ਖਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੋਲਾ ਮਹੱਲਾ
- ਡਾ. ਅਮਰੀਕ ਸਿੰਘ ਸ਼ੇਰ ਖਾਂ
ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਨੇ ਖਾਲਸੇ ਦਾ ਨਿਆਰਾਪਣ ਕਾਇਮ ਰੱਖਣ ਲਈ ਅਨੇਕਾਂ ਨਵੀਨ ਪੈੜਾਂ ਪਾਈਆਂ। ਪੁਰਾਤਨ ਰਵਾਇਤ ‘ਚਰਨ ਪਾਹੁਲ’ ਦੀ ਥਾਂ ਤੇ ‘ਖੰਡੇ ਬਾਟੇ ਦਾ ਅੰਮ੍ਰਿਤ’ ਛਕਾਉਣ ਦੀ ਨਵੀਂ ਰਵਾਇਤ ਪ੍ਰਚੱਲਿਤ ਕੀਤੀ। ਇਸ ਤੋਂ ਇਲਾਵਾ ਹੋਲੀ ਤੋਂ ਅਗਲੇ ਦਿਨ ‘ਹੋਲਾ-ਮਹੱਲਾ’ ਮਨਾਉਣ ਦੀ ਵੀ ਇੱਕ ਸੱਜਰੀ ਤੇ ਨਰੋਈ ਰਵਾਇਤ ਚਲਾਈ, ਜਿਸ ਨਾਲ ਗੁਰੂ ਕੇ ਸਿੰਘ ਦੁਨਿਆਵੀ ਰਸਾਂ-ਕਸਾਂ ਤੇ ਰੰਗਾਂ ਤੋਂ ਪਾਰ ਇੱਕ ਜੁਝਾਰੂ ਸੱਚ ਨੂੰ ਪ੍ਰਣਾਏ ਜਾਣ ਵਿਚ ਮਾਣ ਮਹਿਸੂਸ ਕਰਨ ਲੱਗੇ। ਇਸ ਨਵੀਂ ਪਰਿਪਾਟੀ ਨੇ ਬਾਦ ਵਿੱਚ ਗੁਰੂ ਕੇ ਖਾਲਸੇ ਨੂੰ ਵਿਸ਼ਵ ਦੇ ਜੇਤੂ ਜਰਨੈਲਾਂ ਦੀ ਸ਼੍ਰੇਣੀ ਵਿਚ ਸ਼ੁਮਾਰ ਕਰਨ ਲਈ ਬੜਾ ਮਹੱਤਵਪੂਰਨ ਰੋਲ ਨਿਭਾਇਆ।
ਪ੍ਰਸਿੱਧ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਨੇ ‘ਹੋਲੇ’ ਦੇ ਅਰਥ ‘ਹੱਲਾ ਕਰਨਾ’ ਜਾਂ ‘ਹਮਲਾ ਕਰਨਾ’ ਕੀਤੇ ਹਨ। ਕੁਝ ਵਿਦਵਾਨਾਂ ਨੇ ‘ਹੋਲੇ’ ਸ਼ਬਦ ਦੀ ਉਤਪਤੀ ਅਰਬੀ ਭਾਸ਼ਾ ਦੇ ਸ਼ਬਦ ‘ਹੂਲ’ ਤੋਂ ਦਰਸਾਈ ਹੈ ਜਿਸਦਾ ਅਰਥ ਹੈ: ਮੈਦਾਨ-ਏ-ਜੰਗ ਵਿਚ ਜੂਝਣਾ ਜਾਂ ਤਲਵਾਰ ਦੀ ਧਾਰ ਤੇ ਨੱਚਣਾ। ਡਾ. ਵਣਜਾਰਾ ਬੇਦੀ ਨੇ ‘ਮਹੱਲੇ’ ਦਾ ਸੰਬੰਧ ਵੀ ਅਰਬੀ ਭਾਸ਼ਾ ਨਾਲ ਜੋੜਿਆ ਹੈ ਜਿਸਦਾ ਅਰਥ ਫਤਹਿ ਵਾਲੀ ਜਗ੍ਹਾ ਤੇ ਟਿਕਾਣਾ ਕਰਨਾ ਦੱਸਿਆ ਹੈ। ਪ੍ਰਸਿੱਧ ਵਿਦਵਾਨ ਡਾ. ਸੁਰਜੀਤ ਸਿੰਘ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੁਆਰਾ ਇਸ ਰਵਾਇਤ ਦੀ ਸ਼ੁਰੂਆਤ 1680 ਈ. ਦੇ ਆਸ-ਪਾਸ ਦੱਸੀ ਹੈ। ਇਸ ਵਕਤ ਗੁਰੂ ਸਾਹਿਬ ਦੀ ਉਮਰ ਸਿਰਫ ਚੌਦਾਂ ਕੁ ਸਾਲ ਦੀ ਸੀ।
ਖਾਲਸੇ ਦੀ ਸਾਜਨਾ ਤੋਂ ਪਹਿਲਾਂ ਹੀ ਗੁਰੂ ਸਾਹਿਬ ਨੇ ਸਿੱਖਾਂ ਵਿਚ ਜੰਗਜੂ ਬਿਰਤੀ ਦਾ ਉਭਾਰ ਕਰਨ ਲਈ ਮਸਨੂਈ ਟੋਲੀਆਂ ਬਣਾ ਕੇ ਹੋਲੇ-ਮਹੱਲੇ’ ਦਾ ਆਯੋਜਨ ਕਰਨਾ ਸ਼ੁਰੂ ਕਰ ਦਿੱਤਾ। ਦੋਵੇਂ ਟੋਲੀਆਂ ਦੂਰ-ਦੂਰ ਆਪੋ-ਆਪਣੀਆ ਪੁਜੀਸ਼ਨਾਂ ਲੈ ਕੇ ਖੜ੍ਹ ਜਾਂਦੀਆਂ। ਜਿਹੜੀ ਟੋਲੀ ਦੂਜੀ ਦੇ ਇਲਾਕੇ ‘ਤੇ ਫਤਹਿ ਪਾਉਣ ਵਿਚ ਕਾਮਯਾਬ ਹੋ ਜਾਂਦੀ, ਉਸ ਦੇ ਸਥਾਨ ਤੋਂ ਮਹੱਲਾ’ ਕੱਢਿਆ ਜਾਂਦਾ । ਭਾਈ ਨੰਦ ਲਾਲ ਗੋਆ ਰਚਿਤ ਤੇਤਵੀਂ ਗਜ਼ਲ ਮੁਤਾਬਕ: “ਜੇਤੂ ਟੋਲੀ ਸਾਥੀਆਂ ਉੱਪਰ ਗੁਲਾਲ, ਕੇਵੜੇ ਤੇ ਗੁਲਾਲ ਦੀ ਬਾਰਿਸ਼ ਕਰਦੀ।”
ਸਨਾਤਨੀ ਸ਼ਾਸਤਰਾਂ ਮੁਤਾਬਕ ‘ਹੋਲੀ’ ਦਾ ਸੰਬੰਧ ‘ਹੋਲਿਕਾ’ ਨਾਲ ਜੋੜਿਆ ਗਿਆ ਹੈ ਜੋ ਇੱਕ ਹੰਕਾਰੀ ਰਾਜੇ ਹਰਨਾਖਸ਼ ਦੀ ਭੈਣ ਸੀ। ਹਰਨਾਖਸ਼ ਦੇ ਘਰ ਇੱਕ ਪਰਤਾਪੀ ਪੁੱਤਰ ਪ੍ਰਹਿਲਾਦ ਨੇ ਜਨਮ ਲਿਆ। ਹਰਨਾਖਸ਼ ਨੇ ਆਪਣੇ ਆਪ ਨੂੰ ਸਰਵ-ਸ਼ਕਤੀਸ਼ਾਲੀ ਹਸਤੀ ਵਜੋਂ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸਦੇ ਆਪਣੇ ਹੀ ਪੁੱਤਰ ਨੇ ਉਸ ਦੀ ਇਸ ਝੂਠੀ ਹੈਸੀਅਤ ਨੂੰ ਨਕਾਰ ਕੇ ਪ੍ਰਭੂ-ਪਰਮਾਤਮਾ ਨੂੰ ਸਰਵ-ਸ੍ਰੇਸ਼ਠ ਸ਼ਕਤੀ ਵਜੋਂ ਜਪਣਾ ਸ਼ੁਰੂ ਕਰ ਦਿੱਤਾ।
ਹੰਕਾਰੀ ਹਰਨਾਖਸ਼ ਇਹ ਸਭ ਕੁਝ ਬਰਦਾਸ਼ਤ ਨਾ ਕਰ ਸਕਿਆ ਤੇ ਆਪਣੀ ਭੈਣ ਹੋਲਿਕਾ ਨੂੰ ਕਿਹਾ ਕਿ ਉਹ ਇਕ ਹਵਨ-ਕੁੰਡ ਵਿਚ ਬੈਠ ਕੇ ਬਾਲਕ ਪ੍ਰਹਿਲਾਦ ਨੂੰ ਗੋਦੀ ਵਿਚ ਬਿਠਾ ਕੇ ਭਸਮ ਕਰ ਦੇਵੇ। ਦੰਤ-ਕਥਾਵਾਂ ਮੁਤਾਬਕ ਦੈਵੀ ਸ਼ਕਤੀਆਂ ਹੋਣ ਕਰਕੇ ਹੋਲਿਕਾ’ ਉੱਪਰ ਅਗਨੀ ਦਾ ਕੋਈ ਅਸਰ ਨਹੀਂ ਸੀ ਹੁੰਦਾ। ਇਸ ਵਾਰ ਅਗਨ-ਕੁੰਡ ਵਿਚ ਬੈਠੀ ਹੋਲਿਕਾ ਸੜ ਕੇ ਸਵਾਹ ਹੋ ਗਈ ਪਰ ਪ੍ਰਹਿਲਾਦ ‘ਤੇ ਕੋਈ ਅਸਰ ਨਾ ਹੋਇਆ। ਪ੍ਰਹਿਲਾਦ ਦੇ ਜ਼ਿੰਦਾ ਬਚ ਜਾਣ ‘ਤੇ ਲੋਕਾਂ ਨੇ ਬੜੀ ਖੁਸ਼ੀ ਮਨਾਈ ਅਤੇ ਇਸ ਦਿਨ ਨੂੰ ਬਦੀ ‘ਤੇ ਨੇਕੀ ਦੀ ਜਿੱਤ ਵਜੋਂ ਮਨਾਇਆ ਜਾਣ ਲੱਗਾ।
ਸਮਾਂ ਪਾ ਕੇ ‘ਹੋਲੀ’ ਦਾ ਤਿਉਹਾਰ ਮੌਜ-ਮਸਤੀ ਤੱਕ ਸੀਮਤ ਹੋ ਕੇ ਰਹਿ ਗਿਆ। ਗੁਰੂ ਸਾਹਿਬ ਨੇ ਇਸ ਤਿਉਹਾਰ ਦੇ ਅਗਲੇ ਦਿਨ ‘ਹੋਲੇ ਮਹੱਲੇ’ ਵਜੋਂ ਇਸ ਤਿਉਹਾਰ ਨੂੰ ਇੱਕ ਉਤਸ਼ਾਹੀ ਤੇ ਆਦਰਸ਼ਕ ‘ਜੋੜ-ਮੇਲੇ’ ਵਜੋਂ ਸਾਹਮਣੇ ਲਿਆਂਦਾ, ਜਿਸ ਵਿਚ ਸਿੱਖ ਜੰਗਜੂ ਕਰਤਬਾਂ ਦੀ ਰੱਜਵੀਂ ਨੁਮਾਇਸ਼ ਹੋਣ ਲੱਗੀ। ਸੰਗਤਾਂ ਦੂਰ-ਦੂਰ ਤੋਂ ਇਸ ਹੋਲੇ-ਮਹੱਲੇ ਦਾ ਜੰਗਜੂ ਰੂਪ ਵੇਖਣ ਲਈ ਹੁੰਮ-ਹੁਮਾ ਕੇ ਪਹੁੰਚਣ ਲੱਗੀਆਂ। ਜੰਗੀ ਕਰਤਬ ਵੇਖ ਕੇ ਨੌਜਵਾਨਾਂ ਦੇ ਡੌਲੇ ਫੜਕਣ ਲੱਗਦੇ। ‘ਮਹੱਲੇ’ ਦੀ ਇਸੇ ਜੰਗਜੂ ਪ੍ਰਥਾ ਨੇ ਗੁਰੂ ਕੇ ‘ਇਕੱਲੇ-ਇਕੱਲੇ ਸਿੰਘ ਨੂੰ ‘ਸਵਾ-ਸਵਾ ਲੱਖ’ ਨਾਲ ਲੜਨ ਦਾ ਅਗੰਮੀ ਹੌਂਸਲਾ ਬਖਸ਼ਿਆ। ਗੁਰੂ ਸਾਹਿਬ ਦੇ ਦਰਬਾਰੀ ਕਵੀ ਸੁਮੇਰ ਨੇ ਇਸ ਰਵਾਇਤ ਦੀ ਸ਼ੁਰੂਆਤ ਗੁਰੂ ਸਾਹਿਬ ਦੇ ਮੁਖਾਰਬਿੰਦ ਰਾਹੀਂ ਬੜੀ ਚੜ੍ਹਦੀ ਕਲਾ ਨਾਲ ਦਰਸਾਈ ਹੈ। ਜਿਵੇਂ:
ਔਰਨ ਕੀ ਹੋਲੀ ਮਮ ਹੋਲਾ॥ ਕਹਯੋ ਕ੍ਰਿਪਾਨਿਧ ਬਚਨ ਅਮੋਲਾ॥
ਆਓ! ਇਸ ਸ਼ਾਨਾਮੱਤੇ ‘ਮਹੱਲੇ’ ਦੀ ਗੁਰੂ-ਬਖਸ਼ੀ ਤਾਸੀਰ ਨੂੰ ਸਦਾ ਜ਼ਿੰਦਾ ਰੱਖੀਏ ਤੇ ਆਪਣੇ ‘ਸਿੱਖ ਮਾਰਸ਼ਲ ਆਰਟ’ ਨੂੰ ਸਦੀਵ ਉਤਸ਼ਾਹਿਤ ਕਰਦੇ ਰਹੀਏ।
ਡਾ. ਅਮਰੀਕ ਸਿੰਘ ਸ਼ੇਰ ਖਾਂ
ਪਿੰਡ ਤੇ ਡਾ: ਸ਼ੇਰ ਖਾਂ (ਫਿਰੋਜ਼ਪੁਰ)
ਮੋਬਾ: 98157-58466