Punjab News: 5ਵੀਂ ਜਮਾਤ ਦੇ ਪਹਿਲੇ ਪੇਪਰ ਦੌਰਾਨ ਅਫ਼ਰਾ-ਤਫ਼ਰੀ ਦਾ ਮਾਹੌਲ, DTF ਨੇ ਚੁੱਕੇ ਸਵਾਲ
ਪੰਜਾਬ ਨੈੱਟਵਰਕ ਚੰਡੀਗੜ੍ਹ
ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਕਿਹਾ ਕਿ ਪ੍ਰਾਇਮਰੀ ਸਕੂਲਾਂ ਵਿੱਚ ਪੰਜਵੀਂ ਦੀਆਂ ਪ੍ਰੀਖਿਆਵਾਂ ਸ਼ੁਰੂ ਹੋ ਗਈਆਂ ਹਨ ਅਤੇ ਡੀਟੀਐੱਫ ਦੇ ਖ਼ਦਸ਼ੇ ਅਨੁਸਾਰ ਪਹਿਲੇ ਦਿਨ ਪ੍ਰੀਖਿਆ ਸ਼ੁਰੂ ਤੋਂ ਪਹਿਲਾਂ ਪੂਰਨ ਅਫ਼ਰਾ-ਤਫ਼ਰੀ ਦਾ ਮਾਹੌਲ ਰਿਹਾ।
ਬੀਤੇ ਕੱਲ੍ਹ ਸਵੇਰੇ ਪਹਿਲਾਂ ਪੰਜਾਬ ਦੇ ਸਮੂਹ ਸੀਐੱਚਟੀ ਨੂੰ ਸਬੰਧਤ ਬੀਪੀਈਓ ਦਫ਼ਤਰਾਂ ਵਿਖੇ ਸੱਦਿਆ ਗਿਆ ਅਤੇ ਸੈਂਟਰ ਅਧੀਨ ਪੈਂਦੇ ਸਾਰੇ ਸਕੂਲਾਂ ਦੇ ਪ੍ਰਸ਼ਨ/ ਉੱਤਰ ਪੱਤਰੀਆਂ ਉਨ੍ਹਾਂ ਹਵਾਲੇ ਕੀਤੀਆਂ ਗਈਆਂ।
ਇਸ ਉਪਰੰਤ ਉਹ ਪ੍ਰਸ਼ਨ/ ਉੱਤਰ ਪੱਤਰੀਆਂ ਲੈ ਕੇ ਆਪਣੇ ਸੈਂਟਰ ਸਕੂਲ ਲੈ ਕੇ ਗਏ ਅਤੇ ਆਪਣੇ ਸਕੂਲ ਵਿੱਚ ਆਪਣੇ ਕੇਂਦਰ ਅਧੀਨ ਪੈਂਦੇ ਸਾਰੇ ਸਕੂਲਾਂ ਦੀ ਗਿਣਤੀ ਮੁਤਾਬਕ ਪ੍ਰਸ਼ਨ/ਉੱਤਰ ਪੱਤਰੀਆਂ ਦੇ ਬੰਡਲ ਬਣਾਏ। ਉੱਥੋਂ ਉਸ ਸੈਂਟਰ ਅਧੀਨ ਪੈਂਦੇ ਸਾਰੇ ਸਕੂਲਾਂ ਦੇ ਅਧਿਆਪਕ ਆਪਣੇ-ਆਪਣੇ ਸਕੂਲਾਂ ਲਈ ਪ੍ਰਸ਼ਨ/ ਉੱਤਰ ਪੱਤਰੀਆਂ ਲੈ ਕੇ ਆਪਣੇ ਸਕੂਲਾਂ ਨੂੰ ਗਏ। ਇੱਥੇ ਇਹ ਗੱਲ ਵੀ ਵਰਨਣਯੋਗ ਹੈ ਕਿ ਪਿਛਲੇ ਸਾਲਾਂ ਵਿਚ ਪ੍ਰੀਖਿਆ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈਆਂ ਜਾਂਦੀਆਂ ਸਨ।
ਪਰ ਇਸ ਵਾਰ ਇਹ ਪ੍ਰੀਖਿਆ ਐੱਸ.ਸੀ.ਈ.ਆਰ.ਟੀ ਵੱਲੋਂ ਲਈ ਜਾ ਰਹੀ ਹੈ। ਪਿਛਲੇ ਸਾਲਾਂ ਵਿੱਚ ਸਕੂਲ ਨੂੰ ਗਿਣਤੀ ਮੁਤਾਬਕ ਪੇਪਰ ਬੰਡਲ ਵਿੱਚ ਬੰਦ ਦਿੱਤੇ ਜਾਂਦੇ ਸਨ ਪਰ ਇਸ ਵਾਰ ਸੈਂਟਰ ਹੈੱਡ ਟੀਚਰ ਨੂੰ ਸੈਂਟਰ ਅਧੀਨ ਪੈਂਦੇ ਸਾਰੇ ਸਕੂਲਾਂ ਦੇ ਪੇਪਰ ਫੜ੍ਹਾ ਦਿੱਤੇ ਗਏ, ਜਿੰਨ੍ਹਾਂ ਸਕੂਲਾਂ ਦੀ ਗਿਣਤੀ ਅਨੁਸਾਰ ਸਵੇਰੇ ਬੰਡਲ ਬਣਾਏ ਅਤੇ ਸਕੂਲਾਂ ਨੂੰ ਦਿੱਤੇ ਗਏ।
ਇਹ ਸਾਰੀ ਪ੍ਰਕਿਰਿਆ ਸਵੇਰੇ 9 ਵਜੇ ਤਕ ਪੂਰੀ ਕਰਨ ਵਿੱਚ ਕਈ ਥਾਈਂ ਦਿੱਕਤਾਂ ਆਈਆਂ, ਜਿਸ ਕਾਰਣ ਕੁਝ ਸਕੂਲਾਂ ਵਿੱਚ ਸਵੇਰੇ 9 ਵਜੇ ਤਕ ਪੇਪਰ ਸ਼ੁਰੂ ਨਹੀਂ ਹੋ ਸਕਿਆ। ਡੀਟੀਐੱਫ ਵੱਲੋਂ ਇਸ ਤਰ੍ਹਾਂ ਦਾ ਖ਼ਦਸ਼ਾ ਪਹਿਲਾਂ ਹੀ ਜ਼ਾਹਿਰ ਕੀਤਾ ਗਿਆ ਸੀ ਅਤੇ ਸੈਂਟਰ ਹੈੱਡ ਟੀਚਰ ਤਕ ਇਕ ਦਿਨ ਪਹਿਲਾਂ ਪ੍ਰਸ਼ਨ/ ਉੱਤਰ ਪੱਤਰੀਆਂ ਪਹੁੰਚਾਉਣ ਦੀ ਮੰਗ ਕੀਤੀ ਗਈ ਸੀ।
ਡੀਟੀਐੱਫ ਦੇ ਆਗੂਆਂ ਨੇ ਆਪਣੀ ਮੰਗ ਨੂੰ ਦੁਹਰਾਉਂਦਿਆਂ ਫਿਰ ਮੰਗ ਕੀਤੀ ਕਿ ਪ੍ਰਸ਼ਨ/ ਉੱਤਰ ਪੱਤਰੀਆਂ ਸੈਂਟਰ ਹੈੱਡ ਟੀਚਰ ਤਕ ਇਕ ਦਿਨ ਪਹਿਲਾਂ ਪੁੱਜਦੀਆਂ ਕੀਤੀਆਂ ਜਾਣ ਤਾਂ ਜੋ ਉਹ ਸਕੂਲਾਂ ਦੀ ਗਿਣਤੀ ਅਨੁਸਾਰ ਬੰਡਲ ਬਣਾ ਕੇ ਰੱਖ ਸਕੇ ਅਤੇ ਅਗਲੇ ਦਿਨ ਸਵੇਰੇ ਹੋਣ ਵਾਲੀ ਅਫ਼ਰਾ-ਤਫ਼ਰੀ ਤੋਂ ਬਚਿਆ ਜਾ ਸਕੇ। ਆਗੂਆਂ ਨੇ ਇੰਨ੍ਹਾਂ ਪ੍ਰੀਖਿਆਵਾਂ ਵਿੱਚ ਨਿਗਰਾਨ ਡਿਊਟੀਆਂ ਇੰਟਰ ਸੈਂਟਰ ਨਾ ਲਾ ਕੇ ਸੈਂਟਰ ਦੇ ਅੰਦਰ-ਅੰਦਰ ਲਗਾਉਣ ਦੀ ਮੰਗ ਨੂੰ ਵੀ ਦੁਹਰਾਇਆ।