ਹੜ੍ਹਾਂ ਕਾਰਨ ਤਬਾਹੀ! ਸਰਹੱਦੀ ਪਿੰਡਾਂ ‘ਚ ਵੜਿਆ ਦਰਿਆ ਦਾ ਪਾਣੀ
ਰਾਵੀ ਦੇ ਵਧਦੇ ਪਾਣੀ ਨੇ ਵਧਾਈ ਚਿੰਤਾ, ਨੇੜਲੇ ਦੋ ਪਿੰਡਾਂ ਵਿੱਚ ਵੜਿਆ ਦਰਿਆ ਦਾ ਪਾਣੀ
ਰੋਹਿਤ ਗੁਪਤਾ, ਗੁਰਦਾਸਪੁਰ
ਪਹਾੜੀ ਇਲਾਕਿਆਂ ਵਿੱਚ ਹੋ ਰਹੀ ਲਗਾਤਾਰ ਬਰਸਾਤ ਕਾਰਨ ਜਿੱਥੇ ਪੰਜਾਬ ਦੇ ਕੁੱਝ ਇਲਾਕਿਆਂ ਵਿੱਚ ਪਾਣੀ ਦਾ ਪੱਧਰ ਵੱਧ ਰਿਹਾ ਹੈ ਉੱਥੇ ਹੀ ਅੱਜ ਸਵੇਰੇ ਰਾਵੀ ਦਰਿਆ ਵਿਚ 2 ਲੱਖ ਕਿਊਸਿਕ ਪਾਣੀ ਛੱਡੇ ਜਾਣ ਕਾਰਨ ਦਰਿਆ ਵਿੱਚ ਪਾਣੀ ਦਾ ਪੱਧਰ ਕਾਫ਼ੀ ਵੱਧ ਗਿਆ ਹੈ।
ਜਿਸ ਕਾਰਨ ਰਾਵੀ ਦਰਿਆ ਤੋ ਪਾਣੀ ਬਾਹਰਲੇ ਪਾਸੇ ਆਉਣਾ ਸ਼ੁਰੂ ਹੋਣ ਕਾਰਨ ਨੇੜਲੇ ਪਿੰਡ ਚੱਕ ਸਹਾਏ ਅਤੇ ਰਾਮਪੁਰ ਘਰਾਂ ਨੇੜੇ ਪਾਣੀ ਪਹੁੰਚਣ ਕਾਰਨ ਕੁੱਝ ਘਰਾਂ ਦੇ ਬਾਹਰਲੇ ਪਾਸਿਆਂ ਦੇ ਨਾਲ ਪਾਣੀ ਲੱਗ ਗਿਆ ਹੈ।
ਇਸੇ ਤਰਾਂ ਹੀ ਕਿਸ਼ਤੀ ਚਲਾਉਣ ਵਾਲੇ ਮਲਾਹਾਂ ਵੱਲੋਂ ਆਪਣੇ ਰੈਣ ਬਸੇਰੇ ਲਈ ਬਣਾਈ ਝੁੱਗੀ ਵਿੱਚ ਵੀ ਪੂਰਾ ਪਾਣੀ ਵੜ ਗਿਆ ਹੈ ਅਤੇ ਰਾਵੀ ਦਰਿਆ ਤੋਂ ਪਾਰਲੇ ਪਾਸੇ ਵਸੇ ਕੁੱਝ ਲੋਕਾਂ ਨਾਲ ਫ਼ੋਨ ਰਾਹੀਂ ਕੀਤੀ ਗੱਲਬਾਤ ਦੌਰਾਨ ਕੁੱਝ ਘਰਾਂ ਅੰਦਰ ਪਾਣੀ ਵੜਨ ਦੀ ਗੱਲ ਸਾਹਮਣੇ ਆਈ ਹੈ।
ਇਲਾਕਾ ਵਾਸੀਆਂ ਦੇ ਘਰਾਂ ਦੇ ਆਲ਼ੇ ਦੁਆਲੇ ਪਾਣੀ ਹੋਣ ਕਾਰਨ ਲੋਕ ਕਾਫ਼ੀ ਪਰੇਸ਼ਾਨ ਹੋ ਰਹੇ ਹਨ ਉੱਧਰ ਪਾਣੀ ਦਰਿਆ ਨੇੜੇ ਵਾਲੀਆਂ ਫ਼ਸਲਾਂ ਨੂੰ ਵੀ ਕਾਫ਼ੀ ਪ੍ਰਭਾਵਿਤ ਕਰ ਰਿਹਾ ਹੈ।
ਉੱਧਰ ਜ਼ਿਲ੍ਹਾ ਅਧਿਕਾਰੀਆਂ ਨਾਲ ਫ਼ੋਨ ਤੇ ਗੱਲਬਾਤ ਕਰਨ ਤੇ ਉਨ੍ਹਾਂ ਦੱਸਿਆ ਕਿ ਸਵੇਰੇ ਦਰਿਆ ਵਿੱਚ ਪਾਣੀ ਛੱਡਿਆ ਗਿਆ ਸੀ ਪਰ ਹੁਣ ਪਾਣੀ ਹੌਲੀ ਹੌਲੀ ਘੱਟ ਰਿਹਾ ਹੈ। ਪਲ ਪਲ ਤੇ ਨਜ਼ਰ ਰੱਖੀ ਜਾ ਰਹੀ ਹੈ, ਜੇਕਰ ਹੜ੍ਹ ਵਰਗੀ ਸਥਿਤੀ ਬਣਦੀ ਹੈ ਤਾਂ ਪ੍ਰਸ਼ਾਸਨ ਪੂਰੀ ਤਰਾਂ ਨਜਿੱਠਣ ਲਈ ਤਿਆਰ ਬਰ ਤਿਆਰ ਬੈਠਾ ਹੈ।

