All Latest NewsNews FlashPunjab News

ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਵੱਡਾ ਦਾਅਵਾ! 230 ਬੱਸਾਂ ਦਾ ਲਾਭ ਲੈ ਰਹੇ 12 ਹਜ਼ਾਰ ਤੋਂ ਵੱਧ ਵਿਦਿਆਰਥੀ

 

ਪੰਜਾਬ ਨੈੱਟਵਰਕ, ਚੰਡੀਗੜ੍ਹ

ਸੂਬੇ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ‘ਸਿੱਖਿਆ ਤੱਕ ਸਫ਼ਰ’ ਨੂੰ ਹੋਰ ਆਸਾਨ ਬਣਾਉਣ ਦੀ ਦਿਸ਼ਾ ਵਿੱਚ ਅਹਿਮ ਕਦਮ ਚੁੱਕਦਿਆਂ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ 31 ਸੀਟਾਂ ਵਾਲੀ ਨਵੀਂ ਬੱਸ ਰੋਪੜ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਸੁਖਸਾਲ ਦੇ ਬੱਚਿਆਂ ਨੂੰ ਸਮਰਪਿਤ ਕੀਤੀ।

ਐਸ.ਐਮ.ਐਲ. ਇਸੂਜ਼ੂ ਦੇ ਮੁੱਖ ਵਿੱਤੀ ਅਧਿਕਾਰੀ (ਸੀ.ਐਫ.ਓ.) ਰਾਕੇਸ਼ ਭੱਲਾ ਵੱਲੋਂ ਕੰਪਨੀ ਦੀ ਕਾਰਪੋਰੇਟ ਸੋਸ਼ਲ ਰਿਸਪਾਂਸਬਿਲਿਟੀ (ਸੀ.ਐਸ.ਆਰ.) ਪਹਿਲਕਦਮੀ ਦੇ ਹਿੱਸੇ ਵਜੋਂ ਸਕੂਲ ਸਿੱਖਿਆ ਵਿਭਾਗ ਨੂੰ ਨਵੀਂ ਬੱਸ ਭੇਟ ਕੀਤੀ ਗਈ ਹੈ।

ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਨੇਕ ਉਪਰਾਲਾ ਸਕੂਲੀ ਵਿਦਿਆਰਥੀਆਂ ਦੀ ਆਵਾਜਾਈ ਨੂੰ ਸੁਖਾਲਾ ਕਰੇਗਾ, ਜਿਸ ਨਾਲ ਸਾਰੇ ਵਿਦਿਆਰਥੀਆਂ ਲਈ ਸਕੂਲ ਤੱਕ ਸੁਰੱਖਿਅਤ ਅਤੇ ਆਰਾਮਦਾਇਕ ਯਾਤਰਾ ਯਕੀਨੀ ਬਣਾਈ ਜਾ ਸਕੇਗੀ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਕੂਲ ਸਿੱਖਿਆ ਦੇ ਮਿਆਰ ਨੂੰ ਵਿਸ਼ਵ ਪੱਧਰੀ ਬਣਾਉਣ ਦੀ ਵਚਨਬੱਧਤਾ ਦਹੁਰਾਉਂਦਿਆਂ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸਕੂਲ ਸਿੱਖਿਆ ਵਿਭਾਗ ਕੋਲ ਪਹਿਲਾਂ ਹੀ 230 ਬੱਸਾਂ ਹਨ ਅਤੇ 12,000 ਤੋਂ ਵੱਧ ਸਰਕਾਰੀ ਸਕੂਲੀ ਵਿਦਿਆਰਥੀ ਇਸ ਆਵਾਜਾਈ ਸਹੂਲਤ ਦਾ ਲਾਭ ਲੈ ਰਹੇ ਹਨ। ਇਹ ਕਦਮ ਸਾਰੇ ਵਿਦਿਆਰਥੀਆਂ ਦੀ ਮਿਆਰੀ ਸਿੱਖਿਆ ਤੱਕ ਆਸਾਨ ਪਹੁੰਚ ਯਕੀਨੀ ਬਣਾਉਣ ਪ੍ਰਤੀ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਉਨ੍ਹਾਂ ਕਿਹਾ ਕਿ ਇਹ ਬੱਸ ਵਿਦਿਆਰਥੀਆਂ ਦੀ ਸਕੂਲ ਤੱਕ ਪਹੁੰਚ, ਪਾਠਕ੍ਰਮ ਤੋਂ ਬਾਹਰਲੀਆਂ ਗਤੀਵਿਧੀਆਂ ਅਤੇ ਵਿਦਿਅਕ ਸੈਰ-ਸਪਾਟੇ ਨੂੰ ਸੁਚਾਰੂ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਏਗੀ।

ਉਨ੍ਹਾਂ ਅੱਗੇ ਕਿਹਾ ਕਿ ਆਵਾਜਾਈ ਦਾ ਇਹ ਨਵਾਂ ਸਾਧਨ ਇਹ ਯਕੀਨੀ ਬਣਾਏਗਾ ਕਿ ਵਿਦਿਆਰਥੀ ਸਿੱਖਣ ਦੇ ਬਿਹਤਰ ਅਨੁਭਵਾਂ ਵਿੱਚ ਆਸਾਨੀ ਨਾਲ ਹਿੱਸਾ ਲੈ ਸਕਣ, ਜਿਸ ਨਾਲ ਸਿੱਖਣ ਦੇ ਵਧੇਰੇ ਅਨੁਕੂਲ ਮਾਹੌਲ ਨੂੰ ਹੁਲਾਰਾ ਮਿਲੇਗਾ।

ਸਕੂਲ ਲਈ ਨਵੀਂ ਬੱਸ ਪ੍ਰਾਪਤ ਕਰਨ ‘ਤੇ ਖੁਸ਼ੀ ਪ੍ਰਗਟ ਕਰਦਿਆਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਸੁਖਸਾਲ ਦੇ ਪ੍ਰਿੰਸੀਪਲ ਗੁਰਦੀਪ ਕੁਮਾਰ ਸ਼ਰਮਾ ਨੇ ਸਰਕਾਰੀ ਸਕੂਲਾਂ ਵਿੱਚ ਮਿਆਰੀ ਸਿੱਖਿਆ ਯਕੀਨੀ ਬਣਾਉਣ ਸਬੰਧੀ ਸਿੱਖਿਆ ਮੰਤਰੀ ਦੇ ਅਣਥੱਕ ਯਤਨਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਨਵੀਂ ਬੱਸ ਦੀ ਮਹੱਤਤਾ ਅਤੇ ਵਿਦਿਆਰਥੀਆਂ ‘ਤੇ ਇਸ ਦੇ ਸਕਾਰਾਤਮਕ ਪ੍ਰਭਾਵ ਬਾਰੇ ਵੀ ਚਾਨਣਾ ਪਾਇਆ।

ਇਸ ਮੌਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ, ਸਕੂਲ ਸਿੱਖਿਆ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ, ਐਸ.ਐਮ.ਐਲ. ਇਸੂਜ਼ੂ ਦੇ ਸਕੱਤਰ ਸ੍ਰੀ ਪਰਵੇਸ਼ ਮਦਾਨ ਅਤੇ ਮੁੱਖ ਪ੍ਰਬੰਧਕ ਵਿਵੇਕ ਚਾਨਣਾ ਵੀ ਮੌਜੂਦ ਸਨ।

 

Leave a Reply

Your email address will not be published. Required fields are marked *