਂ ਜਾ ਰਹੀਆਂ ਹਨ…ਉਹ ਔਰਤਾਂ ਅਜਿਹੀ ਗੁਲਾਮੀ ਦੀਆਂ ਆਦੀ ਹੋ ਚੁੱਕੀਆਂ ਹਨ।ਰੀਲਾਂ ਤੇ ਅੱਧਨੰਗੀਆਂ ਹੋ ਕੇ ਨੱਚਣਾ ਤੇ ਕਾਮੁਕ ਪ੍ਰਦਰਸ਼ਨ ਕਰਨਾ… ਮਰਦ ਨੂੰ ਸੰਮੋਹਿਤ ਕਰਨ ਵਾਲੀ ਪ੍ਰਵਿਰਤੀ ਦਾ ਹੀ ਹਿੱਸਾ ਹੈ।
ਪਰਮਜੀਤ ਕੌਰ ਸਰਾਂ( ਅਧਿਆਪਕਾ)
ਕੋਟਕਪੂਰਾ,ਫੋਨ 9914033057