ਅਹਿਮ ਖ਼ਬਰ: ਪੰਜਾਬ ਵਿਧਾਨ ਸਭਾ ‘ਚ ਗੂੰਜਿਆ ਪੁਰਾਣੀ ਪੈਨਸ਼ਨ ਦਾ ਮੁੱਦਾ!
ਸੂਬਾ ਸਰਕਾਰ ਪੁਰਾਣੀ ਪੈਨਸ਼ਨ ਬਹਾਲ ਕਰਨ ਵਿੱਚ ਹੋਰ ਦੇਰ ਨਾ ਕਰੇ -ਜਸਵਿੰਦਰ, ਰਿਖੀ
ਪੰਜਾਬ ਨੈੱਟਵਰਕ, ਸੰਦੌੜ/ਮਾਲੇਰਕੋਟਲਾ
ਪੰਜਾਬ ਵਿਧਾਨ ਸਭਾ ਵਿੱਚ ਪੰਜਾਬ ਦੇ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਬਾਰੇ ਬੋਲ ਕੇ ਵਿਧਾਇਕ ਨੱਛਤਰਪਾਲ ਨਵਾਂਸ਼ਹਿਰ ਨੇ ਮੁਲਾਜ਼ਮਾ ਦੀ ਆਵਾਜ਼ ਬਣੇ ਹਨ, ਉਹਨਾਂ ਵੱਲੋਂ ਵਿਧਾਨ ਸਭਾ ਦੇ ਵਿੱਚ ਬੋਲਣ ਕਰਕੇ ਸੂਬੇ ਵਿੱਚ ਇਹ ਮੁੱਦਾ ਫਿਰ ਗਰਮਾ ਗਿਆ ਹੈ।
ਇਸ ਮੁੱਦੇ ਨੂੰ ਵਿਧਾਨ ਸਭਾ ਦੇ ਵਿੱਚ ਚੁੱਕਣ ਤੇ ਵਿਧਾਇਕ ਦਾ ਧੰਨਵਾਦ ਕਰਦਿਆਂ ਮਲਟੀਪਰਪਜ ਹੈਲਥ ਇੰਪਲਾਈਜ ਯੂਨੀਅਨ ਪੰਜਾਬ ਦੇ ਜਰਨਲ ਸਕੱਤਰ ਜਸਵਿੰਦਰ ਸਿੰਘ ਅਤੇ ਸੂਬਾ ਪ੍ਰੈਸ ਸਕੱਤਰ ਰਾਜੇਸ਼ ਰਿਖੀ ਪੰਜਗਰਾਈਆਂ ਨੇ ਕਿਹਾ ਕਿ 18 ਨਵੰਬਰ 2022 ਨੂੰ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵੱਲੋਂ ਮੁਲਾਜ਼ਮਾਂ ਦੀ ਓਲਡ ਪੈਨਸ਼ਨ ਸਕੀਮ ਲਾਗੂ ਕਰਨ ਸਬੰਧੀ ਪੱਤਰ ਜਾਰੀ ਕੀਤਾ ਗਿਆ ਸੀ। ਪਰ ਅਜੇ ਤੱਕ ਮੁੜ ਇਸਨੂੰ ਅਮਲੀ-ਰੂਪ ਨਹੀਂ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਸੂਬੇ ਦੇ ਲੱਖਾਂ ਮੁਲਾਜ਼ਮ ਲੰਮੇ ਸਮੇਂ ਤੋਂ ਇਸ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕੀਤਾ ਜਾਵੇ, ਇਸ ਨਾਲ ਜਿੱਥੇ ਲੱਖਾਂ ਮੁਲਾਜ਼ਮਾਂ ਨੂੰ ਲਾਭ ਹੋਵੇਗਾ ਅਤੇ ਸੂਬੇ ਦੇ ਮੁਲਾਜ਼ਮਾਂ ਦਾ ਸੀ. ਪੀ. ਐਫ ਦਾ ਕੱਟਿਆ ਹੋਇਆ ਪੈਸਾ ਸਰਕਾਰ ਪਾਸ ਆਵੇਗਾ।
ਉਹਨਾਂ ਕਿਹਾ ਕੇ ਪੁਰਾਣੀ ਪੈਨਸ਼ਨ ਨੂੰ ਪਹਿਲਾਂ ਵਾਂਗ ਹੀ ਲਾਗੂ ਕਰਕੇ ਮੁਲਾਜ਼ਮਾਂ ਦੇ ਜੀ.ਪੀ.ਐਫ ਦੇ ਖ਼ਾਤੇ ਖੋਲ੍ਹੇ ਜਾਣ ਤਾਂ ਜੋ ਸੂਬੇ ਦੇ ਮੁਲਾਜ਼ਮਾਂ ਦਾ ਬੁਢਾਪਾ ਸੁਰੱਖਿਅਤ ਹੋ ਸਕੇ।