ਪੰਜਾਬ ‘ਚ ਅੱਜ ਫਿਰ ਪਵੇਗਾ ਭਾਰੀ ਮੀਂਹ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ
ਪੰਜਾਬ ਨੈੱਟਵਰਕ, ਚੰਡੀਗੜ੍ਹ
ਪੰਜਾਬ, ਹਰਿਆਣਾ, ਚੰਡੀਗੜ੍ਹ ਤੋਂ ਇਲਾਵਾ ਉੱਤਰ ਭਾਰਤ ਵਿੱਚ ਅੱਜ ਫਿਰ ਭਾਰੀ ਮੀਂਹ ਪਵੇਗਾ। ਇਸ ਦੇ ਨਾਲ ਹੀ ਠੰਡੀਆਂ ਹਵਾਵਾਂ ਵੀ ਚੱਲਣਗੀਆਂ, ਕੁਝ ਥਾਵਾਂ ‘ਤੇ ਗੜੇਮਾਰੀ ਨੂੰ ਲੈ ਕੇ ਵੀ ਚੇਤਾਵਨੀ ਦਿੱਤੀ ਗਈ ਹੈ। ਮੌਸਮ ਵਿਭਾਗ ਦੇ ਵੱਲੋਂ ਇਸ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਦਸਣਾ ਬਣਦਾ ਹੈ ਕਿ, ਲੰਘੀ ਸ਼ਾਮ ਤੋਂ ਹੀ ਪੰਜਾਬ ਸਮੇਤ ਉਤਰ ਭਾਰਤ ਵਿੱਚ ਮੀਂਹ ਪੈ ਰਿਹਾ ਹੈ। ਇੰਝ ਲੱਗ ਰਿਹਾ ਹੈ ਕਿ, ਜਿਵੇਂ ਫਿਰ ਤੋਂ ਠੰਡ ਵਾਪਸ ਆ ਗਈ ਹੋਵੇ। ਲਗਾਤਾਰ ਚੱਲ ਰਹੀਆਂ ਠੰਡੀਆਂ ਹਵਾਵਾਂ ਦੇ ਕਾਰਨ ਲੋਕਾਂ ਨੇ ਮੋਟੇ ਕਪੜੇ ਪਾਉਣੇ ਸ਼ੁਰੂ ਕਰ ਦਿੱਤੇ ਹਨ।
ਮੌਸਮ ਵਿਭਾਗ ਅਨੁਸਾਰ, ਕੱਲ੍ਹ ਤੋਂ ਹੀ 40 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਰਹੀਆਂ ਹਨ ਅਤੇ ਅਸਮਾਨੀ ਬਿਜਲੀ ਚਮਕ ਰਹੀ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਇਸ ਬਾਰੇ ਪਹਿਲਾਂ ਹੀ ਅਲਰਟ ਜਾਰੀ ਕਰ ਦਿੱਤਾ ਸੀ।
IMD ਮੁਤਾਬਕ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ, ਦਿੱਲੀ ਤੋਂ ਇਲਾਵਾ ਉਤਰ ਦੱਖਣ ਭਾਰਤ ਦੇ ਜ਼ਿਆਦਾਤਰ ਹਿੱਸਿਆਂ ‘ਚ ਗਰਜ, ਬਿਜਲੀ ਅਤੇ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਪੈ ਰਿਹਾ ਹੈ।
ਲੋਕਾਂ ਨੇ ਦਿਨ ਭਰ ਉਤਸ਼ਾਹ ਨਾਲ ਹੋਲੀ ਖੇਡੀ ਅਤੇ ਸ਼ਾਮ ਨੂੰ ਮੀਂਹ ਨੇ ਉਨ੍ਹਾਂ ਨੂੰ ਭਿਉਂ ਦਿੱਤਾ। ਪੰਜਾਬ , ਹਰਿਆਣਾ ਦੇ ਤਕਰੀਬਨ ਸਾਰੇ ਇਲਾਕਿਆਂ ਵਿੱਚ ਤੇਜ਼ ਹਵਾਵਾਂ ਦੇ ਨਾਲ ਮੀਂਹ ਬੀਤੇ ਕੱਲ੍ਹ ਤੋਂ ਹੀ ਪੈ ਰਿਹਾ ਹੈ ਅਤੇ ਅੱਜ ਵੀ ਪੈਂਦਾ ਰਹੇਗਾ।