ਵੱਡੀ ਖ਼ਬਰ: ਪੰਜਾਬੀ ਨੌਜਵਾਨ ਦੀ ਆਸਟ੍ਰੇਲੀਆ ‘ਚ ਮੌਤ
ਪੰਜਾਬ ਨੈੱਟਵਰਕ, ਚੰਡੀਗੜ੍ਹ
ਪੰਜਾਬ ਦੇ ਕਪੂਰਥਲਾ ਦੇ ਇੱਕ ਨੌਜਵਾਨ ਦੀ ਵਿਦੇਸ਼ ਵਿੱਚ ਮੌਤ ਹੋ ਗਈ। ਆਸਟ੍ਰੇਲੀਆ ਦੇ ਬ੍ਰਿਸਬੇਨ ‘ਚ ਕਪੂਰਥਲਾ ਦੀ ਸੁਲਤਾਨਪੁਰ ਲੋਧੀ ਸਬ-ਡਵੀਜ਼ਨ ਦੇ ਰਹਿਣ ਵਾਲੇ 23 ਸਾਲਾ ਨੌਜਵਾਨ ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ ਹੈ। ਇਹ ਨੌਜਵਾਨ ਕਰੀਬ ਸੱਤ ਸਾਲ ਪਹਿਲਾਂ ਆਸਟ੍ਰੇਲੀਆ ਗਿਆ ਸੀ। ਬੇਟੇ ਦੀ ਮੌਤ ਤੋਂ ਬਾਅਦ ਪਰਿਵਾਰ ਸਦਮੇ ‘ਚ ਹੈ।
ਪਰਿਵਾਰ ਨੇ ਵਿਦੇਸ਼ ਮੰਤਰਾਲੇ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਦਮਨਪ੍ਰੀਤ ਸਿੰਘ (23) ਦੀ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਅਪੀਲ ਕੀਤੀ ਹੈ। ਦਮਨਪ੍ਰੀਤ ਸਿੰਘ ਅਣਵਿਆਹਿਆ ਸੀ ਅਤੇ ਉਸ ਦੀਆਂ ਤਿੰਨ ਭੈਣਾਂ ਅਤੇ ਇੱਕ ਭਰਾ ਹੈ।
ਦਮਨਪ੍ਰੀਤ ਦੇ ਪਿਤਾ ਜਗਜੀਤ ਸਿੰਘ ਵਾਸੀ ਪੰਡੋਰੀ ਮੁਹੱਲਾ ਸੁਲਤਾਨਪੁਰ ਲੋਧੀ ਨੇ ਦੱਸਿਆ ਕਿ ਉਸ ਦੇ ਲੜਕੇ ਦੀ ਲਾਸ਼ 15 ਮਾਰਚ ਨੂੰ ਆਸਟ੍ਰੇਲੀਆ ਦੇ ਬ੍ਰਿਸਬੇਨ ਨਦੀ ‘ਚੋਂ ਮਿਲੀ ਸੀ। ਸੈਂਡਗੇਟ ਪੁਲਸ ਨੇ ਇਸ ਦੀ ਸੂਚਨਾ ਉਥੇ ਰਹਿੰਦੀ ਦਮਨ ਦੀ ਭੈਣ ਅਮਨਦੀਪ ਨੂੰ ਦਿੱਤੀ। ਹੁਣ ਉਸਦੀ ਲਾਸ਼ ਪੁਲਿਸ ਕੋਲ ਹੈ।
ਇਸ ਖਬਰ ਨਾਲ ਪੂਰਾ ਪਰਿਵਾਰ ਸਦਮੇ ‘ਚ ਹੈ। ਉਨ੍ਹਾਂ ਨੇ ਸੰਤ ਸੀਚੇਵਾਲ ਨੂੰ ਬੇਨਤੀ ਕੀਤੀ ਹੈ ਕਿ ਉਹ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਉਨ੍ਹਾਂ ਦੀ ਮਦਦ ਕਰਨ ਤਾਂ ਜੋ ਭਾਰਤੀ ਰੀਤੀ ਰਿਵਾਜ਼ਾਂ ਅਨੁਸਾਰ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ।