ਭਗਵੰਤ ਮਾਨ ਦੇ ਸ਼ਹਿਰ ਤੋਂ ਵੱਡੀ ਖ਼ਬਰ! ਸਰਕਾਰੀ ਹਸਪਤਾਲ ‘ਚ ਗੁਲੂਕੋਜ਼ ਲਾਉਣ ਮਗਰੋਂ 15 ਗਰਭਵਤੀ ਔਰਤਾਂ ਦੀ ਹਾਲਤ ਵਿਗੜੀ
ਪੰਜਾਬ ਨੈੱਟਵਰਕ, ਸੰਗਰੂਰ-
ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਸੰਗਰੂਰ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ, ਸਰਕਾਰੀ ਹਸਪਤਾਲ ਸੰਗਰੂਰ ਵਿੱਚ ਗੁਲੂਕੋਜ਼ ਲਾਉਣ ਮਗਰੋਂ ਗਾਇਨੀ ਵਾਰਡ ਦੀਆਂ ਤਕਰੀਬਨ 15 ਔਰਤਾਂ ਦੀ ਸਿਹਤ ਵਿਗੜਣ ਦੀ ਖ਼ਬਰ ਮਿਲੀ ਹੈ।
ਦੱਸ ਦਈਏ ਕਿ ਇਸੇ ਤਰ੍ਹਾਂ ਦੇ ਮਾਮਲੇ ਅੰਮ੍ਰਿਤਸਰ ਤੋਂ ਵੀ ਸਾਹਮਣੇ ਆ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ, ਗੁਲੂਕੋਜ਼ ਲਗਾਉਣ ਤੋਂ ਬਾਅਦ ਔਰਤਾਂ ਦੀ ਹਾਲਤ ਅਚਾਨਕ ਵਿਗੜ ਰਹੀ ਹੈ, ਜਿਸ ਕਾਰਨ ਲੋਕਾਂ ਵਿੱਚ ਗੁੱਸਾ ਹੈ।
ਸੰਗਰੂਰ ਦੇ ਸੀਨੀਅਰ ਮੈਡੀਕਲ ਅਫਸਰ (ਐਸਐਮਓ) ਡਾਕਟਰ ਬਲਜੀਤ ਨੇ ਦੱਸਿਆ ਕਿ ਇਹਨਾਂ 15 ਔਰਤਾਂ ਦੀ ਹਾਲਤ ਨਾਜ਼ੁਕ ਹੈ, ਪਰ ਉਨ੍ਹਾਂ ਦੀ ਸਾਰੀ ਟੀਮ ਵੱਲੋਂ ਸਿਹਤ ਸੇਵਾਵਾਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਫਿਲਹਾਲ ਇੱਕ-ਦੋ ਔਰਤਾਂ ਨੂੰ ਛੱਡ ਕੇ ਬਾਕੀ ਸਾਰੀਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।
ਉਹਨਾਂ ਨੇ ਦੱਸਿਆ ਕਿ ਸਾਰੀਆਂ ਪ੍ਰਭਾਵਿਤ ਔਰਤਾਂ ਨੂੰ ਤੁਰੰਤ ਆਕਸੀਜਨ ਦੇ ਸਹਾਰੇ ਰੱਖਿਆ ਗਿਆ ਹੈ, ਅਤੇ ਉਹਨਾਂ ਦੀ ਸਿਹਤ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਡਾਕਟਰਾਂ ਦੀ ਟੀਮ ਵੱਲੋਂ ਇਸ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਘਟਨਾ ਨੇ ਸਥਾਨਕ ਲੋਕਾਂ ਵਿੱਚ ਭਾਰੀ ਰੋਸ ਪੈਦਾ ਕਰ ਦਿੱਤਾ ਹੈ, ਜੋ ਹਸਪਤਾਲ ਪ੍ਰਸ਼ਾਸਨ ਦੀ ਲਾਪਰਵਾਹੀ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਇਹਨਾਂ ਔਰਤਾਂ ਦੀ ਜਾਨ ਨੂੰ ਖਤਰੇ ਵਿੱਚ ਪਾਉਣ ਵਾਲੀ ਇਹ ਘਟਨਾ ਸਿਹਤ ਸੇਵਾਵਾਂ ਵਿੱਚ ਗੰਭੀਰ ਕਮੀਆਂ ਨੂੰ ਦਰਸਾਉਂਦੀ ਹੈ।
ਸੰਗਰੂਰ ਅਤੇ ਅੰਮ੍ਰਿਤਸਰ ਵਿੱਚ ਰਹਿਣ ਵਾਲੇ ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਅਤੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।