Big Update: ਪੰਜਾਬ ਦੇ ਅਧਿਆਪਕਾਂ ਨੂੰ ਹੁਣ ਚਾਈਲਡ ਕੇਅਰ ਅਤੇ ਵਿਦੇਸ਼ ਜਾਣ ਲਈ ਨਹੀਂ ਮਿਲੇਗੀ ਛੁੱਟੀ, ਸਿੱਖਿਆ ਵਿਭਾਗ ਨੇ ਜਾਰੀ ਕੀਤੀਆਂ ਹਦਾਇਤਾਂ, ਜਾਣੋ ਵਜ੍ਹਾ
ਚੰਡੀਗੜ੍ਹ :
ਸੂਬੇ ਵਿੱਚ ਬੋਰਡ ਇਮਤਿਹਾਨਾਂ ਕਾਰਨ ਅਧਿਆਪਕਾਂ ਨੂੰ ਚਾਈਲਡ ਕੇਅਰ ਲੀਵ ਅਤੇ ਵਿਦੇਸ਼ ਜਾਣ ਲਈ ਛੁੱਟੀ ਨਹੀਂ ਮਿਲੇਗੀ। ਇਸ ਸਬੰਧੀ ਸਿੱਖਿਆ ਵਿਭਾਗ ਵੱਲੋਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਗਰਮੀਆਂ ਅਤੇ ਸਰਦੀਆਂ ਦੀਆਂ ਛੁੱਟੀਆਂ ਦੌਰਾਨ ਵੀ ਅਧਿਆਪਕ ਵਿਭਾਗ ਦੀ ਮਨਜ਼ੂਰੀ ਤੋਂ ਬਿਨਾਂ ਵਿਦੇਸ਼ ਨਹੀਂ ਜਾ ਸਕਣਗੇ।
ਜਾਗਰਣ ਦੀ ਖ਼ਬਰ ਅਨੁਸਾਰ ਬੋਰਡ ਦੀਆਂ ਪ੍ਰੀਖਿਆਵਾਂ ਤੋਂ ਪਹਿਲਾਂ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਲਈ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਹਦਾਇਤਾਂ ਵਿੱਚ ਕਿਹਾ ਗਿਆ ਹੈ ਕਿ ਬੋਰਡ ਪ੍ਰੀਖਿਆਵਾਂ ਤੋਂ ਪਹਿਲਾਂ ਵਿਦਿਆਰਥੀਆਂ ਦੀਆਂ ਪ੍ਰੀ-ਬੋਰਡ ਪ੍ਰੀਖਿਆਵਾਂ ਹੋਣੀਆਂ ਹਨ। ਇਨ੍ਹਾਂ ਪ੍ਰੀਖਿਆਵਾਂ ਨੂੰ ਲੈ ਕੇ ਅਧਿਆਪਕ ਵਿਦਿਆਰਥੀਆਂ ਦੇ ਸਿਲੇਬਸ ਨੂੰ ਬਿਹਤਰ ਢੰਗ ਨਾਲ ਰਿਵੀਜ਼ਨ ਕਰਵਾਏ ਤਾਂ ਜੋ ਵਿਦਿਆਰਥੀ ਬੋਰਡ ਇਮਤਿਹਾਨਾਂ ਵਿੱਚ ਵਧੀਆ ਅੰਕ ਪ੍ਰਾਪਤ ਕਰ ਸਕਣ।
ਇਮਤਿਹਾਨਾਂ ਕਾਰਨ, ਛੁੱਟੀ ਸਿਰਫ਼ ਉਨ੍ਹਾਂ ਕਰਮਚਾਰੀਆਂ ਨੂੰ ਦਿੱਤੀ ਜਾਵੇਗੀ ਜਿਨ੍ਹਾਂ ਦੇ ਬੱਚੇ 3 ਸਾਲ ਤੋਂ ਘੱਟ ਹਨ ਜਾਂ ਜੋ ਕਿਸੇ ਗੰਭੀਰ ਬਿਮਾਰੀ ਤੋਂ ਪੀੜਤ ਹਨ। ਇਸ ਦੇ ਲਈ ਮੁਲਾਜ਼ਮਾਂ ਨੂੰ ਸਿਵਲ ਸਰਜਨ ਤੋਂ ਪੱਤਰ ਲੈਣਾ ਹੋਵੇਗਾ। ਇਸ ਤੋਂ ਬਾਅਦ ਹੀ ਛੁੱਟੀ ਦਿੱਤੀ ਜਾਵੇਗੀ।
ਵਿਦੇਸ਼ ਜਾਣ ਵਾਲੇ ਅਧਿਆਪਕਾਂ ਨੂੰ ਵਿਸ਼ੇਸ਼ ਹਾਲਤਾਂ ਵਿੱਚ ਹੀ ਛੁੱਟੀ ਦਿੱਤੀ ਜਾਵੇਗੀ, ਇਸ ਬਾਰੇ ਫੈਸਲਾ ਸਿੱਖਿਆ ਵਿਭਾਗ ਦੇ ਮੁੱਖ ਦਫ਼ਤਰ ਤੋਂ ਲਿਆ ਜਾਵੇਗਾ।ਧਿਆਨ ਰਹੇ ਕਿ ਆਉਣ ਵਾਲੇ ਫਰਵਰੀ ਮਹੀਨੇ ਵਿੱਚ ਬੋਰਡ ਦੀਆਂ ਕਲਾਸਾਂ ਦੀਆਂ ਪ੍ਰੀਖਿਆਵਾਂ ਸ਼ੁਰੂ ਹੋਣੀਆਂ ਹਨ। ਸਿੱਖਿਆ ਵਿਭਾਗ ਨੇ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਨਵੀਆਂ ਹਦਾਇਤਾਂ ਨੂੰ ਲਾਗੂ ਕਰਨ ਸਬੰਧੀ ਪੱਤਰ ਜਾਰੀ ਕਰ ਦਿੱਤਾ ਹੈ।
ਵਿਭਾਗ ਵੱਲੋਂ ਪਹਿਲਾਂ ਹੀ ਅਜਿਹੇ ਅਧਿਆਪਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ ਜੋ ਵਿਭਾਗ ਤੋਂ ਛੁੱਟੀ ਲੈ ਕੇ ਵਿਦੇਸ਼ ਚਲੇ ਗਏ ਪਰ ਵਾਪਸ ਨਹੀਂ ਆਏ। ਨਾ ਤਾਂ ਅਧਿਆਪਕ ਅਸਤੀਫਾ ਦੇ ਰਹੇ ਹਨ ਅਤੇ ਨਾ ਹੀ ਨੌਕਰੀ ਜੁਆਇਨ ਕਰ ਰਹੇ ਹਨ। ਇਸ ਕਾਰਨ ਵਿਭਾਗ ਨੂੰ ਅਸਾਮੀਆਂ ਭਰਨ ਵਿੱਚ ਵੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ।