ਵੱਡੀ ਖ਼ਬਰ: ਸਰਕਾਰੀ ਮੁਲਾਜ਼ਮਾਂ ਨੇ 7 ਕਰੋੜ ਰੁਪਏ ਦਾ ਕੀਤਾ ਘੁਟਾਲਾ, FIR ਦਰਜ
ਜ਼ਿਲ੍ਹਾ ਪ੍ਰਸ਼ਾਸਨ ਨੇ ਦੋਸ਼ੀਆਂ ਖ਼ਿਲਾਫ਼ ਐਫ.ਆਈ.ਆਰ. ਦਰਜ ਕਰਵਾਈ
ਮੀਡੀਆ ਪੀਬੀਐਨ/ ਏਜੰਸੀ, ਜਬਲਪੁਰ-
ਮੱਧ ਪ੍ਰਦੇਸ਼ ਵਿੱਚ ਪੰਜ ਸਰਕਾਰੀ ਕਰਮਚਾਰੀਆਂ ਖ਼ਿਲਾਫ਼ ਸੇਵਾਮੁਕਤੀ ਤੋਂ ਬਾਅਦ ਲਾਭ ਸਕੀਮਾਂ ਤਹਿਤ ਫਰਜ਼ੀ ਦਾਅਵੇ ਪੇਸ਼ ਕਰਕੇ ਕਰੀਬ 7 ਕਰੋੜ ਰੁਪਏ ਗਬਨ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਕ ਸੀਨੀਅਰ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਜਬਲਪੁਰ ਦੇ ਜ਼ਿਲ੍ਹਾ ਕੁਲੈਕਟਰ ਦੀਪਕ ਕੁਮਾਰ ਸਕਸੈਨਾ ਨੇ ਦੱਸਿਆ ਕਿ ਰਾਜ ਦੇ ਵਿੱਤ ਵਿਭਾਗ ਦੇ ਸਥਾਨਕ ਫੰਡ ਆਡਿਟ ਦਫ਼ਤਰ ਦੇ ਪੰਜ ਕਰਮਚਾਰੀਆਂ ਨੇ ਰਿਟਾਇਰਮੈਂਟ ਤੋਂ ਬਾਅਦ ਆਨਲਾਈਨ ਫਰਜ਼ੀ ਕਲੇਮ ਜਮ੍ਹਾਂ ਕਰਵਾ ਕੇ ਅਤੇ ਖੁਦ ਉਨ੍ਹਾਂ ਨੂੰ ਮਨਜ਼ੂਰੀ ਦੇ ਕੇ 6,99,20,000 ਰੁਪਏ ਦਾ ਗਬਨ ਕੀਤਾ।
ਕੁਲੈਕਟਰ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਸੰਦੀਪ ਸ਼ਰਮਾ, ਸੀਮਾ ਅਮਿਤ ਤਿਵਾੜੀ, ਮਨੋਜ ਬਰਹੀਆ, ਪ੍ਰਿਆ ਅਤੇ ਅਨੂਪ ਕੁਮਾਰ ਭੌਰੀਆ ਨੂੰ ਸਰਕਾਰੀ ਖਜ਼ਾਨੇ ‘ਚੋਂ ਪੈਸੇ ਕਢਵਾਉਣ ਲਈ ਆਪਣੇ ਅਹੁਦੇ ਦੀ ਦੁਰਵਰਤੋਂ ਕਰਨ ਦਾ ਦੋਸ਼ੀ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਕੁਝ ਕੇਸਾਂ ਵਿੱਚ ਮੁਲਜ਼ਮਾਂ ਨੇ ਪੈਸੇ ਹੜੱਪਣ ਲਈ ਆਪਣੇ ਰਿਸ਼ਤੇਦਾਰਾਂ ਦੇ ਨਾਂ ’ਤੇ ਜਾਅਲੀ ਦਾਅਵੇ ਕੀਤੇ। ਹੁਣ ਜ਼ਿਲ੍ਹਾ ਪ੍ਰਸ਼ਾਸਨ ਨੇ ਦੋਸ਼ੀਆਂ ਖ਼ਿਲਾਫ਼ ਐਫ.ਆਈ.ਆਰ. ਦਰਜ ਕਰਵਾਈ ਹੈ।
ਸਕਸੈਨਾ ਨੇ ਕਿਹਾ ਕਿ ਫਰਜ਼ੀ ਨਾਵਾਂ ‘ਤੇ ਫਰਜ਼ੀ ਬਿੱਲਾਂ ਦਾ ਭੁਗਤਾਨ 1 ਅਪ੍ਰੈਲ 2021 ਤੋਂ ਇਸ ਸਾਲ 3 ਮਾਰਚ ਤੱਕ ਡਿਜੀਟਲ ਦਸਤਖਤ ਰਾਹੀਂ ਆਨਲਾਈਨ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਅਦਾਇਗੀ ਸਬੰਧੀ ਦਸਤਾਵੇਜ਼ਾਂ ਵਿੱਚ ਗੜਬੜੀ ਪਾਏ ਜਾਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਮਾਮਲੇ ਦੀ ਜਾਂਚ ਲਈ 8 ਮੈਂਬਰੀ ਕਮੇਟੀ ਬਣਾਈ ਸੀ।
ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਅਧਿਕਾਰੀਆਂ ਦੇ ਖਿਲਾਫ ਦੋ ਦਿਨ ਪਹਿਲਾਂ ਓਮਤੀ ਪੁਲਿਸ ਸਟੇਸ਼ਨ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਓਮਾਤੀ ਪੁਲਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।