ਪੰਜਾਬ ‘ਚ ਵੱਧ ਸਕਦੀਆਂ ਨੇ ਵਿਧਾਨ ਸਭਾ ਸੀਟਾਂ? CM ਮਾਨ ਨੇ ਦਿੱਤਾ ਵੱਡਾ ਬਿਆਨ
ਪੰਜਾਬ ਨੈੱਟਵਰਕ, ਚੰਡੀਗੜ੍ਹ –
ਪੰਜਾਬ ਦੇ ਅੰਦਰ ਵੀ ਵਿਧਾਨ ਸਭਾ ਦੀਆਂ ਸੀਟਾਂ ਵਧਣ ਦੀਆਂ ਚਰਚਾਵਾਂ ਜ਼ੋਰਾਂ ਤੇ ਚੱਲ ਰਹੀਆਂ ਹਨ। ਇਸੇ ‘ਤੇ ਅੱਜ CM ਭਗਵੰਤ ਮਾਨ ਨੇ ਵੀ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ, ਪੰਜਾਬ ਵਿੱਚ ਇੱਕ ਜਾਂ ਦੋ ਸੀਟਾਂ ਵਧਣਗੀਆਂ, ਪਰ ਇਹ ਉਸ ਅਨੁਪਾਤ ਵਿੱਚ ਨਹੀਂ ਹੋਵੇਗਾ ਜਿੰਨਾ ਇਹ ਦੂਜੇ ਰਾਜਾਂ ਵਿੱਚ ਵਧੇਗਾ।
ਮਾਨ ਨੇ ਕਿਹਾ ਕਿ ਤਾਮਿਲਨਾਡੂ ਦੇ ਮੁੱਖ ਮੰਤਰੀ ਐਮਕੇ ਸਟਾਲਿਨ ਨਾਲ ਫ਼ੋਨ ‘ਤੇ ਗੱਲ ਕੀਤੀ ਹੈ ਉਹ ਆਪਣੇ ਦੋ ਮੰਤਰੀਆਂ ਨੂੰ ਇੱਥੇ ਭੇਜ ਰਹੇ ਹਨ।
ਭਗਵੰਤ ਮਾਨ ਨੇ ਕਿਹਾ ਕਿ ਮੋਦੀ ਸਰਕਾਰ ਬੜੀਆਂ ਸਾਜਿਸ਼ਾਂ ਰਚ ਰਹੀਆਂ ਹੈ ਅਤੇ ਟੇਢੇ ਢੰਗ ਦੇ ਨਾਲ ਸੂਬਿਆਂ ਦੀਆਂ ਸੀਟਾਂ ਵਧਾ ਘਟਾ ਰਹੀ ਹੈ। ਮਾਨ ਨੇ ਕਿਹਾ ਕਿ ਜਿੱਥੇ ਭਾਜਪਾ ਜਿੱਤ ਨਹੀਂ ਪਾਉਂਦੀ, ਉੱਥੇ ਐਹੋ ਜਿਹੇ ਹੱਥਕੰਡੇ ਅਪਣਾਏ ਜਾਂਦੇ ਨੇ।
ਸੀਐੱਮ ਮਾਨ ਨੇ ਕਿਹਾ ਕਿ ਇਕ ਪਾਸੇ ਤਾਂ ਕੇਂਦਰ ਸਰਕਾਰ ਛੋਟੇ ਪਰਿਵਾਰਾਂ ਦੀ ਸਲਾਹ ਦੇ ਰਹੀ ਹੈ, ਦੂਜੇ ਪਾਸੇ ਉਨ੍ਹਾਂ ਸੂਬਿਆਂ ਦੀਆਂ ਸੀਟਾਂ ਘਟਾ ਰਹੀ ਹੈ, ਜਿੱਥੇ ਅਬਾਦੀ ਘੱਟ ਰਹੀ ਹੈ, ਇਸ ਦਾ ਮਤਲਬ ਕਿ ਭਾਜਪਾ ਖੁਦ ਹੀ ਆਪਣੀ ਨੀਤੀ ਤੇ ਨਹੀਂ ਚੱਲ ਰਹੀ।
ਉਨ੍ਹਾਂ ਕਿਹਾ ਕਿ ਜੇ ਅਬਾਦੀ ਦੇ ਹਿਸਾਬ ਨਾਲ ਸੀਟਾਂ ਵਧਾਈਆਂ ਘਟਾਈਆ ਜਾਣਗੀਆਂ ਤਾਂ, ਇਸ ਦਾ ਸਿੱਧਾ ਅਸਰ ਪੰਜਾਬ ਤੇ ਵੀ ਪਵੇਗਾ।
ਭਗਵੰਤ ਮਾਨ ਨੇ ਸਪੱਸ਼ਟ ਕੀਤਾ ਕਿ ਪੰਜਾਬ ਦੇ ਅੰਦਰ ਆਬਾਦੀ ਦੇ ਹਿਸਾਬ ਨਾਲ ਇੱਕ ਜਾਂ ਫਿਰ ਦੋ ਸੀਟਾਂ ਵਧਾਈਆਂ ਜਾ ਸਕਦੀਆਂ ਹਨ, ਪਰ ਇਹ ਉਸ ਅਨੁਪਾਤ ਵਿੱਚ ਨਹੀਂ ਹੋਵੇਗਾ, ਜਿੰਨਾ ਇਹ ਦੂਜਿਆਂ ਸੂਬਿਆਂ ਵਿੱਚ ਵਧੇਗਾ।