Punjab News: ਭਗਵੰਤ ਮਾਨ ਨੇ ਇਨਾਂ ਮੁਲਾਜ਼ਮਾਂ ਦੀ ਉਮਰ ਹੱਦ ਵਧਾਉਣ ਬਾਰੇ ਕੀਤਾ ਵੱਡਾ ਐਲਾਨ
ਪੰਜਾਬ ਨੈਟਵਰਕ, ਚੰਡੀਗੜ੍ਹ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਬਾਰੇ ਇੱਕ ਹੋਰ ਵੱਡਾ ਐਲਾਨ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਜਿਹੜੇ ਮੁਲਾਜ਼ਮ ਉਮਰ ਦੀ ਹੱਦ ਲੰਘਾ ਚੁੱਕੇ ਹਨ ਅਤੇ ਉਹਨਾਂ ਨੂੰ ਪੱਕਾ ਨਹੀਂ ਕੀਤਾ ਜਾ ਸਕਿਆ, ਉਹਨਾਂ ਵਾਸਤੇ ਸਾਡੀ ਸਰਕਾਰ ਜਲਦ ਹੀ ਇੱਕ ਨਵਾਂ ਨਿਯਮ ਲਾਗੂ ਕਰਕੇ ਹੁਕਮ ਜਾਰੀ ਕਰੇਗੀ।
ਜਿਸ ਦੇ ਤਹਿਤ ਹੁਣ ਉਮਰ ਦੀ ਹੱਦ ਵਧਾ ਕੇ ਜਿਹੜੇ ਮੁਲਾਜ਼ਮ ਕੱਚੇ ਹਨ, ਉਹਨਾਂ ਨੂੰ ਪੱਕਾ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਕਿਸੇ ਵੀ ਮੁਲਾਜ਼ਮ ਦਾ ਚੁੱਲਾ ਠੰਡਾ ਨਹੀਂ ਪੈਣ ਦਿੱਤਾ ਜਾਵੇਗਾ। ਹਰ ਮੁਲਾਜ਼ਮ ਦੇ ਪੱਖ ਵਿੱਚ ਸਾਡੀ ਸਰਕਾਰ ਕੰਮ ਕਰ ਰਹੀ ਹੈ ਅਤੇ ਅੱਗੇ ਵੀ ਕਰਦੀ ਰਹੇਗੀ।
ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਪੱਧਰ ‘ਤੇ ਪੰਜਾਬ ਦੇ ਅੰਦਰ ਵੱਖ-ਵੱਖ ਵਿਭਾਗਾਂ ਦੇ ਵਿੱਚ ਭਰਤੀਆਂ ਕੀਤੀਆਂ ਜਾਣਗੀਆਂ।
ਇੱਥੇ ਜ਼ਿਕਰ ਕਰਨਾ ਬਣਦਾ ਹੈ ਕਿ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਵੱਲੋਂ ਵੀ ਕਰੀਬ 10 ਹਜਾਰ ਹੋਰ ਅਧਿਆਪਕਾਂ ਦੀ ਭਰਤੀ ਕਰਨ ਬਾਰੇ ਐਲਾਨ ਕੀਤਾ ਜਾ ਚੁੱਕਿਆ ਹੈ। ਪਰ ਉਸ ਬਾਰੇ ਹਾਲੇ ਤੱਕ ਕੋਈ ਨੋਟੀਫਿਕੇਸ਼ਨ ਵਗੈਰਾ ਨਹੀਂ ਜਾਰੀ ਹੋਇਆ।
ਦੱਸ ਦਈਏ ਕਿ ਅੱਜ ਭਗਵੰਤ ਮਾਨ ਲੁਧਿਆਣਾ ਵਿਖੇ ਇੱਕ ਰੈਲੀ ਨੂੰ ਸੰਬੋਧਨ ਕਰ ਰਹੇ ਸੀ, ਤਾਂ ਇਸੇ ਦੌਰਾਨ ਹੀ, ਉੱਥੇ ਕੱਚੇ ਮੁਲਾਜ਼ਮ ਪਹੁੰਚ ਗਏ। ਜਿਨਾਂ ਦੇ ਵੱਲੋਂ ਸਿੱਧੇ ਹੀ ਮੁੱਖ ਮੰਤਰੀ ਨੂੰ ਸਵਾਲ ਕੀਤੇ ਗਏ ਕਿ ਉਹਨਾਂ ਨੂੰ ਸਰਕਾਰ ਦੇ ਵਾਅਦੇ ਮੁਤਾਬਕ, ਪੱਕਿਆਂ (ਰੈਗੂਲਰ) ਨਹੀਂ ਕੀਤਾ ਜਾ ਰਿਹਾ। ਮੁੱਖ ਮੰਤਰੀ ਨੇ ਇਹਨਾਂ ਮੁਲਾਜ਼ਮਾਂ ਦੀ ਗੱਲ ਸੁਣਦਿਆਂ ਸਾਰ ਹੀ ਕਿਹਾ ਕਿ ਉਨ੍ਹਾਂ ਨੂੰ ਜਲਦ ਪੱਕੀ ਨੌਕਰੀ ਦੇ ਨਿਯੁਕਤੀ ਪੱਤਰ ਸੌਂਪੇ ਜਾਣਗੇ।